ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 70,000 ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ।

ਨਵੀਂ ਦਿੱਲੀ, 22 ਜੁਲਾਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨੌਕਰੀ ਮੇਲੇ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ 70,000 ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਹ ਭਰਤੀ ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਵਿੱਚ ਹੋਈ ਹੈ। ਪੀਐੱਮ ਨੇ ਇਸ ਮੌਕੇ 'ਤੇ ਕਿਹਾ ਕਿ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ 'ਚ ਜਦੋਂ ਦੇਸ਼ ਵਿਕਾਸ ਦੇ ਟੀਚੇ 'ਤੇ ਕੰਮ ਕਰ ਰਿਹਾ ਹੈ, ਤੁਹਾਡੇ ਲਈ ਸਰਕਾਰੀ ਨੌਕਰੀ 'ਚ ਸ਼ਾਮਲ ਹੋਣਾ ਬਹੁਤ ਵੱਡਾ ਮੌਕਾ ਹੈ। ਇਹ ਤੁਹਾਡੀ ਮਿਹਨਤ ਦਾ ਨਤੀਜਾ ਹੈ। ਪ੍ਰਧਾਨ ਮੰਤਰੀ ਨੇ ਨਿਯੁਕਤੀ ਪੱਤਰ ਦੇਣ ਤੋਂ ਬਾਅਦ ਕਿਹਾ,ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਲਈ ਇਹ ਇਕ ਯਾਦਗਾਰੀ ਦਿਨ ਹੈ, ਪਰ ਇਸ ਦੇ ਨਾਲ ਹੀ ਇਹ ਦੇਸ਼ ਲਈ ਇਕ ਬਹੁਤ ਹੀ ਇਤਿਹਾਸਕ ਦਿਨ ਵੀ ਹੈ, ਕਿਉਂਕਿ ਇਸ ਦਿਨ (22 ਜੁਲਾਈ) ਨੂੰ 1947 ਵਿਚ ਤਿਰੰਗੇ ਨੂੰ ਇਸ ਦੇ ਮੌਜੂਦਾ ਰੂਪ ਵਿਚ ਸੰਵਿਧਾਨ ਸਭਾ ਨੇ ਪ੍ਰਵਾਨ ਕੀਤਾ ਸੀ। ਪੀਐੱਮ ਮੋਦੀ ਨੇ ਅੱਗੇ ਕਿਹਾ ਕਿ ਭਾਰਤ ਸਿਰਫ 9 ਸਾਲਾਂ ਵਿੱਚ ਦੁਨੀਆ ਦੀ 10ਵੀਂ ਅਰਥਵਿਵਸਥਾ ਤੋਂ 5ਵੇਂ ਨੰਬਰ ਦੀ ਅਰਥਵਿਵਸਥਾ ਬਣ ਗਿਆ ਹੈ। ਅੱਜ ਹਰ ਮਾਹਰ ਕਹਿ ਰਿਹਾ ਹੈ ਕਿ ਕੁਝ ਸਾਲਾਂ ਵਿੱਚ ਭਾਰਤ ਦੁਨੀਆ ਦੀ ਟਾਪ 3 ਅਰਥਵਿਵਸਥਾ ਵਿੱਚ ਸ਼ਾਮਲ ਹੋ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਭਾਰਤ ਲਈ ਇੱਕ ਅਸਾਧਾਰਨ ਪ੍ਰਾਪਤੀ ਹੋਣ ਜਾ ਰਹੀ ਹੈ। ਇਸ ਦਾ ਮਤਲਬ ਹਰ ਖੇਤਰ ਵਿੱਚ ਰੁਜ਼ਗਾਰ ਵਧਣ ਵਾਲਾ ਹੈ ਅਤੇ ਹਰ ਵਿਅਕਤੀ ਦੀ ਆਮਦਨ ਵੀ ਵਧਣ ਵਾਲੀ ਹੈ।