ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਐਨਕਾਊਂਟਰ ਤੋਂ ਬਾਅਦ ਖਾਲਿਸਤਾਨੀ ਅੱਤਵਾਦੀ ਅਰਸ਼ਦੀਪ ਡੱਲਾ ਦੇ 2 ਸ਼ੂਟਰ ਕੀਤੇ ਗ੍ਰਿਫਤਾਰ 

ਨਵੀਂ ਦਿੱਲੀ, 27 ਨਵੰਬਰ : ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅੱਜ ਕਾਰਵਾਈ ਕਰਦਿਆਂ ਖਾਲਿਸਤਾਨੀ ਅੱਤਵਾਦੀ ਅਰਸ਼ਦੀਪ ਉਰਫ਼ ਅਰਸ਼ ਡੱਲਾ ਦੇ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਦੋਵੇਂ ਦੋਸ਼ੀ ਪੰਜਾਬ ਦੇ ਇਕ ਮਾਮਲੇ 'ਚ ਪੈਰੋਲ 'ਤੇ ਆਉਣ ਮਗਰੋਂ ਫਰਾਰ ਸਨ। ਤਾਜ਼ਾ ਜਾਣਕਾਰੀ ਮੁਤਾਬਿਕ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਮਯੂਰ ਵਿਹਾਰ ਇਲਾਕੇ 'ਚ ਹੋਏ ਮੁਕਾਬਲੇ ਤੋਂ ਬਾਅਦ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਮੁਕਾਬਲੇ ਦੌਰਾਨ ਇਕ ਮੁਲਜ਼ਮ ਦੀ ਲੱਤ ਵਿਚ ਗੋਲੀ ਲੱਗੀ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀਆਂ ਨੇ ਪੰਜਾਬੀ ਗਾਇਕ 'ਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ। ਇਸ ਦੌਰਾਨ ਦਿੱਲੀ ਪੁਲਿਸ ਨੇ ਮੁਲਜ਼ਮਾਂ ਨੂੰ ਦਬੋਚ ਲਿਆ। ਦਿੱਲੀ ਪੁਲਿਸ ਅਨੁਸਾਰ ਗੈਂਗਸਟਰ ਅਰਸ਼ਦੀਪ ਸਿੰਘ ਉਰਫ਼ ਡੱਲਾ ਦੇ ਦੋ ਸ਼ਾਰਪ ਸ਼ੂਟਰ ਰਾਜਪ੍ਰੀਤ ਸਿੰਘ ਉਰਫ਼ ਰਾਜਾ ਅਤੇ ਵਰਿੰਦਰ ਸਿੰਘ ਉਰਫ਼ ਵਿੰਮੀ ਨੂੰ ਅਕਸ਼ਰਾਧਾਮ ਮੰਦਰ ਨੇੜੇ ਮਯੂਰ ਵਿਹਾਰ ਨੂੰ ਜਾਣ ਵਾਲੀ ਮੁੱਖ ਸੜਕ 'ਤੇ ਇਕ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ। ਦੋਵਾਂ ਅਪਰਾਧੀਆਂ ਨੂੰ ਅਰਸ਼ਦੀਪ ਨੇ ਪੰਜਾਬੀ ਗਾਇਕ ਐਲੀ ਮਾਂਗਟ ਦੇ ਕਤਲ ਦਾ ਕੰਮ ਸੌਂਪਿਆ ਸੀ, ਜਿਸ ਲਈ ਉਨ੍ਹਾਂ ਨੇ ਅਕਤੂਬਰ 2023 ਵਿੱਚ ਬਠਿੰਡਾ ਵਿਚ ਇਕ ਕੋਸ਼ਿਸ਼ ਕੀਤੀ ਪਰ ਅਸਫਲ ਰਹੇਲ ਕਿਉਂਕਿ ਟਾਰਗੇਟ ਘਰ ਦਾ ਨਹੀਂ ਮਿਲਿਆ ਸੀ। ਮੁਕਾਬਲੇ ਦੌਰਾਨ ਮੁਲਜ਼ਮਾਂ ਵੱਲੋਂ ਪੰਜ ਰਾਊਂਡ ਫਾਇਰ ਕੀਤੇ ਗਏ, ਜਿਨ੍ਹਾਂ ਵਿੱਚੋਂ ਦੋ ਰਾਊਂਡ ਪੁਲਿਸ ਦੀਆਂ ਬੁਲੇਟ ਪਰੂਫ਼ ਜੈਕਟਾਂ ਵਿਚ ਲੱਗੇ। ਜਵਾਬੀ ਕਾਰਵਾਈ 'ਚ ਪੁਲਿਸ ਟੀਮ ਨੇ ਦੋਸ਼ੀਆਂ 'ਤੇ 6 ਰਾਊਂਡ ਫਾਇਰ ਕੀਤੇ। ਮੁਲਜ਼ਮਾਂ ਦੇ ਕਬਜ਼ੇ ’ਚੋਂ ਇੱਕ ਹੈਂਡ ਗ੍ਰਨੇਡ ਤੇ ਇਕ ਚੋਰੀ ਦੀ ਮੋਟਰਸਾਈਕਲ ਸਮੇਤ ਇਕ ਰਿਵਾਲਵਰ ਅਤੇ ਦਰਜਨ ਤੋਂ ਵੱਧ ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। NIA, ਦਿੱਲੀ ਪੁਲਿਸ ਅਤੇ ਪੰਜਾਬ ਪੁਲਿਸ ਨੇ ਅਰਸ਼ਦੀਪ ਉਰਫ਼ ਅਰਸ਼ ਡੱਲਾ ਨੂੰ ਲੋੜੀਂਦਾ ਅਪਰਾਧੀ ਐਲਾਨਿਆ ਹੈ। ਜਾਣਕਾਰੀ ਮੁਤਾਬਿਕ ਅਰਸ਼ ਡੱਲਾ ਕੈਨੇਡਾ 'ਚ ਲੁਕਿਆ ਹੋਇਆ ਹੈ।