ਰਾਸ਼ਟਰੀ ਸਿੱਖਿਆ ਨੀਤੀ ਦੇਸ਼ ਦੀ ਹਰ ਭਾਸ਼ਾ ਨੂੰ ਬਣਦਾ ਸਨਮਾਨ ਅਤੇ ਸਿਹਰਾ ਦੇਵੇਗੀ : ਪ੍ਰਧਾਨ ਮੰਤਰੀ ਮੋਦੀ 

ਨਵੀਂ ਦਿੱਲੀ, 29 ਜੁਲਾਈ : ਐਨ.ਈ.ਪੀ. ਦੇ ਤਿੰਨ ਸਾਲ ਪੂਰੇ ਹੋਣ ਮੌਕੇ ‘ਕੁਲ ਭਾਰਤੀ ਸਿਖਿਆ ਸਮਾਗਮ’ ਦੇ ਉਦਘਾਟਨੀ ਸਮਾਰੋਹ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਨਵੀਂ ਕੌਮੀ ਸਿੱਖਿਆ ਨੀਤੀ (ਐਨ.ਈ.ਪੀ.) ਰਾਹੀਂ ਦੇਸ਼ ਦੀ ਹਰ ਭਾਸ਼ਾ ਨੂੰ ਬਣਦਾ ਸਨਮਾਨ ਅਤੇ ਸਿਹਰਾ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਲੋਕ ਅਪਣੇ ਸਵਾਰਥ ਲਈ ਭਾਸ਼ਾ ਦਾ ਸਿਆਸੀਕਰਨ ਕਰਨ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਨੂੰ ਅਪਣੀਆਂ ਦੁਕਾਨਾਂ ਬੰਦ ਕਰਨੀਆਂ ਪੈਣਗੀਆਂ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਵਿਦਿਆਰਥੀਆਂ ਨਾਲ ਸਭ ਤੋਂ ਵੱਡੀ ਬੇਇਨਸਾਫੀ ਉਨ੍ਹਾਂ ਦੀ ਸਮਰੱਥਾ ਦੀ ਬਜਾਏ ਉਨ੍ਹਾਂ ਦੀ ਭਾਸ਼ਾ ਦੇ ਆਧਾਰ ’ਤੇ ਉਨ੍ਹਾਂ ਦਾ ਮੁਲਾਂਕਣ ਕਰਨਾ ਹੈ। ਉਨ੍ਹਾਂ ਕਿਹਾ ਕਿ ‘‘ਰਾਸ਼ਟਰੀ ਸਿੱਖਿਆ ਨੀਤੀ ਦੇਸ਼ ਦੀ ਹਰ ਭਾਸ਼ਾ ਨੂੰ ਬਣਦਾ ਸਨਮਾਨ ਅਤੇ ਸਿਹਰਾ ਦੇਵੇਗੀ... ਅਪਣੇ ਸਵਾਰਥ ਲਈ ਭਾਸ਼ਾ ਦਾ ਸਿਆਸੀਕਰਨ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਹੁਣ ਅਪਣੀਆਂ ਦੁਕਾਨਾਂ ਬੰਦ ਕਰਨੀਆਂ ਪੈਣਗੀਆਂ।’’ ਉਨ੍ਹਾਂ ਕਿਹਾ, ‘‘ਮਾਤ ਭਾਸ਼ਾ ’ਚ ਸਿੱਖਿਆ ਭਾਰਤ ’ਚ ਵਿਦਿਆਰਥੀਆਂ ਲਈ ਨਿਆਂ ਦੇ ਇਕ ਨਵੇਂ ਰੂਪ ਦੀ ਸ਼ੁਰੂਆਤ ਕਰ ਰਹੀ ਹੈ। ਇਹ ਸਮਾਜਿਕ ਨਿਆਂ ਵਲ ਵੀ ਬਹੁਤ ਮਹੱਤਵਪੂਰਨ ਕਦਮ ਹੈ।’’ ਵਿਸ਼ਵ ’ਚ ਵੱਡੀ ਗਿਣਤੀ ’ਚ ਭਾਸ਼ਾਵਾਂ ਅਤੇ ਉਨ੍ਹਾਂ ਦੇ ਮਹੱਤਵ ਨੂੰ ਧਿਆਨ ’ਚ ਰਖਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਹੁਤ ਸਾਰੇ ਵਿਕਸਤ ਦੇਸ਼ਾਂ ਨੂੰ ਉਨ੍ਹਾਂ ਦੀਆਂ ਸਥਾਨਕ ਭਾਸ਼ਾਵਾਂ ਕਾਰਨ ਇਕ ਕਿਨਾਰਾ ਮਿਲਿਆ ਹੈ। ਉਨ੍ਹਾਂ ਯੂਰਪ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਜ਼ਿਆਦਾਤਰ ਦੇਸ਼ ਅਪਣੀ ਮਾਂ-ਬੋਲੀ ਦੀ ਵਰਤੋਂ ਕਰਦੇ ਹਨ। ਮੋਦੀ ਨੇ ਅਫਸੋਸ ਜਤਾਇਆ ਕਿ ਭਾਵੇਂ ਭਾਰਤ ਦੀਆਂ ਕਈ ਸਥਾਪਤ ਭਾਸ਼ਾਵਾਂ ਹਨ, ਪਰ ਇਨ੍ਹਾਂ ਨੂੰ ਪਛੜੇਪਣ ਦੀ ਨਿਸ਼ਾਨੀ ਵਜੋਂ ਪੇਸ਼ ਕੀਤਾ ਜਾਂਦਾ ਹੈ ਅਤੇ ਜੋ ਅੰਗਰੇਜ਼ੀ ਨਹੀਂ ਬੋਲ ਸਕਦੇ, ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਹੁਨਰ ਨੂੰ ਮਾਨਤਾ ਨਹੀਂ ਦਿਤੀ ਜਾਂਦੀ ਹੈ। ਉਨ੍ਹਾਂ ਕਿਹਾ, ‘‘ਨਤੀਜੇ ਵਜੋਂ ਪੇਂਡੂ ਖੇਤਰਾਂ ਦੇ ਬੱਚੇ ਸਭ ਤੋਂ ਵੱਧ ਪ੍ਰਭਾਵਤ ਹੁੰਦੇ ਹਨ। ਐਨ.ਈ.ਪੀ. ਦੀ ਸ਼ੁਰੂਆਤ ਨਾਲ, ਦੇਸ਼ ਨੇ ਹੁਣ ਇਸ ਧਾਰਨਾ ਨੂੰ ਖਤਮ ਕਰਨਾ ਸ਼ੁਰੂ ਕਰ ਦਿਤਾ ਹੈ। ਸੰਯੁਕਤ ਰਾਸ਼ਟਰ ’ਚ ਵੀ ਮੈਂ ਭਾਰਤੀ ਭਾਸ਼ਾ ’ਚ ਗੱਲ ਕਰਦਾ ਹਾਂ।’’ ਮੋਦੀ ਨੇ ਕਿਹਾ ਕਿ ਸਮਾਜਿਕ ਵਿਗਿਆਨ ਤੋਂ ਲੈ ਕੇ ਇੰਜੀਨੀਅਰਿੰਗ ਤਕ ਦੇ ਵਿਸ਼ੇ ਹੁਣ ਭਾਰਤੀ ਭਾਸ਼ਾਵਾਂ ’ਚ ਪੜ੍ਹਾਏ ਜਾਣਗੇ। ਉਨ੍ਹਾਂ ਕਿਹਾ, ‘‘ਜਦੋਂ ਵਿਦਿਆਰਥੀ ਕਿਸੇ ਭਾਸ਼ਾ ’ਚ ਆਤਮਵਿਸ਼ਵਾਸ ਰਖਦੇ ਹਨ, ਤਾਂ ਉਨ੍ਹਾਂ ਦੇ ਹੁਨਰ ਅਤੇ ਪ੍ਰਤਿਭਾ ਬਿਨਾਂ ਕਿਸੇ ਪਾਬੰਦੀ ਦੇ ਉਭਰ ਕੇ ਸਾਹਮਣੇ ਆਉਂਦੀ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆਂ ਭਾਰਤ ਨੂੰ ਨਵੀਂਆਂ ਸੰਭਾਵਨਾਵਾਂ ਦੀ ‘ਨਰਸਰੀ’ ਵਜੋਂ ਵੇਖ ਰਹੀ ਹੈ ਅਤੇ ਕਈ ਦੇਸ਼ ਅਪਣੇ ਦੇਸ਼ਾਂ ’ਚ ਭਾਰਤੀ ਤਕਨਾਲੋਜੀ ਸੰਸਥਾਨਾਂ (ਆਈ.ਆਈ.