ਜੰਮੂ-ਸ੍ਰੀਨਗਰ ਨੈਸ਼ਨਲ ਹਾਈਵੇ ’ਤੇ ਵਾਪਰਿਆ ਦਰਦਨਾਕ ਹਾਦਸਾ, 4 ਲੋਕਾਂ ਦੀ ਮੌਤ

ਰਾਮਬਨ, 12 ਸਤੰਬਰ : ਜੰਮੂ-ਸ੍ਰੀਨਗਰ ਨੈਸ਼ਨਲ ਹਾਈਵੇ ’ਤੇ ਦਰਦਨਾਕ ਹਾਦਸਾ ਹੋ ਗਿਆ, ਜਿਸ ਦੀ ਲਪੇਟ ’ਚ ਆਉਣ ਨਾਲ 4 ਲੋਕਾਂ ਦੀ ਮੌਤ ਹੋ ਗਈ। ਜੰਮੂ ਦੇ ਰਾਮਬਨ ਜ਼ਿਲ੍ਹੇ ’ਚ ਜੰਮੂ-ਕਸ਼ਮੀਰ ਨੈਸ਼ਨਲ ਹਾਈਵੇ ’ਤੇ ਜ਼ਮੀਨ ਖਿਸਕਣ ਕਰਕੇ ਹ ਹਾਦਸਾ ਵਾਪਰਿਆ। ਇਕ ਟਰੱਕ ਇਸ ਦੀ ਲਪੇਟ ’ਚ ਆ ਗਿਆ ਤੇ ਡੂੰਘੀ ਖੱਡ ’ਚ ਜਾ ਡਿੱਗਿਆ। ਜਿਸ ਨਾਲ ਗੱਡੀ ’ਚ ਚਾਰ ਸਵਾਰ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਅਨੁਸਾਰ ਇਹ ਦਰਦਨਾਕ ਹਾਦਸਾ ਬਨਿਹਾਲ ਸ਼ਹਿਰ ਕੋਲ ਨੈਸ਼ਨਲ ਹਾਈਵੇ ਦੇ ਸ਼ੋਰਬੀਬੀ ਖੰਡ ’ਤੇ ਵਾਪਰਿਆ। ਸਥਾਨਕ ਲੋਕਾਂ ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਉਨ੍ਹਾਂ ਚਾਰ ਲੋਕਾਂ ਨੂੰ ਬਾਹਰ ਕੱਢਿਆ। ਮ੍ਰਿਤਕਾਂ ਦੀ ਪਛਾਣ ਕੁਲਗਾਮ ਦੇ ਟਰੱਕ ਚਾਲਕ ਮੁਹੰਮਦ ਅਫ਼ਜਲ ਗਾਰੂ (42), ਉਸ ਦੇ ਭਰਾ ਅਲਤਾਫ ਗਾਰੂ (36), ਅਨੰਤਨਾਗ ਦੇ ਇਰਫਾਨ ਅਹਮਿਦ (33) ਤੇ ਉਸ ਦੇ ਭਰਾ ਸ਼ੌਕਤ ਅਹਿਮਦ (29) ਦੇ ਰੂਪ ’ਚ ਹੋਈ ਹੈ। ਜਾਣਕਾਰੀ ਅਨੁਸਾਰ ਟਰੱਕ ’ਚ ਛੇ ਪਸ਼ੂਆਂ ਨੂੰ ਲੈ ਕੇ ਜਾ ਰਹੇ ਸਨ ਜੋ ਸਾਰੇ ਹਾਦਸੇ ਦਾ ਸ਼ਿਕਾਰ ਹੋ ਗਏ ਤੇ ਛੇ ਪਸ਼ੂਆਂ ਦੀ ਵੀ ਮੌਤ ਹੋ ਗਈ। ਹਾਈਵੇ ’ਤੇ ਜ਼ਮੀਨ ਖਿਸਕਣ ਕਾਰਨ ਦੋਵੇਂ ਪਾਸਿਓਂ ਆਵਾਜਾਈ ਨੂੰ ਰੋਕ ਦਿੱਤਾ ਗਿਆ ਹੈ। ਬਾਡੀ ਨੂੰ ਬਰਾਮਦ ਕਰ ਕੇ ਪੋਸਟਮਾਰਟਮ ਦੇ ਐੱਸਡੀਐੱਸ ਬਨਿਹਾਲ ’ਚ ਸ਼ਿਫਟ ਕਰ ਦਿੱਤਾ ਗਿਆ ਹੈ। ਰਾਮਬਨ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਿਲਹਾਲ ਘਟਨਾ ਦੇ ਸਥਾਨ ’ਤੇ ਰਾਹਤ-ਬਚਾਅ ਦਾ ਕੰਮ ਜਾਰੀ ਹੈ। ਜੰਮੂ-ਕਸ਼ਮੀਰ ਟ੍ਰੈਫਿਕ ਪੁਲਿਸ ਅਨੁਸਾਰ, ਕਿਸ਼ਤਵਾੜੀ, ਪਾਥੇਰ ਤੇ ਬਨਿਹਾਲ ’ਚ ਜ਼ਮੀਨ ਖਿਸਕਣ ਨਾਲ ਹਾਈਵੇ ’ਤੇ ਆਵਾਜਾਈ ਨੂੰ ਰੋਕ ਦਿੱਤਾ ਗਿਆ ਹੈ। ਉੱਥੇ ਹੀ ਉਨ੍ਹਾਂ ਨੇ ਐਡਵਾਈਜ਼ਰੀ ਜਾਰੀ ਕਰਦੇ ਹੋਏ ਕਿਹਾ ਕਿ ਕਿਤੇ ਵੀ ਜਾਣ ਤੋਂ ਪਹਿਲਾਂ ਟ੍ਰੈਫਿਕ ਪੁਲਿਸ ਦੀ ਸਲਾਹ ਲਵੋ। ਜ਼ਿਕਰਯੋਗ ਹੈ ਕਿ ਹਾਈਵੇ ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਤੋਂ ਹਰ ਮੌਸਮ ’ਚ ਜੋੜਨ ਵਾਲੀ ਇਕਮਾਤਰ ਸੜਕ ਹੈ। ਇਸ ਲਈ ਜਲਦ ਹੀ ਇੱਥੇ ਆਵਾਜਾਈ ਸ਼ੁਰੂ ਕਰਨ ਦੇ ਯਤਨ ਕੀਤੇ ਜਾ ਰਹੇ ਹਨ।