ਯਮੁਨਾਨਗਰ ਜ਼ਹਿਰੀਲੀ ਸ਼ਰਾਬ ਪੀਣ ਨਾਲ 6 ਮੌਤਾਂ, ਹੁਣ ਤਕ 17 ਲੋਕਾਂ ਦੀ ਮੌਤ

ਯਮੁਨਾਨਗਰ, 11 ਨਵੰਬਰ : ਹਰਿਆਣਾ ਦੇ ਯਮੁਨਾਨਗਰ ਦੇ ਸਰਸਵਤੀ ਨਗਰ ਬਲਾਕ ਦੇ ਛਪਾਰ ਥਾਣਾ ਖੇਤਰ ਦੇ ਸਾਰਨ ਪਿੰਡ 'ਚ ਸ਼ੁਕਰਵਾਰ ਨੂੰ ਜ਼ਹਿਰੀਲੀ ਸ਼ਰਾਬ ਪੀਣ ਨਾਲ ਇਕ ਹੀ ਦਿਨ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਬਿਲਾਸਪੁਰ ਦੇ ਪਿੰਡ ਮੰਗਲੌਰ ਅਤੇ ਪੰਜੇਤੋ ਦੇ ਪਿੰਡ ਮਾਜਰਾ ਵਿਚ ਇਕ-ਇਕ ਵਿਅਕਤੀ ਦੀ ਜਾਨ ਚਲੀ ਗਈ। ਇਸ ਤੋਂ ਪਹਿਲਾਂ ਯਮੁਨਾਨਗਰ 'ਚ ਜ਼ਹਿਰੀਲੀ ਸ਼ਰਾਬ ਨਾਲ 9 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਨਾਲ ਹੁਣ ਤਕ ਜ਼ਿਲ੍ਹੇ 'ਚ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ ਹੈ। ਇਸ ਤੋਂ ਇਲਾਵਾ ਅੰਬਾਲਾ 'ਚ ਸ਼ਰਾਬ ਫੈਕਟਰੀ ਦੇ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਹੈ, ਭਾਵ ਜ਼ਹਿਰੀਲੀ ਸ਼ਰਾਬ ਨੇ ਹੁਣ ਤਕ 17 ਲੋਕਾਂ ਦੀ ਜਾਨ ਲੈ ਲਈ ਹੈ। ਮ੍ਰਿਤਕਾਂ 'ਚ ਪਿੰਡ ਸਾਰਨ ਦਾ ਅਨਿਲ (35), ਜਗਮਾਲ (45), 33 ਸਾਲਾ ਨੌਜਵਾਨ, ਮੰਗਲੌਰ ਦਾ 45 ਸਾਲਾ ਨੌਜਵਾਨ, ਮੰਡੀਬਾੜੀ ਦਾ ਰਹਿਣ ਵਾਲਾ ਵਿੱਕੀ (38), ਮਾਜਰਾ ਦਾ ਰਹਿਣ ਵਾਲਾ ਜਗੀਰ (70) ਸ਼ਾਮਲ ਹਨ। ਸਾਰਨ ਦੇ 33 ਸਾਲਾ ਨੌਜਵਾਨ ਦੀ ਮੌਤ ਹਾਰਟ ਅਟੈਕ ਕਾਰਨ ਦਸੀ ਜਾ ਰਹੀ ਹੈ। ਪੁਲਿਸ ਨੇ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪੋਸਟਮਾਰਟਮ ਕਰਵਾਇਆ ਹੈ। ਪੁਲਿਸ ਨੇ ਇਹ ਵੀ ਕਿਹਾ ਹੈ ਕਿ ਮੰਗਲੌਰ ਦੇ ਵਿਅਕਤੀ ਦੀ ਮੌਤ ਸ਼ਰਾਬ ਕਾਰਨ ਨਹੀਂ ਹੋਈ। ਇਨ੍ਹਾਂ ਦੋ ਮੌਤਾਂ ਸਮੇਤ ਹੁਣ ਤਕ ਜ਼ਹਿਰੀਲੀ ਸ਼ਰਾਬ ਕਾਰਨ 17 ਜਾਨਾਂ ਜਾ ਚੁੱਕੀਆਂ ਹਨ। ਸਾਰਨ 'ਚ ਹੋਈਆਂ ਮੌਤਾਂ 'ਤੇ ਪੁਲਿਸ ਨੇ ਪਿੰਡ ਦੇ ਰਾਜਕੁਮਾਰ, ਨਰੇਸ਼, ਰਾਜੇਸ਼, ਰਾਧੇਸ਼ਿਆਮ ਵਿਰੁਧ ਕਤਲ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਕਿਹਾ ਜਾ ਰਿਹਾ ਹੈ ਕਿ ਇਹ ਲੋਕ ਅੰਬਾਲਾ ਦੇ ਥੰਬੜ ਦੇ ਸ਼ਰਾਬ ਠੇਕੇਦਾਰ ਦੇ ਠੇਕੇ ਤੋਂ ਨਾਜਾਇਜ਼ ਸ਼ਰਾਬ ਲਿਆ ਕੇ ਵੇਚਦੇ ਸਨ। ਧਨੌਰਾ, ਅੰਬਾਲਾ ਵਿਚ ਬਣੀ ਨਕਲੀ ਸ਼ਰਾਬ ਉਸ ਠੇਕੇ ’ਤੇ ਸਪਲਾਈ ਕੀਤੀ ਜਾਂਦੀ ਸੀ। ਦਸਿਆ ਜਾਂਦਾ ਹੈ ਕਿ ਯਮੁਨਾਨਗਰ 'ਚ ਕਈ ਦੁਕਾਨਾਂ 'ਤੇ ਨਕਲੀ ਸ਼ਰਾਬ ਮਿਲੀ ਹੈ। ਇਸ ਵਿਚ ਕਈ ਵੱਡੇ ਠੇਕੇਦਾਰ ਸ਼ਾਮਲ ਹਨ। ਖ਼ਬਰਾਂ ਅਨੁਸਾਰ ਪੁਲਿਸ ਨੇ ਨਕਲੀ ਸ਼ਰਾਬ ਦੇ ਮਾਮਲੇ ਵਿਚ 4 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।