ਆਪ ਸਰਕਾਰ ਖਿਲਾਫ ਪੰਜਾਬ ਭਾਜਪਾ ਨੇ ਕੀਤਾ ਰੋਸ਼ ਪ੍ਰਦਰਸ਼ਨ

ਆਪ ਮੰਤਰੀਆਂ-ਵਿਧਾਇਕਾਂ ਨੇ ਵਿਸ਼ੇਸ਼ ਸੈਸ਼ਨ ਰੱਦ ਕਰਨ ਦੇ ਰੋਸ਼ ਵਜੋਂ ਕੀਤਾ ਸ਼ਾਂਤਮਈ ਰੋਸ਼ ਪ੍ਰਦਰਸ਼ਨ
ਚੰਡੀਗੜ੍ਹ
: ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਖ੍ਰੀਦੋ ਫਰੋਖ਼ਤ ਨੂੰ ਲੈ ਕੇ ਅਤੇ ਕਥਿਤ ਆਪਰੇਸ਼ਨ ਲੋਟਸ ਨੂੰ ਲੈ ਕੇ ਭਾਜਪਾ ਅਤੇ ’ਆਪ’ ਆਹਮੋ-ਸਾਹਮਣੇ ਹੋ ਗਏ ਹਨ। ਅੱਜ ਜਿੱਥੇ ਭਾਜਪਾ ਦੇ ਆਗੂ ਤੇ ਵਰਕਰ ਸੜਕਾਂ ’ਤੇ ਉਤਰੇ ਅਤੇ ਮੁੱਖ ਮੰਤਰੀ ਹਾਊਸ ਨੂੰ ਘੇਰਨ ਦੇ ਉਦੇਸ਼ ਨਾਲ ਜ਼ਬਰਦਸਤ ਪ੍ਰਦਰਸ਼ਨ ਕੀਤਾ, ਉੱਥੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਆਪਰੇਸ਼ਨ ਲੋਟਸ ਵਿਰੁੱਧ ਵਿਧਾਨ ਸਭਾ ਤੋਂ ਰਾਜ ਭਵਨ ਤੱਕ ਸ਼ਾਂਤੀ ਮਾਰਚ ਕੱਢਿਆ। ਇਸ ਮੌਕੇ ਭਾਜਪਾ ਵਰਕਰਾਂ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਪਾਣੀ ਦੀਆਂ ਬੌਛਾਰਾਂ ਅਤੇ ਅੱਥਰੂ ਗੋਲਿਆਂ ਦੀ ਵਰਤੋਂ ਕੀਤੀ।  
               ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਅਵਿਸ਼ਵਾਸ ਨੂੰ ਲੈ ਕੇ ਪੈਦਾ ਹੋਏ ਵਿਵਾਦ ਦਰਮਿਆਨ ਪੰਜਾਬ ਭਾਜਪਾ ਵੱਲੋਂ ਸੂਬਾ ਸਰਕਾਰ ਵਿਰੁੱਧ ਰੋਸ਼ ਪ੍ਰਦਰਸ਼ਨ ਕੀਤਾ ਗਿਆ, ਜਦੋਂ ਭਾਜਪਾ ਵਰਕਰ ਮੁੱਖ ਮੰਤਰੀ ਮਾਨ ਹਾਊਸ ਵੱਲ ਵਧੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਲਈ ਪਾਣੀਆਂ ਦੀਆਂ ਬੌਛਾਰਾਂ ਦੀ ਵਰਤੋਂ ਕੀਤੀ ਅਤੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਵਿੱਚ ਕਾਮਯਾਬ ਹੋਈ। ਇਸ ਤੋਂ ਬਾਅਦ ਚੰਡੀਗੜ੍ਹ ਪੁਲੀਸ ਨੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਸਮੇਤ 60 ਤੋਂ ਵੱਧ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਭਾਜਪਾ ਦੇ ਕੁਝ ਵਰਕਰ ਜ਼ਖਮੀ ਵੀ ਹੋਏ ਹਨ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਸੂਬੇ ਦੇ ਸਾਰੇ ਮੁੱਦਿਆਂ ’ਤੇ ’ਆਪ’ ਸਰਕਾਰ ਦੀ ਨਾਕਾਮੀ ਦਾ ਪਰਦਾਫਾਸ਼ ਕਰੇਗੀ। ਪੰਜਾਬ ਭਾਜਪਾ ਪ੍ਰਧਾਨ ਨੇ ਕਿਹਾ ਕਿ ’ਆਪ’ ਸਰਕਾਰ ਨੇ ਚੋਣਾਂ ਦੌਰਾਨ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ। ਸਰਕਾਰ ਇਸ ਨੂੰ ਪੂਰਾ ਕਰਨ ਵਿੱਚ ਨਾਕਾਮ ਸਾਬਤ ਹੋਈ ਹੈ। ਇਸ ਦੇ ਨਾਲ ਹੀ ਕਈ ਜਨਤਕ ਮੁੱਦਿਆਂ ’ਤੇ ਵੀ ਸਰਕਾਰ ਫੇਲ ਰਹੀ ਹੈ। ਸਰਕਾਰ ਲੋਕਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੀ। ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਸਿਰਫ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਪੰਜਾਬ ’ਚ ਨਸ਼ੇ, ਭ੍ਰਿਸ਼ਟਾਚਾਰ ਅਤੇ ਵਿਗੜਦੀ ਕਾਨੂੰਨ ਵਿਵਸਥਾ ਵਰਗੇ ਮੁੱਦੇ ਹੱਲ ਨਹੀਂ ਹੋ ਰਹੇ। ਵਿਰੋਧ ਕਰਨਾ ਸਾਡਾ ਜਮਹੂਰੀ ਹੱਕ ਹੈ ਅਤੇ ਕੋਈ ਵੀ ਜਲ ਤੋਪ ਭਾਜਪਾ ਨੂੰ ਜਨਤਕ ਮੁੱਦੇ ਉਠਾਉਣ ਤੋਂ ਨਹੀਂ ਰੋਕ ਸਕਦੀ। ਭਾਜਪਾ ਨੇਤਾ ਸੁਨੀਲ ਜਾਖੜ ਨੇ ’ਆਪ’ ਦੀ 25 ਕਰੋੜ ਦੀ ਪੇਸ਼ਕਸ਼ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਜਿਹੜਾ ਮਾਲ ਪੰਜ ਲੱਖ ਰੁਪਏ ਵਿੱਚ ਵਿਕਦਾ ਹੈ, ਉਸ ਲਈ ਕੋਈ 25 ਕਰੋੜ ਕਿਉਂ ਦੇਵੇਗਾ।
          ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਾਜਪਾ ’ਤੇ ਪੰਜਾਬ ’ਚ ਵਿਧਾਇਕਾਂ ਨੂੰ ਤੋੜਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਸੀ। ਇਸ ਦੌਰਾਨ ‘ਆਪ’ ਨੇ ਵਿਸ਼ੇਸ਼ ਸੈਸ਼ਨ ਬੁਲਾਉਣ ਲਈ ਰਾਜਪਾਲ ਤੋਂ ਮਨਜ਼ੂਰੀ ਮੰਗੀ ਸੀ, ਜਿਸ ਨੂੰ ਠੁਕਰਾ ਦਿੱਤਾ ਗਿਆ। ਇਸ ਤੋਂ ਬਾਅਦ ਭਾਜਪਾ ਅਤੇ ’ਆਪ’ ਵਿਚਾਲੇ ਟਕਰਾਅ ਦੀ ਸਥਿਤੀ ਪੈਦਾ ਹੋ ਗਈ। ਉੱਧਰ ਦੂਸਰੇ ਪਾਸੇ ਮੌਜ਼ੂਦਾ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਰੱਦ ਕੀਤੇ ਜਾਣ ਦੇ ਰੋਸ਼ ਵਜੋਂ ਵਿਧਾਨ ਸਭਾ ਤੋਂ ਰਾਜ ਭਵਨ ਤੱਕ ਸ਼ਾਂਤੀ ਮਾਰਚ ਕੱਢਿਆ। ’ਆਪ’ ਵਿਧਾਇਕਾਂ ਨੇ ਜਮਹੂਰੀਅਤ ਦੇ ਕਾਤਲ, ਕਾਂਗਰਸ-ਭਾਜਪਾ ਲੋਕਤੰਤਰ ਦਾ ਕਤਲ ਕਰੋ, ਆਪਰੇਸ਼ਨ ਲੋਟਸ ਹੱਥਾਂ ’ਚ ਬੰਦ ਕਰੋ ਦੇ ਨਾਅਰੇ ਲਾਏ। ਇਸ ਮੌਕੇ ਆਪ ਵਿਧਾਇਕਾਂ ਨੇ ਦੋਸ਼ ਲਾਇਆ ਕਿ ਭਾਜਪਾ ਕਾਂਗਰਸ ਨਾਲ ਮਿਲ ਕੇ ‘ਆਪ’ ਸਰਕਾਰ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਰਾਜਪਾਲ ਵੱਲੋਂ ਸੈਸ਼ਨ ਰੱਦ ਕਰਨ ਦੇ ਫੈਸਲੇ ਨੂੰ ਲੋਕਤੰਤਰ ਦਾ ਮਜ਼ਾਕ ਕਰਾਰ ਦਿੰਦਿਆਂ ਕਿਹਾ ਕਿ ਰਾਜਪਾਲ ਨੇ ਕੇਂਦਰ ਦੇ ਇਸ਼ਾਰੇ ’ਤੇ ਆਪਣਾ ਫੈਸਲਾ ਬਦਲਿਆ ਹੈ। ਵਿਧਾਇਕਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ’ਆਪ’ ਸਰਕਾਰ ਦੀ ਬੇਮਿਸਾਲ ਕਾਰਗੁਜ਼ਾਰੀ ਤੋਂ ਕਾਂਗਰਸ ਅਤੇ ਅਕਾਲੀ-ਭਾਜਪਾ ਸਮੇਤ ਵਿਰੋਧੀ ਪਾਰਟੀਆਂ ਬੌਖਲਾ ਚੁੱਕੀਆਂ ਹਨ ਅਤੇ ਲੋਕਤੰਤਰ ਨੂੰ ਕਮਜ਼ੋਰ ਕਰਨ ਲਈ ਮਿਲ ਕੇ ਕੰਮ ਕਰ ਰਹੀਆਂ ਹਨ, ਪਰ ਉਨ੍ਹਾਂ ਦਾ ਏਜੰਡਾ ਕਦੇ ਵੀ ਕਾਮਯਾਬ ਨਹੀਂ ਹੋਇਆ ਅਤੇ ਨਾ ਹੀ ਹੋਣ ਦੇਵਾਂਗੇ, ਉਨ੍ਹਾਂ ਕਾਂਗਰਸ ’ਤੇ ਦੋਸ਼ ਲਾਇਆ ਕਿ ਉਹ ਭਾਜਪਾ ਦੀ ਬੀ-ਟੀਮ ਹੈ ਅਤੇ ਭਗਵਾ ਪਾਰਟੀ ਲਈ ਕੰਮ ਕਰ ਰਹੀ ਹੈ। ਵਿਧਾਇਕਾਂ ਨੇ ਕਿਹਾ ਕਿ ਕਾਂਗਰਸੀ ਆਗੂ ਸੀਬੀਆਈ ਅਤੇ ਈਡੀ ਵੱਲੋਂ ਛਾਪੇ ਮਾਰਨ ਦੀਆਂ ਧਮਕੀਆਂ ਤੋਂ ਡਰ ਕੇ ਆਪਣਾ ਅਹੁਦਾ ਬਚਾਉਣ ਲਈ ਭਾਜਪਾ ਦੀ ਬੋਲੀ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ 27 ਸਤੰਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਸੂਬੇ ਦੇ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕਰੇਗੀ। ਸਰਕਾਰ ਕਾਨੂੰਨ ਅਨੁਸਾਰ ਮੰਤਰੀ ਪ੍ਰੀਸ਼ਦ ਦੀ ਸਹਿਮਤੀ ਤੋਂ ਬਿਨਾਂ ਮਨਜ਼ੂਰੀ ਰੱਦ ਕਰਨ ਦੇ ਰਾਜਪਾਲ ਦੇ ਆਪਹੁਦਰੇ ਅਤੇ ਗੈਰ-ਜਮਹੂਰੀ ਫੈਸਲੇ ਵਿਰੁੱਧ ਸੁਪਰੀਮ ਕੋਰਟ ਤੱਕ ਵੀ ਪਹੁੰਚ ਕਰੇਗੀ।