ਬੀਜੇਪੀ ਦੇ ਕਮਲ ਦੀਆਂ ਪੰਖੜੀਆਂ ਝੜਨੀਆਂ ਸ਼ੁਰੂ !

ਲੱਗਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੂਰੇ ਭਾਰਤ ਵਿੱਚ ਆਪਣੀ ਸਲਤਨਤ ਕਾਇਮ ਕਰਨ ਦੇ ਤਾਨਾਸ਼ਾਹੀ ਸੁਪਨੇ ਨੂੰ ਖੁਦ ਪ੍ਰਧਾਨ ਮੰਤਰੀ ਮੋਦੀ ਦੇ ਬਣਾਏ ਤਿੰਨ ਖੇਤੀ ਆਰਡੀਨੈਂਸਾਂ ਨੇ ਹੀ ਚੂਰ-ਚੂਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹਨਾਂ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਅੱਜ ਭਾਰਤ ਦੇ ਕੋਨੇ ਕੋਨੇ ਤੋਂ ਦਿੱਲੀ ਦੀ ਦਹਿਲੀਜ਼ ‘ਤੇ ਤਕਰੀਬਨ ਤਿੰਨ ਮਹੀਨੇ ਤੋਂ ਕਿਸਾਨ ਸ਼ਾਂਤਮਈ ਧਰਨਿਆਂ ‘ਤੇ ਬੈਠਾ ਹੈ । ਪਰ ਮੋਦੀ ਆਪਣੇ ਹਿੰਡੀ ਰਵਈਏ ਕਾਰਨ ਅੱਜ ਆਪਣੇ ਹੀ ਦੇਸ਼ ਦੇ ਅੰਨਦਾਤਾ ਦੀ ਤਬਾਹੀ ਕਰਨ ਦਾ ਤਹਈਆ ਕਰੀ ਬੈਠਾ ਹੈ । ਪ੍ਰਧਾਨ ਮੰਤਰੀ ਵਿਰੁੱਧ ਦੇਸ਼ ਦੇ ਨਾਰਾਜ ਕਿਸਾਨਾਂ ਨੇ ਖੇਤੀ ਕਿੱਤੇ ਨਾਲ ਸਬੰਧਤ ਹੋਰ ਵਰਗਾਂ ਨੂੰ ਵੀ ਆਪਣੇ ਨਾਲ ਜੋੜ ਕੇ ਕਿਸਾਨ ਅੰਦੋਲਨ ਨੂੰ ਇੱਕ ਦੇਸ਼ ਵਿਆਪੀ ਜਨ- ਅੰਦੋਲਨ ਵਿੱਚ ਤਬਦੀਲ ਕਰ ਦਿੱਤਾ ਹੈ । ਅੱਜ ਕਿਸਾਨ ਅੰਦੋਲਨ ‘ਤੇ ਹਾਲਾਤ ਇਸ ਕਦਰ ਬਣ ਗਏ ਹਨ ਕਿ ਬੀਜੇਪੀ ਨੂੰ ਛੱਡਕੇ ਦੇਸ਼ ਦੀ ਹਰ ਰਾਸ਼ਟਰੀ ਅਤੇ ਖੇਤਰੀ ਪਾਰਟੀ ਕਿਸਾਨਾਂ ਨਾਲ ਚਟਾਨ ਵਾਂਗ ਖੜੋ ਗਈ ਹੈ ।

ਬੀਜੇਪੀ ਵਿਰੁੱਧ ਜਿੱਥੇ ਦੂਸਰੀਆਂ ਵਿਰੋਧੀ ਪਾਰਟੀਆਂ ਨੇ ਕਿਸਾਨ ਅੰਦੋਲਨ ਦੀ ਆੜ ਵਿੱਚ ਰਾਜਨੀਤਕ ਯੁੱਧ ਦਾ ਬਿਗਲ ਬਜਾ ਦਿੱਤਾ ਹੈ, ਉੱਥੇ ਬੀਜੇਪੀ ਅੰਦਰ ਵੀ ਦੇਸ਼ ਦੇ ਕਿਸਾਨਾਂ ਪ੍ਰਤੀ ਹਮਦਰਦੀ ਹੌਲ਼ੀ-ਹੌਲ਼ੀ ਜਵਾਲਾ-ਮੁੱਖੀ ਬਣਕੇ ਭਾਜਪਾ ਲੀਡਰਾਂ ਦੇ ਦਿਲਾਂ ਵਿੱਚੋਂ ਪਿਘਲਣਾ ਸ਼ੁਰੂ ਹੋ ਗਿਆ ਹੈ । ਇਸਦੇ ਚੱਲਦਿਆਂ ਬੀਜੇਪੀ ਦੇ ਸੀਨੀਅਰ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਨੇ ਮੋਦੀ-ਸ਼ਾਹ ਦੇ ਦੇਸ਼ ਦੇ ਕਿਸਾਨ ਹਿਤੈਸ਼ੀ ਨਾ ਹੋਣ ਕਾਰਨ ਬੀਜੇਪੀ ਨੂੰ ਸਦਾ ਲਈ ਅਲਵਿਦਾ ਕਹਿ ਪੱਛਮੀ ਬੰਗਾਲ ਦੀ ਤ੍ਰਿਮੂਲ ਕਾਂਗਰਸ ਨਾਲ ਖੜ੍ਹਨ ਦਾ ਐਲਾਨ ਕਰ ਦਿੱਤਾ । ਸਿਨਹਾ ਦੇ ਇਸ ਫੈਸਲੇ ਨਾਲ ਬੀਜੇਪੀ ਨੂੰ ਵੱਡਾ ਝਟਕਾ ਲੱਗਾ ਹੈ । ਉਹਨਾਂ ਬੀਜੇਪੀ ਤੋਂ ਕਿਨਾਰਾ ਕਰਨ ਸਬੰਧੀ ਦੱਸਦੇ ਹੋਏ ਕਿਹਾ ਕਿ ਬੀਜੇਪੀ ਦੇਸ਼ ਦੇ ਅੰਨਦਾਤਾ ਨਾਲ ਧੱਕਾ ਕਰਕੇ ਦੇਸ਼ ਵਿੱਚ ਲੋਕਤੰਤਰ ਦਾ ਖਾਤਮਾ ਕਰਨ ਤੇ ਤੁਲੀ ਹੋਈ ਹੈ। ਉਹਨਾਂ ਬੀਜੇਪੀ ‘ਤੇ ਤੰਜ ਕਸਦਿਆਂ ਕਿਹਾ ਕਿ ਪੰਜ ਸਾਲਾਂ ਪਿੱਛੋਂ ਲੋਕਾਂ ਦੀਆਂ ਵੋਟਾਂ ਰਾਹੀਂ ਜਿੱਤ ਪ੍ਰਾਪਤ ਕਰ ਲੈਣਾ ਹੀ ਲੋਕਤੰਤਰ ਨਹੀਂ ਹੁੰਦਾ । ਉਹਨਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਨੂੰ ਦੇਸ਼ ਦੀ ਜਨਤਾ ਦੀ ਕੋਈ ਪ੍ਰਵਾਹ ਨਹੀਂ ਹੈ । ਬੀਜੇਪੀ ਦਾ ਮਨੋਰਥ ਕੇਵਲ ਜਿੱਤ ਪ੍ਰਾਪਤ ਕਰਨ ਤੋਂ ਬਿਨਾ ਕੁਝ ਵੀ ਨਹੀਂ । ਸ਼੍ਰੀ ਯਸ਼ਵੰਤ ਸਿਨਹਾ ਨੇ ਪੂਰਾ ਵਿਸ਼ਵਾਸ਼ ਪ੍ਰਗਟ ਕਰਦੇ ਹੋਏ ਕਿਹਾ ਕਿ ਬੀਬੀ ਮਮਤਾ ਬੈਨਰਜੀ ਜੀ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕਰਨਗੇ । ਉੱਨ੍ਹਾਂ ਬੰਗਾਲ ਦੀ ਜਨਤਾ ਨੂੰ ਵੀ ਮਮਤਾ ਬੈਨਰਜੀ ਦਾ ਪੂਰਾ ਸਾਥ ਦੇਣ ਦੀ ਅਪੀਲ ਕੀਤੀ ।