ਲਖਨਊ ਦੇ ਟਰਾਂਸਪੋਰਟ ਨਗਰ ਵਿੱਚ ਡਿੱਗੀ ਤਿੰਨ ਮੰਜ਼ਿਲਾ ਇਮਾਰਤ, 8 ਲੋਕਾਂ ਦੀ ਮੌਤ  

ਲਖਨਊ, 08 ਸਤੰਬਰ 2024 : ਲਖਨਊ ਦੇ ਟਰਾਂਸਪੋਰਟ ਨਗਰ ਵਿੱਚ ਅੱਜ ਦੇਰ ਰਾਤ ਮਲਬੇ ਵਿੱਚੋਂ ਤਿੰਨ ਹੋਰ ਲਾਸ਼ਾਂ ਕੱਢਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਅੱਠ ਹੋ ਗਈ ਹੈ। NDRF, SDRF ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਅਜੇ ਵੀ ਬਚਾਅ ਕਾਰਜ 'ਚ ਜੁਟੀਆਂ ਹੋਈਆਂ ਹਨ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਢਹਿ ਢੇਰੀ ਹੋਈ ਤਿੰਨ ਮੰਜ਼ਿਲਾ ਇਮਾਰਤ ਦਾ ਨਿਰਮਾਣ ਕਰੀਬ ਚਾਰ ਸਾਲ ਪਹਿਲਾਂ ਹੋਇਆ ਸੀ। ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਬਚਾਅ ਕਾਰਜ 'ਚ ਲੱਗੀਆਂ ਟੀਮਾਂ ਨੇ ਮਲਬੇ 'ਚੋਂ ਤਿੰਨ ਹੋਰ ਲਾਸ਼ਾਂ ਨੂੰ ਕੱਢ ਲਿਆ ਹੈ, ਜਿਸ ਤੋਂ ਬਾਅਦ ਇਸ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਅੱਠ ਹੋ ਗਈ ਹੈ। ਰਾਹਤ ਕਮਿਸ਼ਨਰ ਜੀਐਸ ਨਵੀਨ ਨੇ ਦੱਸਿਆ ਕਿ ਐਸਡੀਆਰਐਫ ਨੇ ਬਚਾਅ ਮੁਹਿੰਮ ਦੌਰਾਨ ਤਿੰਨ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਇਨ੍ਹਾਂ ਦੀ ਪਛਾਣ ਰਾਜ ਕਿਸ਼ੋਰ (27), ਰੁਦਰ ਯਾਦਵ (24) ਅਤੇ ਜਗਰੂਪ ਸਿੰਘ (35) ਵਜੋਂ ਹੋਈ ਹੈ। ਇਸ ਤੋਂ ਪਹਿਲਾਂ ਧੀਰਜ ਗੁਪਤਾ (48), ਪੰਕਜ ਤਿਵਾੜੀ (40), ਅਰੁਣ ਸੋਨਕਰ (28), ਰਾਕੇਸ਼ ਲਖਨਪਾਲ (67) ਅਤੇ ਜਸਪ੍ਰੀਤ ਸਿੰਘ ਸਾਹਨੀ (41) ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ। ਇੱਕ ਸਮਾਚਾਰ ਏਜੰਸੀ ਦੇ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਹ ਹੁਣ ਇਹ ਯਕੀਨੀ ਬਣਾਉਣ 'ਤੇ ਧਿਆਨ ਦੇ ਰਹੇ ਹਨ ਕਿ ਮਲਬੇ ਹੇਠਾਂ ਕੋਈ ਹੋਰ ਨਾ ਫਸਿਆ ਹੋਵੇ। ਪੁਲਿਸ ਨੇ ਦੱਸਿਆ ਕਿ ਇਹ ਇਮਾਰਤ ਕਰੀਬ ਚਾਰ ਸਾਲ ਪਹਿਲਾਂ ਬਣੀ ਸੀ ਅਤੇ ਘਟਨਾ ਦੇ ਸਮੇਂ ਕੁਝ ਉਸਾਰੀ ਦਾ ਕੰਮ ਚੱਲ ਰਿਹਾ ਸੀ। ਸ਼ਨੀਵਾਰ ਸ਼ਾਮ ਨੂੰ ਭਾਰੀ ਬਰਸਾਤ ਤੋਂ ਬਾਅਦ ਕਰੀਬ 4:45 ਵਜੇ ਇਹ ਘਟਨਾ ਵਾਪਰੀ ਤਾਂ ਜ਼ਿਆਦਾਤਰ ਪੀੜਤ ਗ੍ਰਾਊਂਡ ਫਲੋਰ 'ਤੇ ਕੰਮ ਕਰ ਰਹੇ ਸਨ। ਜ਼ਖ਼ਮੀਆਂ ਨੂੰ ਜ਼ਿਲ੍ਹੇ ਦੇ ਲੋਕ ਬੰਧੂ ਹਸਪਤਾਲ ਸਮੇਤ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀਆਂ ਮੁਤਾਬਕ ਇਮਾਰਤ ਦੀ ਹੇਠਲੀ ਮੰਜ਼ਿਲ 'ਤੇ ਮੋਟਰ ਵਰਕਸ਼ਾਪ ਅਤੇ ਗੋਦਾਮ, ਪਹਿਲੀ ਮੰਜ਼ਿਲ 'ਤੇ ਮੈਡੀਕਲ ਵੇਅਰਹਾਊਸ ਅਤੇ ਦੂਜੀ ਮੰਜ਼ਿਲ 'ਤੇ ਕਟਲਰੀ ਦਾ ਗੋਦਾਮ ਸੀ।ਆਕਾਸ਼ ਸਿੰਘ, ਜੋ ਮੈਡੀਕਲ ਗੋਦਾਮ ਵਿੱਚ ਕੰਮ ਕਰਦਾ ਹੈ ਅਤੇ ਜ਼ਖ਼ਮੀਆਂ ਵਿੱਚ ਸ਼ਾਮਲ ਹੈ, ਨੇ ਦੱਸਿਆ ਕਿ ਇਮਾਰਤ ਦੇ ਇੱਕ ਥੰਮ੍ਹ ਵਿੱਚ ਦਰਾਰ ਆ ਗਈ ਸੀ। ਉਨ੍ਹਾਂ ਕਿਹਾ, "ਬਰਸਾਤ ਹੋਣ ਕਾਰਨ ਅਸੀਂ ਗ੍ਰਾਊਂਡ ਫਲੋਰ 'ਤੇ ਆ ਗਏ। ਅਸੀਂ ਦੇਖਿਆ ਕਿ ਇਮਾਰਤ ਦੇ ਇੱਕ ਖੰਭੇ 'ਚ ਦਰਾੜ ਆ ਗਈ ਸੀ। ਅਚਾਨਕ ਪੂਰੀ ਇਮਾਰਤ ਸਾਡੇ 'ਤੇ ਡਿੱਗ ਗਈ। ਦੱਸ ਦੇਈਏ ਕਿ ਬੀਤੇ ਸ਼ਨੀਵਾਰ ਨੂੰ ਸਰੋਜਨੀ ਨਗਰ ਇਲਾਕੇ ਦੇ ਟਰਾਂਸਪੋਰਟ ਨਗਰ ਵਿੱਚ ਇੱਕ ਤਿੰਨ ਮੰਜ਼ਿਲਾ ਇਮਾਰਤ ਡਿੱਗ ਗਈ ਸੀ। ਇਸ ਇਮਾਰਤ ਦੇ ਮਲਬੇ ਹੇਠ ਕਈ ਲੋਕ ਦੱਬ ਗਏ, ਜਿਨ੍ਹਾਂ ਵਿੱਚੋਂ 28 ਲੋਕਾਂ ਨੂੰ ਬਚਾ ਲਿਆ ਗਿਆ ਹੈ। ਹੁਣ ਤੱਕ ਅੱਠ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਮ੍ਰਿਤਕ ਦੇ ਵਾਰਸਾਂ ਨੂੰ 2 ਲੱਖ ਅਤੇ ਜ਼ਖਮੀਆਂ ਨੂੰ 50,000 ਦੇਣ ਦਾ ਐਲਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ-ਗ੍ਰੇਸ਼ੀਆ ਦਾ ਐਲਾਨ ਕੀਤਾ ਹੈ। ਇਮਾਰਤ ਹਾਦਸੇ ਚ ਹਰੇਕ ਮ੍ਰਿਤਕ ਦੇ ਵਾਰਸਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫ਼ੰਡ (ਪੀ.ਐਮ.ਆਰ.ਐਫ.) ਵਲੋਂ 2 ਲੱਖ ਅਤੇ ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ।