ਪੰਜਾਬ, ਹਰਿਆਣਾ ਤੇ ਹਿਮਾਚਲ ਸਮੇਤ ਕਈ ਸੂਬਿਆਂ 'ਚ ਮੋਹਲੇਧਾਰ ਮੀਂਹ ਦੀ ਚਿਤਾਵਨੀ

ਨਵੀਂ ਦਿੱਲੀ, 11 ਅਗਸਤ 2024 : ਰਾਜਸਥਾਨ ਦੇ ਗੰਗਾਪੁਰ ਜ਼ਿਲ੍ਹੇ 'ਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਭਾਰੀ ਬਾਰਿਸ਼ ਹੋ ਰਹੀ ਹੈ ਜਿਸ ਨਾਲ ਮੌਸਮ ਤਾਂ ਸੁਹਾਵਣਾ ਹੋਇਆ ਹੀ ਹੈ ਨਾਲ ਹੀ ਲੋਕਾਂ ਨੂੰ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰੀ ਬਾਰਿਸ਼ ਕਾਰਨ ਗੰਗਾਪੁਰ ਸਿਟੀ ਦੇ ਕਈ ਹਿੱਸਿਆੰ 'ਚ ਪਾਣੀ ਭਰਨ ਵਰਗੇ ਹਾਲਾਤ ਪੈਦਾ ਹੋ ਗਏ ਹਨ। ਜਾਣਕਾਰੀ ਦਿੰਦਿਆਂ ਮੌਸਮ ਵਿਭਾਗ ਦੇ ਵਿਗਿਆਨੀ ਡਾ. ਨਰੇਸ਼ ਕੁਮਾਰ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਉੱਤਰ-ਪੂਰਬੀ ਰਾਜਸਥਾਨ ਤੇ ਦੱਖਣ-ਪੂਰਬੀ ਉੱਤਰ ਪ੍ਰਦੇਸ਼ 'ਚ ਸਰਕੂਲੇਸ਼ਨ ਬਣਿਆ ਹੋਇਆ ਹੈ ਤੇ ਇਸੇ ਕਾਰਨ ਉੱਤਰੀ-ਪੱਛਮੀ ਇਲਾਕੇ 'ਚ ਬਾਰਿਸ਼ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਯਾਨੀ ਸ਼ਨਿਚਰਵਾਰ ਨੂੰ ਪੂਰਬੀ ਰਾਜਸਥਾਨ 'ਚ 20 ਸੈਂਟੀਮੀਟਰ ਤੋਂ ਵੱਧ ਮੀਂਹ ਪਿਆ। ਪੂਰਬੀ ਰਾਜਸਥਾਨ 'ਚ ਐਤਵਾਰ ਨੂੰ ਵੀ 12-19 ਸੈਂਟੀਮੀਟਰ ਬਾਰਿਸ਼ ਹੋ ਸਕਦੀ ਹੈ। ਵਿਗਿਆਨੀ ਡਾ. ਨਰੇਸ਼ ਕੁਮਾਰ ਨੇ ਕਿਹਾ ਕਿ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਤੇ ਉੱਤਰ-ਪੂਰਬੀ ਸੂਬਿਆਂ 'ਚ 12-20 ਸੈਂਟੀਮੀਟਰ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਰਾਜਸਥਾਨ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਦੱਖਣੀ ਭਾਰਤ ਦੇ ਸੂਬਿਆਂ ਤਾਮਿਲਨਾਡੂ, ਕੇਰਲ ਤੇ ਕਰਨਾਟਕ 'ਚ ਵੀ ਭਾਰੀ ਮੀਂਹ ਪਵੇਗਾ। ਦਿੱਲੀ NCR 'ਚ ਅੱਜ ਅਤੇ ਕੱਲ੍ਹ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ। ਰਾਜਧਾਨੀ ਦਿੱਲੀ-ਐੱਨਸੀਆਰ 'ਚ ਐਤਵਾਰ ਨੂੰ ਚੰਗੀ ਬਾਰਿਸ਼ ਦੇਖਣ ਨੂੰ ਮਿਲੀ। ਹਾਲਾਂਕਿ ਦਿੱਲੀ 'ਚ ਮੀਂਹ ਕਾਰਨ ਨਜਫਗੜ੍ਹ ਸਮੇਤ ਕਈ ਇਲਾਕਿਆਂ 'ਚ ਪਾਣੀ ਭਰ ਗਿਆ।