ਅੱਜ ਦੇਸ਼ ਲਈ ਇਤਿਹਾਸਕ ਦਿਨ ਹੈ - ਜਨ ਧਨ ਦੇ 10 ਸਾਲ ਹੋਏ ਪੂਰੇ : ਪ੍ਰਧਾਨ ਮੰਤਰੀ ਮੋਦੀ 

ਨਵੀਂ ਦਿੱਲੀ, 28 ਅਗਸਤ 2024 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਜਨ ਧਨ ਯੋਜਨਾ ਨੂੰ ਸਫਲ ਬਣਾਉਣ ਲਈ ਕੰਮ ਕਰਨ ਵਾਲਿਆਂ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਇਹ ਸਕੀਮ ਵਿੱਤੀ ਸਮਾਵੇਸ਼ ਨੂੰ ਵਧਾਉਣ ਲਈ ਮਹੱਤਵਪੂਰਨ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, 'ਅੱਜ ਅਸੀਂ ਜਨ ਧਨ ਦੇ 10 ਸਾਲ ਪੂਰੇ ਹੋਣ ’ਤੇ ਮਹੱਤਵਪੂਰਨ ਮੌਕੇ ਦਾ ਜਸ਼ਨ ਮਨਾ ਰਹੇ ਹਾਂ। ਸਾਰੇ ਲਾਭਪਾਤਰੀਆਂ ਨੂੰ ਵਧਾਈ ਤੇ ਇਸ ਯੋਜਨਾ ਨੂੰ ਸਫਲ ਬਣਾਉਣ ਵਾਲੇ ਸਾਰੇ ਲੋਕਾਂ ਨੂੰ ਵਧਾਈ। ਪੀਐੱਮ ਮੋਦੀ ਨੇ ਐਕਸ 'ਤੇ ਕਿਹਾ, "ਅੱਜ ਦੇਸ਼ ਲਈ ਇਤਿਹਾਸਕ ਦਿਨ ਹੈ - ਜਨ ਧਨ ਦੇ 10 ਸਾਲ। ਇਸ ਮੌਕੇ 'ਤੇ ਮੈਂ ਸਾਰੇ ਲਾਭਪਾਤਰੀਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਵੀ ਵਧਾਈ ਦਿੰਦਾ ਹਾਂ, ਜਿਨ੍ਹਾਂ ਨੇ ਇਸ ਯੋਜਨਾ ਨੂੰ ਸਫਲ ਬਣਾਉਣ ਲਈ ਦਿਨ-ਰਾਤ ਕੰਮ ਕੀਤਾ। ਜਨ-ਧਨ ਯੋਜਨਾ ਕਰੋੜਾਂ ਦੇਸ਼ਵਾਸੀਆਂ, ਖਾਸ ਕਰਕੇ ਸਾਡੇ ਗ਼ਰੀਬ ਭੈਣਾਂ-ਭਰਾਵਾਂ ਨੂੰ ਆਰਥਿਕ ਤੌਰ 'ਤੇ ਸਸ਼ਕਤ ਕਰਨ ਅਤੇ ਉਨ੍ਹਾਂ ਨੂੰ ਸਨਮਾਨ ਨਾਲ ਜਿਊਣ ਦਾ ਮੌਕਾ ਦੇਣ ਵਿਚ ਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਜਨ-ਧਨ ਯੋਜਨਾ ਵਿੱਤੀ ਸਮਾਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਕਰੋੜਾਂ ਲੋਕਾਂ, ਖਾਸ ਕਰਕੇ ਔਰਤਾਂ, ਨੌਜਵਾਨਾਂ ਅਤੇ ਹਾਸ਼ੀਏ 'ਤੇ ਪਏ ਭਾਈਚਾਰਿਆਂ ਨੂੰ ਮਾਣ-ਸਨਮਾਨ ਦੇਣ ਲਈ ਮੋਹਰੀ ਰਹੀ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਜਨ ਧਨ ਯੋਜਨਾ 2014 (28 ਅਗਸਤ) ਨੂੰ ਅੱਜ ਦੇ ਦਿਨ ਸ਼ੁਰੂ ਕੀਤੀ ਗਈ ਸੀ। ਇਹ ਸਕੀਮ ਬੈਂਕਿੰਗ ਖਾਤੇ, ਵਿੱਤੀ ਸਾਖਰਤਾ, ਕ੍ਰੈਡਿਟ, ਬੀਮਾ ਅਤੇ ਪੈਨਸ਼ਨ ਸੁਵਿਧਾਵਾਂ ਤਕ ਪਹੁੰਚ ਵਾਲੇ ਹਰ ਪਰਿਵਾਰ ਲਈ ਬੈਂਕਿੰਗ ਸੁਵਿਧਾਵਾਂ ਤਕ ਵਿਆਪਕ ਪਹੁੰਚ ਦੀ ਕਲਪਨਾ ਕਰਦੀ ਹੈ। ਇਸ ਸਮੇਂ ਦੇਸ਼ ਵਿਚ 53.13 ਕਰੋੜ ਜਨ ਧਨ ਖਾਤੇ ਹਨ। ਇਨ੍ਹਾਂ 'ਚ ਕਰੀਬ 2.3 ਖਰਬ ਰੁਪਏ ਜਮ੍ਹਾਂ ਹਨ। ਇਨ੍ਹਾਂ ਵਿੱਚੋਂ 80 ਫੀਸਦੀ ਖਾਤੇ ਐਕਟਿਵ ਹਨ। ਪ੍ਰਧਾਨ ਮੰਤਰੀ ਜਨ ਧਨ ਯੋਜਨਾ ਤਹਿਤ ਸਰਕਾਰ 11 ਕਰੋੜ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਭੇਜਦੀ ਹੈ।