1947 ਦੇ ਵਿਛੜੇ ਭੈਣ ਭਰਾ 76 ਸਾਲਾਂ ਬਾਅਦ ਮਿਲੇ, ਭੈਣ ਨੇ ਭਰਾ ਦੇ ਗੁੱਟ ਤੇ ਬੰਨੀ ਰੱਖੜੀ

ਡੇਰਾ ਬਾਬਾ ਨਾਨਕ, 07 ਅਗਸਤ : 1947 ‘ਚ ਭਾਰਤ– ਪਾਕਿਸਤਾਨ ਦੀ ਵੰਡ ਹੀ ਨਹੀਂ ਹੋਈ ਸਗੋਂ ਪਰਿਵਾਰਿਕ ਰਿਸ਼ਤਿਆਂ ਦੇ ਵੀ ਕਈ ਟੁੱਕੜੇ ਹੋਏ ਅਤੇ ਕਈਆਂ ਨੂੰ ਜਾਨਾਂ ਵੀ ਗੁਵਾਉਣੀਆਂ ਪਈਆਂ। ਅੱਜ ਵੀ ਜਦੋਂ ਭਾਰਤ ਜਾਂ ਪਾਕਿਸਤਾਨ ‘ਚ ਬੈਠੇ ਕਿਸੇ ਬਜ਼ੁਰਗ ਨੂੰ ਆਪਣੇ ਪਰਿਵਾਰਿਕ ਮੈਂਬਰਾਂ ਦੇ ਜਿਉਂਦੇ ਹੋਣ ਬਾਰੇ ਪਤਾ ਲੱਗਾਦਾ ਹੈ ਤਾਂ ਆਪਣੀ ਮਿਲਣ ਦੀ ਤਾਂਘ ਹੋਰ ਵੀ ਵਧ ਜਾਂਦੀ ਹੈ। ਜਦੋਂ ਤੋਂ ਭਾਰਤ – ਪਾਕਿਸਤਾਨ ਦੀਆਂ ਸਰਕਾਰਾਂ ਵੱਲੋਂ ਇੱਕ ਸਾਂਝਾ ਫੈਸਲਾ ਲੈਂਦਿਆਂ ਭਾਰਤੀਆਂ ਲਈ ਸਿੱਖਾਂ ਦੇ ਮੋਢੀ ਗੁਰੁ ਪਹਿਲੀ ਪਾਤਸ਼ਾਹੀ ਸ੍ਰੀ ਗੁਰੁ ਨਾਨਕ ਦੇਵ ਜੀ ਦੀ ਕਰਮਭੂਮੀ ਸ੍ਰੀ ਕਰਤਾਰਪੁਰ ਸਾਹਿਬ ਜੀ ਲਈ ਦਰਵਾਜੇ ਖੋਲ੍ਹੇ ਹਨ, ਉਸ ਸਮੇਂ ਤੋਂ ਅਨੇਕਾਂ ਪਰਿਵਾਰ ਵੰਡ ਸਮੇਂ ਇੱਧਰ-ਉੱਧਰ ਰਹਿ ਗਏ ਭੈਣ-ਭਰਾਵਾਂ ਨੂੰ ਮਿਲ ਚੁੱਕੇ ਹਨ। ਬੀਤੇ ਦਿਨੀਂ ਇੱਕ ਹੋਰ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ 76 ਸਾਲਾਂ ਬਾਅਦ ਭੈਣ-ਭਰਾ ਨੇ ਗਲਵੱਕੜੀ ਪਾਈ ਤੇ ਜਿਸ ਨੂੰ ਦੇਖ ਹਰ ਇੱਕ ਇਨਸਾਨ ਦੀਆਂ ਅੱਖਾਂ ਵਿੱਚੋਂ ਅੱਥਰੂ ਵਹਿ ਤੁਰੇ। ਪਾਕਿਸਤਾਨ ਦੇ ਯੂਟਿਊਬਰ ਨਾਸਿਰ ਢਿੱਲੋਂ ਦੇ ਸਹਿਯੋਗ ਸਦਕਾ ਪਾਕਿਸਤਾਨ ਦੇ ਸੇਖੂਪੁਰਾ ‘ਚ ਰਹਿਣ ਵਾਲੀ ਸਕੀਨਾ ਬੀਬੀ ਆਪਣੇ ਭਾਰਤ ਰਹਿੰਦੇ ਭਰਾ ਗੁਰਮੇਲ ਸਿੰਘ ਨੂੰ 76 ਸਾਲਾਂ ਬਾਅਦ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮਿਲੇ। 