ਵਿਕਸਿਤ ਭਾਰਤ ਦੇ ਨਿਰਮਾਣ ਦੇ ਸੰਕਲਪ ਅੱਗੇ ਕੁਝ ਬੁਰਾਈਆਂ ਰੋੜਾ ਬਣੀਆਂ ਹੋਈਆਂ ਹਨ : ਪ੍ਰਧਾਨ ਮੰਤਰੀ ਮੋਦੀ 

ਨਵੀਂ ਦਿੱਲੀ, 8 ਅਗਸਤ : ਰਾਸ਼ਟਰੀ ਹੱਥਖੱਡੀ ਦਿਵਸ ਮੌਕੇ ਸੋਮਵਾਰ ਨੂੰ ਦੇਸ਼ ਦੇ ਸੈਂਕੜੇ ਬੁਨਕਰਾਂ ਤੇ ਟੈਕਸਟਾਈਲ ਸੈਕਟਰ ਦੇ ਉੱਦਮੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਨਿਰਮਾਣ ਦੇ ਸੰਕਲਪ ਅੱਗੇ ਕੁਝ ਬੁਰਾਈਆਂ ਰੋੜਾ ਬਣੀਆਂ ਹੋਈਆਂ ਹਨ। ਇਨ੍ਹਾਂ ਬੁਰਾਈਆਂ ਵਿਚ ਭ੍ਰਿਸ਼ਟਾਚਾਰ, ਪਰਿਵਾਰਵਾਦ ਤੇ ਤੁਸ਼ਟੀਕਰਨ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਨੌਂ ਅਗਸਤ ਨੂੰ ਹੀ ਭਾਰਤ ਛੱਡੋ ਅੰਦੋਲਨ ਸ਼ੁਰੂ ਹੋਇਆ ਸੀ ਅਤੇ ਮਹਾਤਮਾ ਗਾਂਧੀ ਨੇ ਅੰਗਰੇਜ਼ਾਂ ਨੂੰ ਸਾਫ਼-ਸਾਫ਼ ਭਾਰਤ ਛੱਡਣ ਲਈ ਕਹਿ ਦਿੱਤਾ ਸੀ। ਵੈਸੇ ਹੀ ਭ੍ਰਿਸ਼ਟਾਚਾਰ, ਪਰਿਵਾਰਵਾਦ ਤੇ ਤੁਸ਼ਟੀਕਰਨ ਨੂੰ ਭਾਰਤ ਛੱਡਣਾ ਹੋਵੇਗਾ। ਵਰਨਣਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਵਿਰੋਧੀ ਗੱਠਜੋੜ ‘ਇੰਡੀਆ’ ’ਤੇ ਤਨਜ਼ ਕੱਸਦਿਆਂ ਰਾਜਸਥਾਨ ਦੀ ਇਕ ਰੈਲੀ ਵਿਚ ਵੀ ਇਹ ਗੱਲਾਂ ਕਹੀਆਂ ਸਨ। ਪ੍ਰਗਤੀ ਮੈਦਾਨ ’ਚ ਹੱਥਖੱਡੀ ਦਿਵਸ ਮੌਕੇ ਸੰਬੋਧਨ ਦੌਰਾਨ ਮੋਦੀ ਨੇ ਕਿਹਾ, ‘ਅਸੀਂ ਆਪਣੇ ਹੈਂਡਲੂਮ, ਖਾਦੀ ਤੇ ਟੈਕਸਟਾਈਲ ਸੈਕਟਰ ਨੂੰ ਵਿਸ਼ਵ ਚੈਂਪੀਅਨ ਬਣਾਉਣਾ ਚਾਹੁੰਦੇ ਹਾਂ। ਇਸ ਦੇ ਲਈ ਕਿਰਤੀ, ਬੁਨਕਰ, ਡਿਜ਼ਾਇਨਰ ਤੇ ਇੰਡਸਟਰਟੀ ਸਭ ਨੂੰ ਇਕਜੁੱਟ ਯਤਨ ਕਰਨੇ ਹੋਣਗੇ। ਟੈਕਸਟਾਈਲ ਵਿਚ ਉੱਦਮੀਆਂ ਦੇ ਲਈ ਬਹੁਤ ਵੱਡਾ ਮੌਕਾ ਹੈ। ਉਨ੍ਹਾਂ ਨੂੰ ਸਥਾਨਕ ਸਪਲਾਈ ਚੇਨ ’ਤੇ ਨਿਵੇਸ਼ ਕਰਨਾ ਹੀ ਹੋਵੇਗਾ, ਕਿਉਂਕਿ ਇਹੀ ਵਿਕਸਿਤ ਭਾਰਤ ਦੇ ਨਿਰਮਾਤਾ ਦਾ ਰਸਤਾ ਹੈ। ਇਸ ਨਾਲ ਸਵਦੇਸ਼ੀ ਦੇ ਨਾਲ ਪੰਜ ਟ੍ਰਿਲੀਅਨ ਡਾਲਰ ਦੀ ਇਕੋਨਮੀ ਬਣਨ ਦਾ ਸੁਪਨਾ ਸਾਕਾਰ ਹੋਵੇਗਾ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ 13 ਕਰੋੜ ਲੋਕ ਭਾਰਤ ’ਚ ਗਰੀਬੀ ਤੋਂ ਬਾਹਰ ਨਿਕਲੇ ਹਨ। ਇਸ ਕੰਮ ’ਚ ਖਾਦੀ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਵੋਕਲ ਫਾਰ ਲੋਕਲ ਦੀ ਭਾਵਨਾ ਨਾਲ ਖਾਦੀ ਤੇ ਸਵਦੇਸ਼ੀ ਉਤਪਾਦ ਜਨ ਅੰਦੋਲਨ ਬਣ ਗਿਆ ਹੈ। ਨੌਂ ਸਾਲ ਪਹਿਲਾਂ ਖਾਦੀ ਉਦਯੋਗ ਦਾ ਕਾਰੋਬਾਰ 25-30 ਹਜ਼ਾਰ ਕਰੋੜ ਸੀ ਜੋ ਅੱਜ 1.30 ਲੱਖ ਕਰੋੜ ਤੋਂ ਵੱਧ ਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਮੇਕ ਇਨ ਇੰਡੀਆ ਨੂੰ ਬਲ ਦਿੰਦੇ ਹਨ, ਉਨ੍ਹਾਂ ਲਈ ਖਾਦੀ ਵਸਤਰ ਹੀ ਨਹੀਂ ਅਸਤਰ ਤੇ ਸ਼ਸਤਰ ਵੀ ਹਨ। ਮੋਦੀ ਨੇ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਟੈਕਸਟਾਈਲ ਸੈਕਟਰ ਨਾਲ ਜੁੜੀਆਂ ਜੋ ਪ੍ਰੰਪਰਾਵਾਂ ਹਨ, ਉਹ ਨਾ ਸਿਰਫ ਜ਼ਿੰਦਾ ਰਹਿਣ, ਬਲਕਿ ਨਵੇਂ ਅਵਤਾਰ ’ਚ ਦੁਨੀਆ ਨੂੰ ਆਕਰਸ਼ਿਤ ਕਰਨ। ਇਸ ਲਈ ਅਸੀਂ ਇਸ ਕੰਮ ਨਾਲ ਜੁੜੇ ਸਾਥੀਆਂ ਨੂੰ ਉਨ੍ਹਾਂ ਦੀ ਪੜ੍ਹਾਈ, ਸਿਖਲਾਈ ਅਤੇ ਕਮਾਈ ’ਤੇ ਜ਼ੋਰ ਦੇ ਰਹੇ ਹਾਂ। ਬੁਨਕਰਾਂ ਦੇ ਬੱਚਿਆਂ ਦੀ ਸਕਿਲ ਟ੍ਰੇਨਿੰਗ ਲਈ ਉਨ੍ਹਾਂ ਨੂੰ ਟੈਕਸਟਾੀਲ ਇੰਸਟੀਚਿਊਟ ’ਚ ਦੋ ਲੱਖ ਰੁਪਏ ਤਕ ਦੀ ਸਕਾਲਰਸ਼ਿਪ ਮਿਲ ਰਹੀ ਹੈ। ਪਿਛਲੇ ਨੌਂ ਸਾਲਾਂ ਵਿਚ 600 ਤੋਂ ਵੱਧ ਹੈਂਡਲੂਮ ਕਲਸਟਰ ਵਿਕਸਿਤ ਕੀਤੇ ਗਏ ਹਨ। ਉਨ੍ਹਾਂ ਨੂੰ ਕੰਪਿਊਟਰ ਨਾਲ ਚੱਲਣ ਵਾਲੀਆਂ ਪੰਜ ਮਸ਼ੀਨਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ। ਇਨ੍ਹਾਂ ਨਾਲ ਨਵੇਂ-ਨਵੇਂ ਡਿਜ਼ਾਇਨ ਤੇਜ਼ੀ ਨਾਲ ਬਣਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਬੁਨਕਰ ਸਮਾਜ ਉਤਪਾਦ ਤਾਂ ਬਣਾ ਲੈਂਦਾ ਹੈ ਪਰ ਉਸ ਨੂੰ ਵੇਚਣ ਲਈ ਉਨ੍ਹਾਂ ਨੂੰ ਸਪਲਾਈ ਚੇਨ ਦੀ ਦਿੱਕਤ ਆਉਂਦੀ ਹੈ। ਮਾਰਕੀਟਿੰਗ ਦੀ ਦਿੱਕਤ ਆਉਂਦੀ ਹੈ। ਸਾਡੀ ਸਰਕਾਰ ਉਨ੍ਹਾਂ ਨੂੰ ਇਸ ਸਮੱਸਿਆ ਤੋਂ ਵੀ ਬਾਹਰ ਕੱਢ ਰਹੀ ਹੈ। ਸਰਕਾਰ ਹੱਥ ਨਾਲ ਬਣੇ ਉਤਪਾਦਾਂ ਦੀ ਮਾਰਕੀਟਿੰਗ ’ਤੇ ਵੀ ਜ਼ੋਰ ਦੇ ਰਹੀ ਹੈ। ਦੇਸ਼ ਦੇ ਕਿਸੇ ਨਾ ਕਿਸੇ ਕੋਨੇ ਵਿਚ ਹਰ ਰੋਜ਼ ਇਕ ਮਾਰਕੀਟਿੰਗ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ। ਪ੍ਰਗਤੀ ਮੈਦਾਨ ਦੇ ਭਾਰਤ ਮੰਡਪਮ ਵਾਂਗ ਦੇਸ਼ ਦੇ ਅਨੇਕਾਂ ਸ਼ਹਿਰਾਂ ਵਿਚ ਪ੍ਰਦਰਸ਼ਨੀ ਸਥਾਨ ਬਣਾਏ ਜਾ ਰਹੇ ਹਨ।