ਨੌਜਵਾਨ ਦੀ ਮੌਤ ਤੋਂ ਬਾਅਦ ਕਿਸਾਨ ਆਗੂਆਂ ਦਾ ਐਲਾਨ, ਅਗਲੇ 2 ਦਿਨ ਦਿੱਲੀ ਕੂਚ ਨਹੀਂ ਕਰਨਗੇ ਕਿਸਾਨ

ਸੰਭੂ ਬਾਰਡਰ, 21 ਫਰਵਰੀ : ਕਿਸਾਨਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਸੀ। ਜਿਸ ਨੂੰ ਲੈ ਕੇ ਕਿਸਾਨ ਲੀਡਰ ਅੱਗੇ ਵਧੇ ਤਾਂ ਖੌਨਰੀ ਪੁਲਿਸ ਦੀ ਗੋਲੀ ਲੱਗਣ ਕਾਰਨ ਇੱਕ 22 ਸਾਲ ਦਾ ਨੌਜਵਾਨ ਸ਼ਹੀਦ ਹੋ ਗਿਆ। ਜਿਸ ਤੋਂ ਬਾਅਦ ਕਿਸਾਨ ਆਗੂਆਂ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਪ੍ਰੈੱਸ ਕਾਨਫਰੰਸ ਕਰਦਿਆਂ ਕਿਸਾਨ ਆਗੂਆਂ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਦਿੱਲੀ ਕੂਚ ਨੂੰ 2 ਦਿਨਾਂ ਲਈ ਟਾਲ ਦਿੱਤਾ ਗਿਆ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅਗਲੇ 2 ਦਿਨ ਸ਼ਾਂਤੀ ਰਹੇਗੀ। ਦਿੱਲੀ ਕੂਚ ਨੂੰ ਦੋ ਦਿਨਾਂ ਲਈ ਟਾਲ ਦਿੱਤਾ ਗਿਆ ਹੈ ਪਰ ਕਿਸਾਨਾਂ ਦਾ ਮੋਰਚਾ ਜਾਰੀ ਰਹੇਗਾ। ਕਿਸਾਨ ਆਗੂ ਪੰਧੇਰ ਨੇ ਕਿਹਾ ਕਿ ਖਨੌਰੀ ਬਾਰਡਰ ਦੀ ਘਟਨਾ ਦਾ ਵੀ ਜਾਇਜ਼ਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਖਨੌਰੀ ਬਾਰਡਰ ‘ਤੇ ਵੱਡਾ ਨੁਕਸਾਨ ਹੋਇਆ ਹੈ। ਇਥੇ ਇਕ 22 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਨਾਲ ਹੀ 3 ਨੌਜਵਾਨ ਗੰਭੀਰ ਜ਼ਖਮੀ ਹਨ। ਜਾਣਕਾਰੀ ਦਿੰਦਿਆਂ ਕਿਸਾਨ ਆਗੂ ਨੇ ਕਿਹਾ ਕਿ ਸਵੇਰੇ ਹੀ ਫੈਸਲਾ ਲੈ ਲਿਆ ਗਿਆ ਸੀ ਕਿ ਸਾਡੇ ਸੀਨੀਅਰ ਆਗੂ ਹੀ ਦਿੱਲੀ ਕੂਚ ਵੇਲੇ ਅੱਗੇ ਜਾਣਗੇ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਇਸ ਅੰਦੋਲਨ ਵਿਚ ਕਿਸੇ ਨੌਜਵਾਨ ਦੀ ਜਾਨ ਚਲੀ ਜਾਵੇ। ਦੱਸ ਦੇਈਏ ਕਿ ਕਿਸਾਨ ਸ਼ੰਭੂ ਅਤੇ ਖਨੌਰੀ ਦੋਵੇਂ ਬਾਰਡਰਾਂ ਉਤੇ ਡਟੇ ਹੋਏ ਹਨ ਤੇ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਹਰ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਰਿਆਣਾ ਪੁਲਿਸ ਨਿਹੱਥੇ ਕਿਸਾਨਾਂ 'ਤੇ ਵਾਰ ਕੀਤਾ ਜਾ ਰਿਹਾ। ਉਨ੍ਹਾਂ ਦੇ ਟਰੈਕਟਰ-ਟਰਾਲੀਆਂ, ਗੱਡੀਆਂ ਭੰਨੀਆਂ ਜਾ ਰਹੀਆਂ ਹਨ। ਇੱਥੋਂ ਤੱਕ ਕੇ ਪੰਜਾਬ ਦੀ ਸਰਹੱਦ ਅੰਦਰ ਦਾਖਲ ਹੋ ਕੇ ਕਿਸਾਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਜਾ ਰਿਹਾ ਹੈ। ਜਿਸ ਨੂੰ ਲੈ ਕੇ ਹੁਣ ਕਿਸਾਨ ਆਗੂਆਂ ਵੱਲੋਂ ਅਗਲੇ ਫੈਸਲੇ ਬਾਰੇ 2 ਦਿਨ ਤੱਕ ਵਿਚਾਰ ਕੀਤੀ ਜਾਵੇਗੀ।