42.36 ਕਿਲੋ ਹੈਰੋਇਨ, 18 ਕਿਲੋ ਅਫੀਮ, 12 ਕਿਲੋ ਗਾਂਜਾ, 9 ਕੁਇੰਟਲ ਭੁੱਕੀ ਅਤੇ 14.80 ਲੱਖ ਦੀ ਡਰੱਗ ਮਨੀ ਬਰਾਮਦ ਕੀਤੀ ਹੈ : ਗਿੱਲ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸ਼ੁਰੂ ਕੀਤੀ ਨਸ਼ਿਆਂ ਵਿਰੁੱਧ ਜੰਗ ਦੌਰਾਨ, ਪੰਜਾਬ ਪੁਲਿਸ ਨੇ ਪਿਛਲੇ ਦੋ ਹਫ਼ਤਿਆਂ ਵਿੱਚ ਸੂਬੇ ਭਰ ‘ਚੋਂ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐੱਨ.ਡੀ.ਪੀ.ਐੱਸ.) ਤਹਿਤ 42 ਵਪਾਰਕ ਮਾਮਲਿਆਂ ਸਮੇਤ 406 ਐੱਫ.ਆਈ.ਆਰਜ਼ ਦਰਜ ਕਰਕੇ 513 ਨਸ਼ਾ ਤਸਕਰਾਂ/ਸਪਲਾਇਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੁਲਿਸ ਨੇ 42.36 ਕਿਲੋ ਹੈਰੋਇਨ, 18 ਕਿਲੋ ਅਫੀਮ, 12 ਕਿਲੋ ਗਾਂਜਾ, 9 ਕੁਇੰਟਲ ਭੁੱਕੀ ਅਤੇ ਫਾਰਮਾ ਓਪੀਓਡਜ਼ ਦੀਆਂ 74 ਹਜ਼ਾਰ ਗੋਲੀਆਂ/ਕੈਪਸੂਲ/ਟੀਕੇ/ਸ਼ੀਸ਼ੀਆਂ ਬਰਾਮਦ ਕਰਨ ਤੋਂ ਇਲਾਵਾ ਉਨ੍ਹਾਂ ਦੇ ਕਬਜ਼ੇ 'ਚੋਂ 14.80 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਉਨ੍ਹਾਂ ਕਿਹਾ ਕਿ 5 ਜੁਲਾਈ, 2022 ਨੂੰ ਭਗੌੜਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ ਤਹਿਤ ਪਿਛਲੇ ਦੋ ਹਫ਼ਤਿਆਂ ਵਿੱਚ ਐਨਡੀਪੀਐਸ ਕੇਸਾਂ ਵਿੱਚ 46 ਹੋਰ ਭਗੌੜੇ ਗ੍ਰਿਫ਼ਤਾਰ ਕੀਤੇ ਜਾਣ ਨਾਲ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 429 ਹੋ ਗਈ ਹੈ। ਦੱਸਣਯੋਗ ਹੈ ਕਿ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਸਨ ਕਿ ਉਹ ਹਰੇਕ ਮਾਮਲੇ ਖਾਸ ਤੌਰ 'ਤੇ ਡਰੱਗ ਰਿਕਵਰੀ ਨਾਲ ਸਬੰਧਤ ਮਾਮਲਿਆਂ ਵਿੱਚ ਅਗਲੇ-ਪਿਛਲੇ ਸਬੰਧਾਂ ਦੀ ਬਾਰੀਕੀ ਨਾਲ ਜਾਂਚ ਕਰਨ, ਭਾਵੇਂ ਇਹ ਨਸ਼ੇ ਦੀ ਮਾਮੂਲੀ ਮਾਤਰਾ ਦੀ ਬਰਾਮਦੀ ਹੀ ਹੋਵੇ। ਜ਼ਿਕਰਯੋਗ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਪੁਲਿਸ ਵੱਲੋਂ ਸਰਹੱਦੀ ਸੂਬੇ ਪੰਜਾਬ ਤੋਂ ਨਸ਼ਿਆਂ ਦੀ ਅਲਾਮਤ ਨੂੰ ਨੱਥ ਪਾਉਣ ਲਈ ਵਿਆਪਕ ਨਸ਼ਾ ਵਿਰੋਧੀ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਡੀਜੀਪੀ ਵੱਲੋਂ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਸਾਰੇ ਨਾਮੀ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਅਤੇ ਆਪਣੇ ਅਧਿਕਾਰ ਖੇਤਰਾਂ ਵਿੱਚ ਨਸ਼ਾ ਤਸਕਰੀ ਵਾਲੇ ਸੰਵੇਦਨਸ਼ੀਲ ਸਥਾਨਾਂ ਦੀ ਸ਼ਨਾਖਤ ਦੇ ਸਖ਼ਤ ਹੁਕਮ ਦਿੱਤੇ ਗਏ ਹਨ। ਉਹਨਾਂ ਪੁਲਿਸ ਮੁਖੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਫੜੇ ਗਏ ਸਾਰੇ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇ ਤਾਂ ਜੋ ਉਹਨਾਂ ਤੋਂ ਨਜਾਇਜ਼ ਰਾਸ਼ੀ ਬਰਾਮਦ ਕੀਤੀ ਜਾ ਸਕੇ।