ਸੁਖਬੀਰ ਸਿੰਘ ਬਾਦਲ ਪਹੁੰਚੇ ਸ਼ਿਮਲਾ, ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੇ ਨਾਲ ਕੀਤੀ ਮੁਲਾਕਾਤ

ਸ਼ਿਮਲਾ, 08 ਅਗਸਤ 2024 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨਾਲ ਮੁਲਾਕਾਤ ਕੀਤੀ। ਸਕੱਤਰੇਤ 'ਚ ਦੋਵਾਂ ਨੇਤਾਵਾਂ ਵਿਚਾਲੇ ਕਰੀਬ 20 ਮਿੰਟ ਤੱਕ ਗੱਲਬਾਤ ਹੋਈ। ਇਸ ਮੁਲਾਕਾਤ ਦੌਰਾਨ ਬਹੁਤ ਹੀ ਗੰਭੀਰ ਸੈਲਾਨੀਆਂ ਦੇ ਮੁੱਦੇ 'ਤੇ ਵਿਚਾਰ-ਚਰਚਾ ਕੀਤੀ।ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਸ਼ਿਮਲਾ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਇਸ ਮੁਲਾਕਾਤ ਨੂੰ ਕਾਫ਼ੀ ਅਹਿਮ ਦੱਸਿਆ ਜਾ ਰਿਹਾ ਹੈ, ਕਿਉਂਕਿ ਇਸ ਮੁਲਾਕਾਤ ਦਾ ਮੁੱਦਾ ਸੈਲਾਨੀਆਂ ਨਾਲ ਜੁੜਿਆ ਹੋਇਆ ਹੈ। "ਬੀਤੇ ਕੁੱਝ ਸਮੇਂ ਤੋਂ ਪੰਜਾਬੀ ਸੈਲਾਨੀਆਂ ਨੂੰ ਹਿਮਾਚਲ ਪ੍ਰਦੇਸ਼ ਵਿੱਚ ਆ ਰਹੀਆਂ ਪ੍ਰੇਸ਼ਾਨੀਆਂ ਅਤੇ ਕੁੱਝ ਹੋਰ ਅਹਿਮ ਮੁੱਦਿਆਂ 'ਤੇ ਸੂਬੇ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੁ ਜੀ ਨਾਲ ਅੱਜ ਉਨ੍ਹਾਂ ਦੇ ਦਫ਼ਤਰ ਸ਼ਿਮਲਾ ਵਿਖ਼ੇ ਮੁਲਾਕਾਤ ਕੀਤੀ। ਧੰਨਵਾਦੀ ਹਾਂ ਕਿ ਗੰਭੀਰ ਚਰਚਾ ਉਪਰੰਤ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਨੇ ਸਾਰੇ ਮਸਲਿਆਂ ਦੇ ਹੱਲ ਨੂੰ ਜਲਦੀ ਯਕੀਨੀ ਬਣਾਉਣ ਦਾ ਭਰੋਸਾ ਦਿਵਾਇਆ। ਕਾਬਲੇ ਜ਼ਿਕਰ ਹੈ ਕਿ ਪਿਛਲੇ ਸਮੇਂ ਦੌਰਾਨ ਜਦੋਂ ਕੰਗਣਾ ਰਣੌਤ ਦਾ ਚੰਡੀਗੜ੍ਹ ਏਅਰਪੋਰਟ 'ਤੇ ਕੁਲਵਿੰਦਰ ਕੌਰ ਨਾਲ ਵਿਵਾਦ ਹੋਇਆ ਸੀ ਤਾਂ ਉਸ ਸਮੇਂ ਹਿਮਾਚਲ ਘੁੰਮਣ ਗਏ ਪੰਜਾਬ ਦੇ ਸੈਲਾਨੀਆਂ 'ਤੇ ਲਗਾਤਾਰ ਹਮਲੇ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਕਦੇ ਕਿਸੇ ਪਰਿਵਾਰ 'ਤੇ ਹਮਲਾ ਕੀਤਾ ਜਾ ਰਿਹਾ ਸੀ ਤਾਂ ਕਦੇ ਟੈਕਸੀ ਡਰਾਇਵਰਾਂ ਦਾ ਆਪਸ 'ਚ ਵਿਵਾਦ ਹੋ ਰਿਹਾ ਸੀ। ਇੱਕ ਸਮੇਂ ਤਾਂ ਇਹ ਗੱਲ ਆਖੀ ਜਾ ਰਹੀ ਸੀ ਕਿ ਕੋਈ ਵੀ ਪੰਜਾਬੀ ਹਿਮਾਚਲ ਘੁੰਮਣ ਨਾ ਜਾਵੇ ਕਿਉਂ ਹੁਣ ਹਿਮਾਚਲ ਪੰਜਾਬੀਆਂ ਲਈ ਸੁਰੱਖਿਅਤ ਨਹੀਂ ਰਿਹਾ। ਹੁਣ ਵੇਖਣਾ ਹੋਵੇਗਾ ਕਿ ਇਸ ਮੁਲਾਕਾਤ ਤੋਂ ਬਾਅਦ ਦੋਵਾਂ ਸੂਬਿਆਂ ਦੇ ਰਿਸ਼ਤੇ ਕਿਵੇਂ ਹੋਰ ਵਧੀਆ ਹੋਣਗੇ ਅਤੇ ਆਪਣੀ ਮਨ-ਮੁਟਾਵਾ ਕਦੋਂ ਖ਼ਤਮ ਹੋਕੇ ਮੁੜ ਤੋਂ ਸੈਲਾਨੀ ਹਿਮਾਚਲ 'ਚ ਬੇਖੌਫ਼ ਹੋਕੇ ਵਾਦੀਆਂ ਦਾ ਆਨੰਦ ਲੈਣਗੇ।