ਦਿੱਲੀ ਵਿੱਚ ਦੋ ਮੰਜ਼ਿਲਾ ਇਮਾਰਤ ਡਿੱਗੀ, ਦੋ ਦੀ ਮੌਤ, ਤਿੰਨ ਮਜ਼ਦੂਰ ਮਲਬੇ ਹੇਠਾਂ ਦੱਬੇ  

ਨਵੀਂ ਦਿੱਲੀ, 21 ਮਾਰਚ : ਦਿੱਲੀ ਦੇ ਵੈਲਕਮ ਇਲਾਕੇ ਕਬੀਰ ਨਗਰ ਵਿੱਚ ਇੱਕ ਦੋ ਮੰਜ਼ਿਲਾ ਇਮਾਰਤ ਡਿੱਗਣ ਨਾਲ 2 ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਅਧਿਕਾਰੀਆਂ ਮੁਤਾਬਕ ਸਥਾਨਕ ਅਧਿਕਾਰੀਆਂ ਨੂੰ ਤੜਕੇ 2:16 ਵਜੇ ਇਮਾਰਤ ਡਿੱਗਣ ਦੀ ਸੂਚਨਾ ਮਿਲੀ। ਅਧਿਕਾਰੀ ਨੇ ਦੱਸਿਆ ਕਿ ਘਟਨਾ ਦੇ ਸਮੇਂ ਇਮਾਰਤ ਦੀ ਪਹਿਲੀ ਮੰਜ਼ਿਲ ਖਾਲੀ ਸੀ, ਜਦੋਂ ਕਿ ਗਰਾਊਂਡ ਫਲੋਰ ਨੂੰ ਜੀਨਸ ਕੱਟਣ ਲਈ ਵਰਤਿਆ ਜਾ ਰਿਹਾ ਸੀ। ਇਮਾਰਤ ਡਿੱਗਣ ਨਾਲ ਤਿੰਨ ਮਜ਼ਦੂਰ ਮਲਬੇ ਹੇਠਾਂ ਦੱਬ ਗਏ। ਅਧਿਕਾਰੀ ਨੇ ਦੱਸਿਆ ਕਿ ਬਚਾਅ ਟੀਮਾਂ ਨੇ ਤੁਰੰਤ ਜਵਾਬ ਦਿੱਤਾ ਅਤੇ ਕਰਮਚਾਰੀਆਂ ਨੂੰ ਮਲਬੇ ‘ਚੋਂ ਬਾਹਰ ਕੱਢ ਲਿਆ ਗਿਆ। ਇਸ ਦੇ ਬਾਵਜੂਦ ਜੀਟੀਬੀ ਹਸਪਤਾਲ ਪਹੁੰਚਣ ‘ਤੇ ਦੋ ਮਜ਼ਦੂਰਾਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ਦੀ ਪਛਾਣ 30 ਸਾਲਾ ਅਰਸ਼ਦ ਅਤੇ 20 ਸਾਲਾ ਤੌਹੀਦ ਵਜੋਂ ਹੋਈ ਹੈ। ਇਸ ਘਟਨਾ ਵਿੱਚ ਤੀਜਾ ਮੁਲਾਜ਼ਮ 22 ਸਾਲਾ ਰੇਹਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਨਾਰਥ ਈਸਟ ਦੇ ਡੀਸੀਪੀ ਜੋਏ ਟਿਰਕੀ ਨੇ ਦੱਸਿਆ ਕਿ ਰੇਹਾਨ ਦਾ ਫਿਲਹਾਲ ਜੀਟੀਬੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।