ਵਿਰੋਧੀ ਧਿਰ ਦਾ ਟੀਚਾ ਸਾਡੀ ਸਰਕਾਰ ਨੂੰ ਬਾਹਰ ਕੱਢਣਾ, ਸਰਕਾਰ ਦਾ ਟੀਚਾ ਭਾਰਤ ਦਾ ਉੱਜਵਲ ਭਵਿੱਖ: ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 19 ਦਸੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਪਾਰਟੀਆਂ ’ਤੇ ਸੰਸਦ ਦੀ ਸੁਰੱਖਿਆ ’ਚ ਸੰਨ੍ਹ ਨੂੰ ‘ਚੁੱਪ ਅਤੇ ਅਸਿੱਧਾ’ ਸਮਰਥਨ ਦੇਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਜੇਕਰ ਉਹ ਅਜਿਹਾ ਕਰਨਾ ਜਾਰੀ ਰੱਖਦੇ ਹਨ ਤਾਂ 2024 ਦੀਆਂ ਲੋਕ ਸਭਾ ਚੋਣਾਂ ’ਚ ਉਨ੍ਹਾਂ ਕੋਲ ਵਿਰੋਧੀ ਧਿਰ ’ਚ ਹੋਰ ਵੀ ਘੱਟ ਸੀਟਾਂ ਰਹਿ ਜਾਣਗੀਆਂ ਅਤੇ ਉਹ ਵਿਰੋਧੀ ਧਿਰ ਵਾਲੇ ਪਾਸੇ ਹੀ ਬੈਠਣਗੇ। ਇਸ ਸਾਲ ਭਾਰਤੀ ਜਨਤਾ ਪਾਰਟੀ (ਭਾਜਪਾ) ਸੰਸਦੀ ਦਲ ਦੀ ਆਖਰੀ ਬੈਠਕ ਨੂੰ ਸੰਬੋਧਨ ਕਰਦਿਆਂ ਮੋਦੀ ਨੇ 2024 ਦੀਆਂ ਲੋਕ ਸਭਾ ਚੋਣਾਂ ਲਈ ਸੱਤਾਧਾਰੀ ਗੱਠਜੋੜ ਦੀ ਮੁਹਿੰਮ ਦਾ ਵਿਸ਼ਾ ਤੈਅ ਕੀਤਾ ਅਤੇ ਨਾਲ ਹੀ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸਮੈਂਟ’ (ਇੰਡੀਆ) ਗੱਠਜੋੜ ’ਤੇ ਵੀ ਨਿਸ਼ਾਨਾ ਲਾਇਆ। ਸੰਸਦ ਦੀ ਕਾਰਵਾਈ ’ਚ ਵਿਘਨ ਪਾਉਣ ਲਈ ਵਿਰੋਧੀ ਪਾਰਟੀਆਂ ਦੀ ਆਲੋਚਨਾ ਕਰਦੇ ਹੋਏ ਮੋਦੀ ਨੇ ਕਿਹਾ ਕਿ ਉਹ ਹਾਲ ਹੀ ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਹਾਰ ਤੋਂ ਨਿਰਾਸ਼ ਹੋ ਕੇ ਇਸ ਘਟਨਾ ਨੂੰ ਸਿਆਸੀ ਵਧਾ-ਚੜ੍ਹਾ ਕੇ ਪੇਸ਼ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਉਨ੍ਹਾਂ ਦਾ ਉਦੇਸ਼ ਸਾਡੀ ਸਰਕਾਰ ਨੂੰ ਉਖਾੜ ਸੁੱਟਣਾ ਹੈ ਪਰ ਸਾਡਾ ਉਦੇਸ਼ ਭਾਰਤ ਦਾ ਰੌਸ਼ਨ ਭਵਿੱਖ ਯਕੀਨੀ ਬਣਾਉਣਾ ਹੈ।’’