ਟੀ.) ਦੇ ਕੈਂਪਸ ਖੋਲ੍ਹਣ ਲਈ ਸਰਕਾਰ ਕੋਲ ਪਹੁੰਚ ਕਰ ਰਹੇ ਹਨ। ਮੋਦੀ ਨੇ ਕਿਹਾ, ‘‘ਦੁਨੀਆਂ ਭਾਰਤ ਨੂੰ ਨਵੀਂਆਂ ਸੰਭਾਵਨਾਵਾਂ ਦੀ ‘ਨਰਸਰੀ’ ਵਜੋਂ ਵੇਖ ਰਹੀ ਹੈ। ਕਈ ਦੇਸ਼ ਅਪਣੇ ਦੇਸ਼ ’ਚ ਆਈ.ਆਈ.ਟੀ. ਕੈਂਪਸ ਖੋਲ੍ਹਣ ਲਈ ਸਾਡੇ ਨਾਲ ਸੰਪਰਕ ਕਰ ਰਹੇ ਹਨ। ਦੋ ਆਈ.ਆਈ.ਟੀ. ਕੈਂਪਸ - ਇਕ ਤਨਜ਼ਾਨੀਆ ਵਿਚ ਅਤੇ ਇਕ ਆਬੂ ਧਾਬੀ ’ਚ - ਕਾਰਜਸ਼ੀਲ ਹੋਣ ਵਾਲੇ ਹਨ... ਕਈ ਗਲੋਬਲ ਯੂਨੀਵਰਸਿਟੀਆਂ ਵੀ ਸਾਡੇ ਕੋਲ ਆ ਰਹੀਆਂ ਹਨ। ਉਹ ਭਾਰਤ ’ਚ ਅਪਣਾ ਕੈਂਪਸ ਖੋਲ੍ਹਣ ’ਚ ਦਿਲਚਸਪੀ ਵਿਖਾ ਰਹੇ ਹਨ।’’ ਉਸ ਨੇ ਕਿਹਾ, ‘‘ਐਨ.ਈ.ਪੀ. ਦਾ ਉਦੇਸ਼ ਭਾਰਤ ਨੂੰ ਖੋਜ ਅਤੇ ਨਵੀਨਤਾ ਦਾ ਕੇਂਦਰ ਬਣਾਉਣਾ ਹੈ। ਨੀਤੀ ਨੇ ਗਿਆਨ ਦੀਆਂ ਰਵਾਇਤੀ ਪ੍ਰਣਾਲੀਆਂ ਅਤੇ ਅਗਾਂਹਵਧੂ ਤਕਨਾਲੋਜੀ ਨੂੰ ਬਰਾਬਰ ਮਹੱਤਵ ਦਿਤਾ ਹੈ।’ ਮੋਦੀ ਨੇ ਸਕੂਲਾਂ ਨੂੰ ਵਿਦਿਆਰਥੀਆਂ ਨੂੰ ਆਫ਼ਤ ਪ੍ਰਬੰਧਨ, ਜਲਵਾਯੂ ਤਬਦੀਲੀ ਅਤੇ ਸਵੱਛ ਊਰਜਾ ਵਰਗੇ ਵਿਸ਼ਿਆਂ ਬਾਰੇ ਜਾਗਰੂਕ ਕਰਨ ਲਈ ਕਿਹਾ।  ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨੇ ‘ਪੀਐੱਮ ਸ਼੍ਰੀ’ ਯੋਜਨਾ ਦੇ ਤਹਿਤ ਫੰਡਾਂ ਦੀ ਪਹਿਲੀ ਕਿਸਤ ਜਾਰੀ ਕੀਤੀ। ਇਸ ਸਕੀਮ ਤਹਿਤ ਸਕੂਲ ਵਿਦਿਆਰਥੀਆਂ ਦਾ ਇਸ ਤਰੀਕੇ ਨਾਲ ਪਾਲਣ ਪੋਸਣ ਕਰਨਗੇ ਕਿ ਉਹ ਐਨ.ਈ.ਪੀ. ਰਾਹੀਂ ਕਲਪਿਤ ਕੀਤੇ ਗਏ ਬਰਾਬਰ, ਸਮਾਵੇਸ਼ੀ ਅਤੇ ਬਹੁਲਵਾਦੀ ਸਮਾਜ ਦੇ ਨਿਰਮਾਣ ’ਚ ਯੋਗਦਾਨ ਪਾਉਣ ਵਾਲੇ ਨਾਗਰਿਕ ਬਣ ਜਾਣਗੇ।ਪ੍ਰਧਾਨ ਮੰਤਰੀ ਨੇ ਇਸ ਮੌਕੇ 'ਤੇ 12 ਭਾਰਤੀ ਭਾਸ਼ਾਵਾਂ ’ਚ ਅਨੁਵਾਦ ਕੀਤੀਆਂ ਸਿੱਖਿਆ ਅਤੇ ਹੁਨਰ ਕੋਰਸਾਂ ਬਾਰੇ ਕਿਤਾਬਾਂ ਵੀ ਜਾਰੀ ਕੀਤੀਆਂ। ਇੱਥੇ ਪ੍ਰਗਤੀ ਮੈਦਾਨ ਦੇ ‘ਭਾਰਤ ਮੰਡਪਮ’ ਵਿਖੇ ਦੋ ਰੋਜ਼ਾ ਸਮਾਗਮ ਕਰਵਾਇਆ ਜਾ ਰਿਹਾ ਹੈ।