ਜੇਕਰ ਕਿਸੇ ਬਾਹਰ ਦੇ ਬੰਦੇ ਨੂੰ ਪਾਰਟੀ 'ਚ ਵੱਡੇ ਵੱਡੇ ਅਹੁਦੇ ਦਿਤੇ ਤਾਂ ਉਹ ਚੁੱਪ ਨਹੀਂ ਰਹਿਣਗੇ : ਐਮ.ਪੀ. ਬਿੱਟੂ

ਮੋਹਾਲੀ : ਨਵਜੋਤ ਸਿੰਘ ਸਿੱਧੂ ਨੂੰ ਹਾਈਕਮਾਂਡ ਵੱਲੋਂ ਭੇਜੀ ਗਈ ਚਿੱਠੀ ਦੀ ਕਾਫੀ ਚਰਚਾ ਹੈ ਜਿਸ ਨੂੰ ਕਾਂਗਰਸ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸਿਰੇ ਤੋਂ ਨਕਾਰਿਆ ਹੈ। ਇਸ ਬਾਰੇ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਚਿੱਠੀ ਤਾਂ ਕੋਈ ਵੀ ਲਿਖ ਸਕਦਾ ਹੈ ਪਰ ਅਜਿਹਾ ਕੋਈ ਵੀ ਪੱਤਰ ਨਹੀਂ ਭੇਜਿਆ ਗਿਆ ਜਿਸ 'ਚ ਨਵਜੋਤ ਸਿੰਘ ਸਿੱਧੂ ਨੂੰ ਕੋਈ ਸਨਮਾਨ ਜਾਂ ਅਹੁਦਾ ਦੇਣ ਦੀ ਗੱਲ ਕੀਤੀ ਗਈ ਹੋਵੇ। ਇੱਕ ਪਾਸੇ ਤਾਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਚੱਲ ਰਹੀ ਹੈ ਅਤੇ ਇੱਕ ਪਾਸੇ ਅਜਿਹੇ ਬੰਦੇ ਹਨ ਜੋ ਟੁਕੜੇ-ਟੁਕੜੇ ਗੈਂਗ ਵਾਂਗ ਹਨ। ਇਹ ਤਾਂ ਪਾਰਟੀ ਦੇ ਟੁਕੜੇ-ਟੁਕੜੇ ਕਰ ਕੇ ਗਏ ਹਨ। ਜੋ ਵੀ ਪਾਰਟੀ ਨੇ 5 ਸਾਲ ਕੀਤਾ ਉਸ ਨੂੰ ਬਿਆਨਬਾਜ਼ੀਆਂ ਕਰ ਕੇ ਇਨ੍ਹਾਂ ਬੰਦਿਆਂ ਨੇ ਮਿੱਟੀ ਵਿਚ ਮਿਲਾ ਦਿੱਤਾ। ਇਨ੍ਹਾਂ ਬੰਦਿਆਂ ਨੇ ਹੀ ਲੋਕਾਂ ਨੂੰ ਕਿਹਾ ਕਿ ਅਸੀਂ ਤਾਂ ਰੇਤਾ ਵਿਚ ਵੀ ਰਲੇ ਹੋਏ ਹਾਂ ਅਤੇ ਨਸ਼ੇ ਵਿਚ ਵੀ ਮਜੀਠੀਆ ਨਾਲ ਰਲੇ ਹੋਏ ਹਾਂ। ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਅੱਜ ਕਿਸੇ ਵੀ ਵਰਕਰ ਨੂੰ ਪੁੱਛ ਕੇ ਦੇਖ ਲਓ ਕਿ ਕਿੰਨਾ ਤਕਲੀਫ਼ ਵਿਚੋਂ ਲੰਘ ਕੇ ਉਹ ਇੱਕ ਪਾਰਟੀ ਬਣਾਉਂਦੇ ਹਨ ਅਤੇ ਇਹ ਆਗੂ ਬਿਆਨ ਦੇ ਕੇ ਸਾਰਾ ਕੁਝ ਮਿੱਟੀ ਕਰ ਦਿੰਦੇ ਹਨ। ਇਨ੍ਹਾਂ ਨੇ ਜੋ ਵੀ ਧਮਾਕਾ ਕਰਨਾ ਹੈ ਕਰ ਲੈਣ ਪਰ ਕਾਂਗਰਸ ਨੂੰ ਬਖ਼ਸ਼ ਦੇਣ। ਅੱਗੇ ਬੋਲਦਿਆਂ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਮੈਂ ਪਹਿਲਾਂ ਵੀ ਕਿਹਾ ਹੈ ਅਤੇ ਹੁਣ ਵੀ ਪਾਰਟੀ ਹਾਈਕਮਾਂਡ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਤਿੰਨ-ਤਿੰਨ ਪੀੜ੍ਹਿਆਂ ਤੋਂ ਪਾਰਟੀ ਦੀ ਸੇਵਾ ਕਰਨ ਵਾਲੇ ਅਜੇ ਪਾਰਟੀ ਦੇ ਨਾਲ ਹਨ ਤਾਂ ਇਨ੍ਹਾਂ ਵਰਗੇ ਬਾਹਰਲੇ ਵੱਡੇ-ਵੱਡੇ ਆਗੂਆਂ ਨੂੰ ਲਿਆ ਕੇ ਬਿਠਾ ਦਿੰਦੇ ਹੋ। ਅੱਜ ਜਦੋਂ ਜ਼ਮੀਨੀ ਪੱਧਰ 'ਤੇ ਸਾਡੇ ਸਰਪੰਚਾਂ ਨੂੰ ਅਤੇ ਪਾਰਟੀ ਨੂੰ ਜ਼ਰੂਰਤ ਹੈ ਉਸ ਸਮੇਂ ਇਹ ਸਾਰੇ ਦਿਖਾਈ ਵੀ ਨਹੀਂ ਦਿੰਦੇ। ਵਿਜੀਲੈਂਸ ਦੇ ਡਰ ਕਾਰਨ ਇਹ ਭੱਜੇ ਫਿਰਦੇ ਹਨ। ਉਨ੍ਹਾਂ ਕਿਹਾ ਕਿ ਇਸ ਬਾਰੇ ਹਾਈਕਮਾਂਡ ਨੂੰ ਵੀ ਸਾਰਾ ਕੁਝ ਪਤਾ ਹੈ ਅਤੇ ਇਨ੍ਹਾਂ ਵਰਗੇ ਆਗੂਆਂ ਤੋਂ ਬਚਣ ਦੀ ਲੋੜ ਹੈ। ਬਗੈਰ ਕਿਸੇ ਦਾ ਨਾਮ ਲਏ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਜੇਕਰ ਹੁਣ ਕਿਸੇ ਵੀ ਬਾਹਰ ਦੇ ਬੰਦੇ ਨੂੰ ਵੱਡੇ ਵੱਡੇ ਅਹੁਦੇ ਦਿਤੇ ਗਏ ਤਾਂ ਉਹ ਚੁੱਪ ਨਹੀਂ ਰਹਿਣਗੇ। ਉਨ੍ਹਾਂ ਕਿਹਾ ਕਿ ਅਸੀਂ ਕਈ ਪੀੜ੍ਹੀਆਂ ਤੋਂ ਪਾਰਟੀ ਦੇ ਨਾਲ ਹਾਂ ਅਤੇ ਇਸੇ ਤਰ੍ਹਾਂ ਹੀ ਅਸੀਂ ਰਾਹੁਲ ਗਾਂਧੀ ਵੱਲੋਂ ਚਲਾਈ ਜਾ ਰਹੀ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਨੂੰ ਕਾਮਯਾਬ ਕਰਾਂਗੇ। ਉਨ੍ਹਾਂ ਕਿਹਾ ਕਿ ਇਹ ਸਿਰਫ ਅਖਬਾਰਾਂ ਦੀਆਂ ਸੁਰਖੀਆਂ ਹਨ ਪਰ ਪਾਰਟੀ ਵੱਲੋਂ ਅਜਿਹਾ ਕੋਈ ਵੀ ਅਹੁਦਾ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਦੇਣ ਦੀ ਕੋਈ ਸਲਾਹ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਠੀਕ ਹੈ ਕਿ ਉਹ ਚੰਗੇ ਕਮੇਡੀਅਨ ਹਨ ਜਿਸ ਨੂੰ ਪਾਰਟੀ ਨੇ ਮੌਕਾ ਦਿੱਤਾ ਪਰ ਭਵਿੱਖ ਵਿਚ ਅਜਿਹਾ ਕੁਝ ਵੀ ਕਰਨ ਦੀ ਕੋਈ ਤਜਵੀਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਾਲਿਆਂ ਵੱਲੋਂ ਜੋ ਸੌਦੇ ਕੀਤੇ ਗਏ ਉਹ ਹੁਣ ਨਹੀਂ ਹੋਵੇਗਾ,ਇਸ ਬਾਰੇ ਲੋਕ ਹੁਣ ਸਮਝ ਚੁੱਕੇ ਹਨ। ਦਿੱਲੀ ਇੰਦਰ ਗਾਂਧੀ ਅੰਤਰ ਰਾਸ਼ਟਰੀ ਹਵਾਈ ਅੱਡੇ ਦਾ ਨਾਮ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਨਾਮ 'ਤੇ ਰੱਖੇ ਜਾਣ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਾਹਿਬ ਇਨ੍ਹਾਂ ਦੁਨਿਆਵੀ ਚੀਜ਼ਾਂ ਤੋਂ ਉਪਰ ਹਨ। ਮੈਂ ਇਹ ਨਹੀਂ ਕਹਿੰਦਾ ਕਿ ਉਨ੍ਹਾਂ ਦੇ ਨਾਮ 'ਤੇ ਹਵਾਈ ਅੱਡੇ ਦਾ ਨਾਮ ਨਹੀਂ ਹੋਣਾ ਚਾਹੀਦਾ ਪਰ ਜਿਸ ਤਰ੍ਹਾਂ ਉਥੇ ਸ਼ਰਾਬ, ਸਿਗਰਟ ਅਤੇ ਹੋਰ ਕਈ ਅਜਿਹੀਆਂ ਦੁਕਾਨਾਂ ਹਨ ਜਿਨ੍ਹਾਂ ਨੂੰ ਧਿਆਨ ਵਿਚ ਰੱਖ ਕੇ ਹੀ ਇਹੋ ਜਿਹਾ ਫੈਸਲਾ ਲਿਆ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਵਿਚ ਮੌਜੂਦਾ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਸਰਕਾਰ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਆਏ ਦਿਨ ਸਰਹੱਦਾਂ 'ਤੇ ਮਿਲ ਰਹੇ ਡਰੋਨ ਅਤੇ ਮਾਲਖਾਨੇ ਵਿਚੋਂ ਅਸਲੇ ਦਾ ਗਾਇਬ ਹੋਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ।