ਜੈਪੁਰ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ 

ਜੈਪੁਰ, 13 ਜੂਨ 2024 : ਜੈਪੁਰ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚੋਂ ਇੱਕ ਪੰਜ ਸਾਲ ਦੀ ਬੱਚੀ ਹੈ। ਇਹ ਹਾਦਸਾ ਦੇਰ ਰਾਤ ਤਰਾਈਸਰ ਥਾਣਾ ਖੇਤਰ 'ਚ ਵਾਪਰਿਆ, ਜਦੋਂ ਪਰਿਵਾਰ ਉੱਤਰ ਪ੍ਰਦੇਸ਼ ਤੋਂ ਰਾਜਸਥਾਨ ਦੇ ਸੀਕਰ 'ਚ ਸਥਿਤ ਖਾਟੂ ਸ਼ਿਆਮ ਮੰਦਰ 'ਚ ਦਰਸ਼ਨ ਕਰਕੇ ਵਾਪਸ ਆ ਰਿਹਾ ਸੀ। ਹਾਦਸੇ ਤੋਂ ਬਾਅਦ ਕਾਰ ਟਰੱਕ ਦੇ ਹੇਠਾਂ ਦੱਬ ਗਈ। ਪੂਰਾ ਪਰਿਵਾਰ ਕਰੀਬ 4 ਘੰਟੇ ਤੱਕ ਕਾਰ 'ਚ ਫਸਿਆ ਰਿਹਾ। ਸਥਾਨਕ ਲੋਕਾਂ ਨੇ ਕਿਹਾ ਕਿ ਜੇਕਰ ਪੁਲਿਸ ਨੇ ਦੇਰੀ ਨਾ ਕੀਤੀ ਹੁੰਦੀ ਤਾਂ ਪਰਿਵਾਰ ਨੂੰ ਬਚਾਇਆ ਜਾ ਸਕਦਾ ਸੀ। ਪਰਿਵਾਰ ਸ਼ਾਮ ਨੂੰ 6 ਵਜੇ ਖਾਟੂ ਸ਼ਿਆਮ ਮੰਦਰ ਗਿਆ। ਰਾਤ ਕਰੀਬ 12.30 ਵਜੇ ਘਰ ਨੂੰ ਜਾਂਦੇ ਸਮੇਂ ਰਾਏਸਲ ਥਾਣਾ ਖੇਤਰ 'ਚ ਬਚੀ ਮਾਤਾ ਮੋੜ 'ਤੇ ਕਾਰ ਦੀ ਟੱਕਰ ਆ ਰਹੇ ਟਰੱਕ ਨਾਲ ਹੋ ਗਈ। ਟੱਕਰ ਹੋਣ ਤੋਂ ਬਾਅਦ ਕਾਰ ਟਰੱਕ ਦੇ ਹੇਠਾਂ ਦੱਬ ਗਈ। ਰਾਏਸਰ ਥਾਣਾ ਇੰਚਾਰਜ ਮਹਿੰਦਰ ਸਿੰਘ ਸ਼ੇਖਾਵਤ ਨੇ ਦੱਸਿਆ ਕਿ ਟਰੱਕ ਨਾਲ ਟਕਰਾਉਣ ਤੋਂ ਬਾਅਦ ਕਾਰ ਸੜਕ ਦੇ ਕਿਨਾਰੇ ਖਾਈ 'ਚ ਜਾ ਡਿੱਗੀ ਅਤੇ ਟਰੱਕ ਕਾਰ 'ਤੇ ਜਾ ਡਿੱਗਿਆ। ਉਸ ਨੇ ਦੱਸਿਆ ਕਿ ਕਾਰ ਵਿੱਚ ਰਵੀ (28), ਉਸ ਦੀ ਭੈਣ ਰਿੰਕੀ (24), ਉਸ ਦਾ ਪਤੀ ਅੰਕਿਤ (30) ਅਤੇ ਉਨ੍ਹਾਂ ਦੀ ਤਿੰਨ ਸਾਲਾ ਬੇਟੀ ਦੇਵਕੀ ਸਵਾਰ ਸਨ। ਸ਼ੇਖਾਵਤ ਨੇ ਦੱਸਿਆ ਕਿ ਹਾਦਸੇ 'ਚ ਰਵੀ, ਅੰਕਿਤ ਅਤੇ ਦੇਵਕੀ ਦੀ ਮੌਤ ਹੋ ਗਈ, ਜਦਕਿ ਰਿੰਕੀ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਘਟਨਾ ਤੋਂ ਬਾਅਦ ਟਰੱਕ ਡਰਾਈਵਰ ਫਰਾਰ ਹੋ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰ ਨੂੰ ਸੌਂਪ ਦਿੱਤੀਆਂ ਜਾਣਗੀਆਂ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।