1947 ਦੀ ਵੰਡ ਸਮੇਂ ਸਕੀਨਾ ਬੀਬੀ ਦੀ ਮਾਂ ਲੁਧਿਆਣਾ ਦੇ ਨੂਰਪੁਰ ਪਿੰਡ ਵਿੱਚ ਰਹਿੰਦੀ ਸੀ, ਮਾਂ ਦਾ ਨਾਂ ਕਰਮਾਤੇ ਬੀਬੀ ਸੀ, ਸਕੀਨਾ ਬੀਬੀ ਦੀ ਮਾਂ ਨੂੰ ਅਗਵਾ ਕਰ ਲਿਆ ਗਿਆ ਸੀ ਅਤੇ ਬਾਕੀ ਪਰਿਵਾਰ ਪਾਕਿਸਤਾਨ ਆ ਗਿਆ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਇੱਕ ਸਮਝੌਤਾ ਕਰਲਿਆ ਸੀ ਕਿ ਜੋ ਲਾਪਤਾ ਹੋਏ ਹਨ, ਉਨ੍ਹਾਂ ਨੂੰ ਇੱਕ ਦੂਜੇ ਦੇ ਦੇਸ਼ ਵਿੱਚ ਵਾਪਸ ਭੇਜ ਦਿੱਤਾ ਜਾਵੇ। ਸਕੀਨਾ ਬੀਬੀ ਦੇ ਪਿਤਾ ਨੂੰ ਵੀ ਪੁਲਿਸ ਭਾਰਤ ਲੈ ਗਈ ਅਤੇ ਪਤਾ ਲੱਗਿਆ ਕਿ ਉਨ੍ਹਾਂ ਦੇ ਮਾਤਾ ਕਰਾਮਾਤੇ ਬੀਬੀ ਪਿੰਡ ਜੱਸੋਵਾਲ (ਲੁਧਿਆਣਾ) ਵਿੱਚ ਹੈ, ਜਦੋਂ ਉਹ ਘਰ ਗਏ ਤਾਂ ਕਰਮਾਤੇ ਬੀਬੀ ਦਾ ਵਿਆਹ ਇੱਕ ਸਿੱਖ ਪਰਿਵਾਰ ਵਿੱਚ ਹੋ ਗਿਆ ਸੀ। ਸਕੀਨਾ ਬੀਬੀ ਨੇ ਦੱਸਿਆ ਕਿ ਉਸਦੀ ਮਾਂ ਨੂੰ ਜਦੋਂ ਪੁਲਿਸ ਆਪਣੇ ਨਾਲ ਵਾਪਸ ਪਾਕਿਸਤਾਨ ਲਿਜਾ ਰਹੀ ਸੀ ਤਾਂ ਉਹ ਰੌਲਾ ਪਾ ਰਹੀ ਸੀ ਕਿ ਉਸਦਾ ਲੜਕਾ ਗੁਰਮੇਲ ਸਿੰਘ ਘਰ ਤੋਂ ਬਾਹਰ ਖੇਡਣ ਗਿਆ ਹੋਇਆ ਹੈ, ਉਸ ਨੂੰ ਨਾਲ ਲੈ ਕੇ ਜਾਣਾ ਹੈ, ਪਰ ਪੁਲਿਸ ਨੇ ਨਹੀਂ ਸੁਣੀ ਤੇ ਉਸਦੇ ਭਰਾ ਨੂੰ ਨਾਲ ਲਿਜਾਏ ਬਿਨ੍ਹਾ ਉਸਦੀ ਮਾਂ ਨੂੰ ਪਾਕਿਸਤਾਨ ਲੈ ਆਈ। ਉਨ੍ਹਾਂ ਦੱਸਿਆ ਕਿ ਦੋ ਸਾਲ ਬਾਅਦ ਉਸਦਾ (ਸਕੀਨਾ ਬੀਬੀ) ਦਾ ਜਨਮ ਹੋਇਆ, ਫਿਰ ਦੋ ਸਾਲ ਬਾਅਦ ਉਸਦੀ ਮਾਂ ਕਰਮਾਤੇ ਬੀਬੀ ਦੀ ਮੌਤ ਹੋ ਗਈ। ਸਕੀਨਾ ਬੀਬੀ ਅਨੁਸਾਰ ਜਦੋਂ ਉਹ ਵੱਡੀ ਹੋਈ ਤਾਂ ਉਸਨੂੰ ਉਸੇ ਪਿਤਾ ਨੇ ਸਾਰੀ ਕਹਾਣੀ ਦੱਸੀ। ਸਕੀਨਾ ਬੀਬੀ ਆਪਣੇ ਭਰਾ ਨੂੰ ਮਿਲਣ ਲਈ ਕਈ ਸਾਲ ਤੱਕ ਤੜਫਦੀ ਰਹੀ, ਉਨ੍ਹਾਂ ਨੇ ਆਪਣੇ ਭਰਾ ਦੀ ਤਸਵੀਰ ਤੇ ਇੱਕ ਚਿੱਠੀ ਜੋ 1961 ਵਿੱਚ ਪਿੰਡ ਦੇ ਕਿਸੇ ਵਿਅਕਤੀ ਨੇ ਲਿਖੀ ਸੀ ਨੂੰ ਸੰਭਾਲ ਕੇ ਆਪਣੇ ਕੋਲ ਰੱਖ ਲਿਆ। ਸਕੀਨਾ ਬੀਬੀ ਦੇ ਪਰਿਵਾਰ ਨੇ ਜਦੋਂ ਇਸ ਸਬੰਧੀ ਨਾਸਿਰ ਢਿੱਲੋਂ ਦੀ ਟੀਮ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਸਕੀਨਾ ਬੀਬੀ ਦਾ ਇੱਕ ਵੀਡੀਓ ਰਿਕਾਰਡ ਕਰਕ ਕੇ ਆਪਣੇ ਯੂ ਟਿਊਬ ਚੈਨਲ ਤੇ ਪਾ ਦਿੱਤਾ ਗਿਆ। ਨਾਸਿਰ ਢਿੱਲੋਂ ਵੱਲੋਂ ਸ਼ਾਂਝੀ ਕੀਤੀ ਜਾਣਕਾਰੀ ਅਨੁਸਾਰ ਪਤਾ ਲੱਗਾ ਕਿ ਜਿਲ੍ਹਾ ਲੁਧਿਆਣਾ ਦੇ ਪਿੰਡ ਜੱਸੋਵਾਲ ਸਕੀਨਾ ਬੀਬੀ ਦਾ ਭਰਾ ਗੁਰਮੇਲ ਸਿੰਘ ਰਹਿੰਦਾ ਹੈ। ਸ੍ਰੀ ਕਰਤਾਰਪੁਰ ਸਾਹਿਬ ਗੁਰੂਘਰ ਵਿੱਚ ਭੈਣ ਭਰਾ ਮਿਲੇ ਤਾਂ ਇਹ ਭਾਵੁਕ ਪਲ ਦੇਖ ਹਰ ਕੋਈ ਆਪਣੀਆਂ ਅੱਖਾਂ ਵਿੱਚੋਂ ਅੱਥਰੂ ਆਉਣ ਨਹੀਂ ਰੋਕ ਸਕਿਆ। ਇਸ ਮੌਕੇ ਸਕੀਨਾ ਬੀਬੀ  ਨੇ ਆਪਣੇ ਭਰਾ ਗੁਰਮੇਲ ਸਿੰਘ ਦੇ ਗੁੱਟ ਤੇ ਰੱਖੜੀ ਬੰਨੀ ਤੇ ਫਿਰ ਮਿਲਣ ਦੀ ਆਸ ਪ੍ਰਗਟਾਈ। ਇਸ ਮੌਕੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਜਿਕਰਯੋਗ ਹੈ ਕਿ ਨਾਸਿਰ ਢਿੱਲੋਂ ਜੋ ਪਾਕਿਸਤਾਨ ਦਾ ਵਸਨੀਕ ਹੈ, ਆਪਣੇ ਯੂਟਿਊਬ ਚੈਨਲ ਰਾਹੀਂ ਵੰਡ ਸਮੇਂ ਦੇ ਵਿਛੜੇ ਅਨੇਕਾਂ ਪਰਿਵਾਰਾਂ ਨੂੰ ਮਿਲਾ ਚੁੱਕਿਆ ਹੈ।