ਸੰਸਦੀ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਪ੍ਰਧਾਨ ਮੰਤਰੀ ਦੇ ਹਵਾਲੇ ਨਾਲ ਕਿਹਾ, ‘‘ਕੁਝ ਲੋਕ ਭਾਜਪਾ ਨੂੰ ਸੱਤਾ ਤੋਂ ਹਟਾਉਣ ਦੇ ਇਰਾਦੇ ਨਾਲ ਇਕੱਠੇ ਹੋ ਰਹੇ ਹਨ, ਜਦਕਿ ਅਸੀਂ ਦੇਸ਼ ਭਗਤ ਹਾਂ ਅਤੇ ਭਾਰਤ ਦੀ ਬਿਹਤਰੀ ਲਈ ਕੰਮ ਕਰ ਰਹੇ ਹਾਂ।’’ 13 ਦਸੰਬਰ ਦੀ ਘਟਨਾ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਲੋਕਤੰਤਰ ’ਚ ਯਕੀਨ ਰੱਖਣ ਵਾਲਾ ਕੋਈ ਵੀ ਵਿਅਕਤੀ ਅਜਿਹੀ ਕਾਰਵਾਈ ਨੂੰ ਮਨਜ਼ੂਰ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਦੀ ਇਕਜੁੱਟ ਹੋ ਕੇ ਨਿੰਦਾ ਕੀਤੀ ਜਾਣੀ ਚਾਹੀਦੀ ਸੀ।  

ਵਿਰੋਧੀ ਗੱਠਜੋੜ ਆਮ ਪਿਛੋਕੜ ਤੋਂ ਆਉਣ ਵਾਲੇ ਲੋਕਾਂ ਦਾ ਅਪਮਾਨ ਕਰ ਰਿਹੈ: ਭਾਜਪਾ 
ਨਵੀਂ ਦਿੱਲੀ : ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਕਲਿਆਣ ਬੈਨਰਜੀ ਵਲੋਂ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਦੀ ਨਕਲ ਕਰਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਮੰਗਲਵਾਰ ਨੂੰ ਵਿਰੋਧੀ ਧਿਰ ’ਤੇ ਨਿਸ਼ਾਨਾ ਸਾਧਦੇ ਹੋਏ ਦਾਅਵਾ ਕੀਤਾ ਕਿ ਇੰਡੀਆ ਗੱਠਜੋੜ ਦੇ ਨੇਤਾਵਾਂ ਦੀ ਪਿਛੜੇ ਅਤੇ ਆਮ ਪਿਛੋਕੜ ਵਾਲੇ ਅਤੇ ਸੰਵਿਧਾਨਕ ਅਹੁਦਿਆਂ ’ਤੇ ਬੈਠੇ ਲੋਕਾਂ ਦਾ ਅਪਮਾਨ ਕਰਨ ਦੀ ਪਰੰਪਰਾ ਰਹੀ ਹੈ। ਭਾਜਪਾ ਦੇ ਰਾਸ਼ਟਰੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਧਨਖੜ ਇਕ ਆਮ ਪਿਛੋਕੜ ਤੋਂ ਆਉਂਦੇ ਹਨ ਅਤੇ ਉਨ੍ਹਾਂ ਦੀਆਂ ਜੜ੍ਹਾਂ ਓ.ਬੀ.ਸੀ. (ਹੋਰ ਪਛੜੀਆਂ ਸ਼੍ਰੇਣੀਆਂ) ਭਾਈਚਾਰੇ ਨਾਲ ਜੁੜੀਆਂ ਹੋਈਆਂ ਹਨ। ਜਿਸ ਤਰੀਕੇ ਨਾਲ ਉਨ੍ਹਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ, ਉਹ ਦਰਸਾਉਂਦਾ ਹੈ ਕਿ ‘ਇੰਡੀਆ’ ਗੱਠਜੋੜ ਦੇ ਨੇਤਾ ਸੰਵਿਧਾਨ ਅਤੇ ਸੰਸਦੀ ਨਿਯਮਾਂ ਦਾ ਬਹੁਤ ਘੱਟ ਸਤਿਕਾਰ ਕਰਦੇ ਹਨ ਅਤੇ ਟਕਰਾਅ ਅਤੇ ਵਿਘਨ ਦੇ ਹੱਕ ’ਚ ਹਨ।’’