ਕੇਂਦਰੀ ਸਰਕਾਰ ਸ਼ੁਰੂ ਤੋਂ ਹੀ ਪੰਜਾਬ ਨਾਲ ਕਰਦੀਆਂ ਆ ਰਹੀਆਂ ਹਨ ਧੱਕੇਸ਼ਾਹੀਆਂ

ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਹਰਿਆਣਾ ਦੇ ਸਪੀਕਰ ਗਿਆਨ ਚੰਦ ਗੁਪਤਾ ਵੱਲੋਂ ਰਾਜ ਭਵਨ ਵਿਖੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪਰੋਹਤ ਨੂੰ ਮਿਲ ਕੇ ਚੰਡੀਗੜ੍ਹ ਵਿਚ ਹਰਿਆਣਾ ਵਿਧਾਨ ਸਭਾ ਬਣਾਉਣ ਲਈ ਵੱਖਰੇ ਤੌਰ ਤੇ  ਜ਼ਮੀਨ ਦੇਣ ਦੀ ਕੀਤੀ ਗਈ ਮੰਗ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।  ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਚੰਡੀਗੜ੍ਹ ਵਿੱਚ ਹਰਿਆਣਾ ਦੀ ਵੱਖਰੀ ਵਿਧਾਨ ਸਭਾ ਨੂੰ ਕਿਸੇ ਵੀ ਹਾਲਤ ਵਿੱਚ ਨਹੀਂ ਬਣਨ ਦਿੱਤਾ ਜਾਵੇਗਾ, ਕਿਉਂਕਿ ਚੰਡੀਗੜ੍ਹ ਪੰਜਾਬ ਦੇ ਦਰਜਨਾਂ ਪੰਜਾਬੀ ਬੋਲਦੇ ਪਿੰਡਾਂ ਨੂੰ  ਉਜਾੜ ਕੇ ਬਣਾਇਆ ਗਿਆ ਹੈ ਤੇ ਚੰਡੀਗੜ੍ਹ ਤੇ ਪੂਰਾ ਹੱਕ ਪੰਜਾਬ ਦਾ ਹੀ ਬਣਦਾ ਹੈ। ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਹਰਿਆਣੇ ਕੋਲ ਪਹਿਲਾਂ ਹੀ ਵੱਡੇ ਖੇਤਰ ਵਿਚ ਜ਼ਮੀਨੇ ਮੌਜੂਦ ਹੈ ਤੇ ਹਰਿਆਣੇ ਨੂੰ ਚਾਹੀਦਾ ਹੈ ਕਿ ਉਸ ਨੂੰ ਆਪਣੀ ਹੀ ਜ਼ਮੀਨ ਵਿਚ ਵੱਖਰੀ ਹਰਿਆਣਾ ਵਿਧਾਨ ਸਭਾ ਬਣਾਈ ਜਾਣੀ ਚਾਹੀਦੀ ਹੈ।  ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਹੈ ਅਤੇ ਚੰਡੀਗੜ੍ਹ ਪੰਜਾਬ ਨੂੰ ਹੀ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਾਸਤੇ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਈ ਮੋਰਚੇ ਲਗਾਏ ਗਏ ਹਨ । ਇਸ ਮੁੱਦੇ ਤੇ ਪਹਿਲਾਂ ਹੀ ਸਮੇਂ ਸਮੇਂ ਦੀਆਂ ਕੇਂਦਰੀ ਸਰਕਾਰਾਂ ਪੰਜਾਬ ਨਾਲ ਧੱਕਾ ਕਰਦੀਆਂ ਆਈਆਂ ਹਨ । ਉਨ੍ਹਾਂ ਕਿਹਾ ਕਿ ਇਹ ਬਰਦਾਸ਼ਤ ਦੀ ਹੱਦ ਤੋਂ ਬਾਹਰ ਹੋਵੇਗੀ ਸਿਖਰ ਚੰਡੀਗੜ੍ਹ ਵਿੱਚ ਹਰਿਆਣਾ ਨੂੰ ਦੀ ਵੱਖਰੀ ਹਰਿਆਣਾ ਵਿਧਾਨ ਸਭਾ ਲਈ ਜ਼ਮੀਨ ਦਿੱਤੀ ਜਾਂਦੀ ਹੈ।