ਪੰਜਾਬ 'ਚ ਆਪ ਇਕੱਲੇ ਲੜੇਗੀ 13 ਸੀਟਾਂ 'ਤੇ ਚੋਣ, ‘ਆਪ’ ਗਠਜੋੜ I.N.D.I.A. ਦੀ ਮੀਟਿੰਗ ‘ਚ ਵੀ ਇਸ ਫੈਸਲੇ ਨੂੰ ਕਰੇਗੀ ਪੇਸ਼

ਚੰਡੀਗੜ੍ਹ, 24 ਜਨਵਰੀ : ਆਮ ਆਦਮੀ ਪਾਰਟੀ (ਆਪ) ਪੰਜਾਬ ਦੀਆਂ ਸਾਰੀਆਂ 13 ਸੀਟਾਂ ‘ਤੇ ਇਕੱਲਿਆਂ ਹੀ ਲੋਕ ਸਭਾ ਚੋਣਾਂ ਲੜੇਗੀ। ‘ਆਪ’ ਨੇ ਇਸ ਲਈ ਅੰਦਰੂਨੀ ਤੌਰ ‘ਤੇ ਪੂਰੀ ਤਿਆਰੀ ਕਰ ਲਈ ਹੈ। 13 ਲੋਕ ਸਭਾ ਸੀਟਾਂ ਲਈ 40 ਨਾਵਾਂ ਦੀ ਸੂਚੀ ਵੀ ਤਿਆਰ ਕੀਤੀ ਗਈ ਹੈ। ਕੁਝ ਸੀਟਾਂ ‘ਤੇ 2 ਵਿਕਲਪ ਹਨ ਅਤੇ ਕੁਝ ਸੀਟਾਂ ‘ਤੇ 4 ਵਿਕਲਪ ਹਨ। ਸੂਤਰਾਂ ਅਨੁਸਾਰ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੁਝ ਦਿਨ ਪਹਿਲਾਂ ਦਿੱਲੀ ਵਿੱਚ ਹੋਈ ਮੀਟਿੰਗ ਵਿੱਚ ਇਸ ਫੈਸਲੇ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਮੀਟਿੰਗ ਵਿੱਚ ‘ਆਪ’ ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈ ਸੀਨੀਅਰ ਆਗੂ ਮੌਜੂਦ ਸਨ। ‘ਆਪ’ ਵਿਰੋਧੀ ਪਾਰਟੀਆਂ ਦੇ ਗਠਜੋੜ I.N.D.I.A. ਦੀ ਮੀਟਿੰਗ ‘ਚ ਵੀ ਇਸ ਫੈਸਲੇ ਨੂੰ ਪੇਸ਼ ਕਰੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ 13-0 ਨਾਲ ਜਿੱਤਣ ਦੀ ਗੱਲ ਕਰ ਚੁੱਕੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ  ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਸੀਐਮ ਭਗਵੰਤ ਮਾਨ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਸੰਦੀਪ ਪਠਾਕ ਦੇ ਨਾਲ ਬੰਦ ਕਮਰਾ ਮੀਟਿੰਗ ਕੀਤੀ ਸੀ। ਜਿਸ ਵਿੱਚ ਤੈਅ ਹੋਇਆ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ 13 ਸੀਟਾਂ 'ਤੇ ਚੋਣ ਲੜੇਗੀ। ਕੇਜਰੀਵਾਲ ਨੇ ਆਪਣੇ ਲੀਡਰਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਲੋਕ ਸਭਾ ਸੀਟਾਂ ਦੇ ਲਈ 39 ਚਿਹਰਿਆਂ ਦੀ ਭਾਲ ਕੀਤੀ ਹੈ ਜਿਹਨਾਂ 'ਚੋਂ ਹੁਣ 13 ਉਮੀਦਵਾਰ ਚੁਣੇ ਜਾਣਗੇ। ਆਮ ਆਦਮੀ ਪਾਰਟੀ ਇਹਨਾਂ ਚੋਣਾਂ ਵਿੱਚ ਨੌਜਵਾਨਾਂ ਅਤੇ ਮਹਿਲਾਵਾਂ ਨੂੰ ਤਵੱਜੋ ਦੇਵੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਇਕੱਲੇ ਚੋਣ ਲੜਨ ਦੀ ਲਗਾਤਾਰ ਗੱਲ ਹਾਈਕਮਾਨ ਅੱਗੇ ਰੱਖ ਚੁੱਕੇ ਹਨ। ਜਿਸ 'ਤੇ ਆਮ ਆਦਮੀ ਪਾਰਟੀ ਨੇ ਸਹਿਮਤੀ ਜਤਾ ਦਿੱਤੀ ਹੈ। ਇਸ ਤੋਂ ਇਲਾਵ ਸੀਐਮ ਭਗਵੰਤ ਮਾਨ ਤਾਂ ਬਿਆਨ ਵੀ ਦੇ ਚੁੱਕੇ ਹਨ ਕਿ ਇਸ ਵਾਰ ਪੰਜਾਬ 'ਚ ਆਮ ਆਦਮੀ ਪਾਰਟੀ 13-0, ਆਪ 13 ਸਿੱਟਾਂ 'ਤੇ ਜਿੱਤ ਹਾਸਲ ਕਰਨ ਜਾ ਰਹੀ ਹੈ। ਮੌਜੂਦਾ ਸਮੇਂ ਲੋਕ ਸਭਾ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਹੀ ਸਾਂਸਦ ਮੈਂਬਰ ਹੈ, ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਨੇ ਪਿਛਲੇ ਸਾਲ ਜ਼ਿਮਨੀ ਚੋਣ ਜਿੱਤ ਕੇ ਲੋਕ ਸਭਾ 'ਚ ਪਹੁੰਚ ਕੀਤੀ ਸੀ। ਹੁਣ ਖ਼ਬਰ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਸੁਸ਼ੀਲ ਰਿੰਕੂ ਨੂੰ ਜਲੰਧਰ ਤੋਂ ਹੀ ਉਮੀਦਵਾਰ ਬਣਾ ਰਹੀ ਹੈ। ਇਸ ਤੋਂ ਇਲਾਵਾ ਆਪ ਪੰਜਾਬ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੂੰ ਹਾਈਕਮਾਨ ਸ੍ਰੀ ਆਨੰਦਪੁਰ ਸਾਹਿਬ ਤੋਂ ਚੋਣ ਲੜਾ ਸਕਦੀ ਹੈ।

ਪੰਜਾਬ ਕਾਂਗਰਸ ਦੇ ਲੀਡਰ ਵੀ ਸੂਬੇ ਵਿੱਚ ਸੱਤਾਧਿਰ ਪਾਰਟੀ ਆਪ ਨਾਲ ਗਠਜੋੜ ਨਹੀਂ ਕਰਨਾ ਚਾਹੁੰਦੇ 
ਓਧਰ ਪੰਜਾਬ ਕਾਂਗਰਸ ਦੇ ਲੀਡਰ ਵੀ ਸੂਬੇ ਵਿੱਚ ਸੱਤਾਧਿਰ ਪਾਰਟੀ ਆਪ ਨਾਲ ਗਠਜੋੜ ਨਹੀਂ ਕਰਨਾ ਚਾਹੁੰਦੇ ਹਨ। ਹੁਣ ਦੇਖਣਾ ਹੋਵੇਗਾ ਕਿ ਲੋਕ ਸਭਾ ਚੋਣਾਂ ਵਿੱਚ ਵੀ ਆਪ ਤੇ ਕਾਂਗਰਸ ਚੰਡੀਗੜ੍ਹ ਵਿੱਚ ਗਠਜੋੜ ਤਹਿਤ ਚੋਣ ਲੜਦੇ ਹਨ ਜਾਂ ਨਹੀਂ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਹਾਈਕਮਾਨ ਅੱਗੇ ਵਾਰ ਵਾਰ ਆਪਣੀ ਮੰਗ ਰੱਖ ਚੁੱਕੇ ਹਨ ਕਿ ਸਾਨੂੰ ਪੰਜਾਬ 'ਚ ਗਠਜੋੜ ਨਹੀਂ ਚਾਹੀਦਾ ਹੈ। ਅਸੀਂ ਆਪਣੇ ਦਮ 'ਤੇ ਸਾਰੀਆਂ ਚੋਣਾਂ ਲੜਾਂਗੇ। ਪਰ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਚੰਡੀਗੜ੍ਹ ਵਿੱਚ ਗਠਜੋੜ ਕੀਤਾ ਹੋਇਆ ਹੈ। ਮੇਅਰ ਦੀ ਚੋਣ ਨੂੰ ਲੈ ਕੇ ਆਪ ਤੇ ਕਾਂਗਰਸ ਇੱਥੇ ਇੱਕ ਹਨ।