ਸਿੱਕਮ 'ਚ ਤੇਜ਼ ਰਫ਼ਤਾਰ ਟਰੱਕ ਦੇ ਪਲਟਣ ਕਾਰਨ ਤਿੰਨ ਲੋਕਾਂ ਦੀ ਮੌਤ, 20 ਲੋਕ ਜ਼ਖ਼ਮੀ

ਗੰਗਟੋਕ, 11 ਫਰਵਰੀ : ਸਿੱਕਮ 'ਚ ਤੇਜ਼ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲਿਆ ਹੈ। ਸੂਬੇ ਦੇ ਗੰਗਟੋਕ ਜ਼ਿਲ੍ਹੇ ਦੇ ਰਾਨੀਪੂਲ ਵਿਖੇ ਬੀਤੀ ਸ਼ਾਮ ਤੰਬੋਲਾ ਸਮਾਗਮ ਦੌਰਾਨ ਇੱਕ ਟਰੱਕ ਦੇ ਅਚਾਨਕ ਪਲਟਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਟਰੱਕ ਹਾਦਸੇ 'ਚ 20 ਲੋਕ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਨੂੰ ਮਨੀਪਾਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਗੰਗਟੋਕ ਦੇ ਜ਼ਿਲਾ ਮੈਜਿਸਟ੍ਰੇਟ ਤੁਸ਼ਾਰ ਨਿਖਾਰੇ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਕਰੀਬ 7.30 ਵਜੇ ਰਾਣੀਪੁਰ 'ਚ ਤੰਬੋਲਾ ਪ੍ਰੋਗਰਾਮ ਚੱਲ ਰਿਹਾ ਸੀ। ਉਦੋਂ ਇਕ ਟਰੱਕ ਪ੍ਰੋਗਰਾਮ 'ਚ ਆ ਗਿਆ, ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 20 ਮਰੀਜ਼ਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਫਿਲਹਾਲ ਹਰ ਕੋਈ ਨਿਗਰਾਨੀ ਹੇਠ ਹੈ। ਡੀ.ਐਮ ਤੁਸ਼ਾਰ ਨੇ ਦੱਸਿਆ ਕਿ ਮਰੀਜ਼ਾਂ ਦਾ ਪੂਰਾ ਇਲਾਜ ਕੀਤਾ ਜਾ ਰਿਹਾ ਹੈ। ਡੀਐਮ ਨੇ ਕਿਹਾ ਕਿ ਉਮੀਦ ਹੈ ਕਿ ਅਸੀਂ ਮੌਤਾਂ ਦੀ ਗਿਣਤੀ ਨੂੰ ਵਧਣ ਨਹੀਂ ਦੇਵਾਂਗੇ। ਸਿੱਕਮ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਦੇ ਨਿਰਦੇਸ਼ਾਂ ਹੇਠ ਸਿੱਕਮ ਸਰਕਾਰ ਨੇ ਪਹਿਲਾਂ ਹੀ ਐਲਾਨ ਕੀਤਾ ਹੈ ਕਿ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ 5 ਲੱਖ ਰੁਪਏ ਦੀ ਅਦਾਇਗੀ ਕੀਤੀ ਜਾਵੇਗੀ। ਮਨੀਪਾਲ ਵਿੱਚ ਇਲਾਜ ਅਧੀਨ ਮਰੀਜ਼ ਦਾ ਸਾਰਾ ਖ਼ਰਚਾ ਵੀ ਸੂਬਾ ਸਰਕਾਰ ਵੱਲੋਂ ਚੁੱਕਿਆ ਜਾਵੇਗਾ। ਜੇਕਰ ਕਿਸੇ ਗੰਭੀਰ ਮਰੀਜ਼ ਨੂੰ ਸੂਬੇ ਤੋਂ ਬਾਹਰ ਰੈਫਰ ਕਰਨਾ ਪੈਂਦਾ ਹੈ, ਜਿਸ ਦਾ ਇਲਾਜ ਇੱਥੇ ਉਪਲਬਧ ਨਹੀਂ ਹੈ, ਤਾਂ ਉਸ ਦਾ ਖਰਚਾ ਵੀ ਸੂਬਾ ਸਰਕਾਰ ਵੱਲੋਂ ਹੀ ਕੀਤਾ ਜਾਵੇਗਾ।