ਨਿੱਜੀ ਤੌਰ ’ਤੇ ਪੇਸ਼ ਹੋ ਕੇ ਪਾਰਟੀ ਵਿਰੋਧੀ ਬਿਆਨਬਾਜ਼ੀ ’ਤੇ ਸਪਸ਼ਟੀਕਰਨ ਦੇਵੇ ਜਗਮੀਤ ਬਰਾੜ : ਮਲੂਕਾ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਰਦਾਰ ਸਿਕੰਦਰ ਸਿੰਘ ਮਲੂਕਾ ਨੇ ਸਾਬਕਾ ਐਮ ਪੀ ਸਰਦਾਰ ਜਗਮੀਤ ਸਿੰਘ ਬਰਾੜ ਨੂੰ ਆਖਿਆ ਕਿ ਉਹ 6 ਦਸੰਬਰ ਨੂੰ ਦੁਪਹਿਰ 12.00 ਵਜੇ ਪਾਰਟੀ ਦੇ ਮੁੱਖ ਦਫਤਰ ਵਿਚ ਅਨੁਸ਼ਾਸਨੀ ਕਮੇਟੀ ਅੱਗੇ ਪੇਸ਼ ਹੋ ਕੇ ਆਪਣੀ ਪਾਰਟੀ ਵਿਰੋਧੀ ਬਿਆਨਬਾਜ਼ੀ ਦਾ ਸਪਸ਼ਟੀਕਰਨ ਦੇਣ। ਇਸ ਸਬੰਧੀ ਪੱਤਰ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਨੇ ਅੱਜ ਸਰਦਾਰ ਜਗਮੀਤ ਸਿੰਘ ਬਰਾੜ ਨੂੰ ਭੇਜਿਆ ਹੈ। ਪਤਰ ਵਿਚ ਕਿਹਾ ਗਿਆ ਕਿ ਸਾਬਕਾ ਐਮ ਪੀ ਦੇ ਖਿਲਾਫ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਕਾਰਨ ਅਨੁਸ਼ਾਸਨੀ ਕਾਰਵਾਈ ਆਰੰਭੀ ਗਈ ਹੈ। ਪੱਤਰ ਵਿਚ ਕਿਹਾ ਗਿਆ ਕਿ ਕਮੇਟੀ ਪਹਿਲਾਂ ਹੀ  ਸਾਬਕਾ ਐਮ ਪੀ ਵੱਲੋਂ ਉਹਨਾਂ ਨੂੰ ਜਾਰੀ ਕੀਤੇ ਕਾਰਣ ਦੱਸੋ ਨੋਟਿਸ ਦੇ ਦਿੱਤੇ ਜਵਾਬ ’ਤੇ ਅਸੰਤੁਸ਼ਟੀ ਜ਼ਾਹਰ ਕਰ ਚੁੱਕੀ ਹੈ। ਇਸ ਵਿਚ ਕਿਹਾ ਗਿਆ ਕਿ ਬਜਾਏ ਸਿੱਧੇ ਰਾਹ ਪੈਣ ਦੇ ਸਰਦਾਰ ਬਰਾੜ ਆਪਣੇ ਪੱਧਰ ’ਤੇ ਹੀ ਕਮੇਟੀਆਂ ਦੇ ਗਠਨ ਵਿਚ ਲੱਗੇ ਹਨ ਤੇ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਹੇ ਹਨ। ਸਰਦਾਰ ਮਲੂਕਾ ਨੇ ਸਾਬਕਾ ਐਮ ਪੀ ਨੂੰ ਆਖਿਆ ਕਿ 6 ਦਸੰਬਰ ਨੂੰ ਨਿੱਜੀ ਤੌਰ ’ਤੇ ਪੇਸ਼ ਵੀ ਹੋਣ ਤੇ ਆਪਣਾ ਲਿਖਤੀ ਜਵਾਬ ਵੀ ਕਮੇਟੀ ਨੂੰ ਦੇਣ।