ਘਰ ਦੀ ਛੱਤ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ, 6 ਮਲਬੇ ਹੇਠਾਂ ਦੱਬੇ

ਨਵੀਂ ਦਿੱਲੀ, 27 ਦਸੰਬਰ : ਮੱਧ ਦਿੱਲੀ ਦੇ ਚਾਂਦਨੀ ਮਹਿਲ ਇਲਾਕੇ 'ਚ ਮੰਗਲਵਾਰ ਸਵੇਰੇ ਘਰ ਦੀ ਛੱਤ ਡਿੱਗਣ ਕਾਰਨ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕੋ ਪਰਿਵਾਰ ਦੇ ਚਾਰ ਹੋਰ ਮੈਂਬਰ ਜ਼ਖਮੀ ਹੋ ਗਏ। ਅੱਜ ਤੜਕੇ 4.45 ਵਜੇ 50 ਗਜ਼ ਦੇ ਮਕਾਨ ਦੀ ਛੱਤ ਡਿੱਗ ਗਈ, ਜਿਸ ਕਾਰਨ ਇੱਕ ਹੀ ਪਰਿਵਾਰ ਦੇ 6 ਮੈਂਬਰ ਮਲਬੇ ਹੇਠਾਂ ਦੱਬ ਗਏ। ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਟੀਮ ਮੌਕੇ 'ਤੇ ਪਹੁੰਚ ਗਈ। ਫਾਇਰ ਬ੍ਰਿਗੇਡ ਦੇ ਅਨੁਸਾਰ, ਛੇ ਲੋਕਾਂ ਵਿੱਚੋਂ ਇੱਕ ਔਰਤ ਅਤੇ ਇੱਕ ਬੱਚੇ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਚਾਰ ਬੱਚੇ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਚਾਂਦਨੀ ਮਹਿਲ ਇਲਾਕੇ ਦੇ ਚਿਤਲੀ ਕਬਰ ਸਥਿਤ ਇਕ ਘਰ ਦੀ ਛੱਤ ਡਿੱਗਣ ਦੀ ਸੂਚਨਾ ਮਿਲੀ ਸੀ। ਮੌਕੇ ‘ਤੇ ਪਹੁੰਚੀ ਪੁਲਿਸ ਟੀਮ ਨੇ ਦੇਖਿਆ ਕਿ ਉਥੇ ਮਲਬਾ ਫੈਲਿਆ ਹੋਇਆ ਸੀ। ਮਾਂ-ਪੁੱਤ ਦੀ ਮੌਤ ਹੋ ਚੁੱਕੀ ਸੀ। ਚਾਰ ਜਣੇ ਗੰਭੀਰ ਰੂਪ ਨਾਲ ਜ਼ਖਮੀ ਹਨ, ਜਿਨ੍ਹਾਂ ਨੂੰ ਐੱਲਐੱਨਜੇਪੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਵਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।