ਐਮ.ਪੀ. ਮਾਨ ਨੇ ਲਖਨਪੁਰ ਬਾਰਡਰ ‘ਤੇ ਲਾਇਆ ਧਰਨਾ,  ਪੁਲਿਸ ਨੇ ਨਹੀ ਦਿੱਤੀ ਕਸ਼ਮੀਰ ਜਾਣ ਦੀ ਇਜਾਜ਼ਤ

ਪਠਾਨਕੋਟ : ਸੰਗਰੂਰ ਤੋਂ ਐਮ.ਪੀ. ਸਿਮਰਨਜੀਤ ਸਿੰਘ ਮਾਨ ਬੀਤੀ ਰਾਤ ਤੋਂ ਪਠਾਨਕੋਟ ਦੇ ਲਖਨਪੁਰ ਬਾਰਡਰ ‘ਤੇ ਧਰਨਾ ਲਾਈ ਬੈਠੇ ਹਨ, ਦਰਅਸਲ, ਉਹ ਅਤੇ ਉਨ੍ਹਾਂ ਦੀ ਪਾਰਟੀ ਦੇ ਮੈਂਬਰ ਜੰਮੂ-ਕਸ਼ਮੀਰ ਲਈ ਰਵਾਨਾ ਹੋਏ ਸਨ ਪਰ ਭਾਰਤ ਸਰਕਾਰ ਦੇ ਹੁਕਮਾਂ ‘ਤੇ ਜੰਮੂ-ਕਸ਼ਮੀਰ ਪੁਲਿਸ ਨੇ ਬਿਨਾਂ ਕੋਈ ਕਾਰਨ ਦੱਸੇ ਉਨ੍ਹਾਂ ਨੂੰ ਰੋਕ ਲਿਆ, ਜਿਸ ਕਾਰਨ ਉਨ੍ਹਾਂ ਨੂੰ ਲਖਨਪੁਰ ਬਾਰਡਰ ‘ਤੇ ਧਰਨਾ ਲਾਉਣਾ ਪਿਆ। ਸਿਮਰਨਜੀਤ ਮਾਨ ਨੇ ਕਿਹਾ ਕਿ ਕਸ਼ਮੀਰ ਜਾਣ ਦੇ ਆਪਣੇ ਅਧਿਕਾਰ ਦੀ ਵਰਤੋਂ ਕਰਨ ਲਈ ਮੈਂ ਆਪਣੀ ਜਥੇਬੰਦੀ ਦੇ ਨਾਲ ਵਕੀਲਾਂ ਦੇ ਇੱਕ ਵਫ਼ਦ ਨੂੰ ਮਿਲਿਆ ਅਤੇ ਕਠੂਆ ਅਦਾਲਤ ਤੋਂ ਮੰਗ ਕੀਤੀ ਕਿ ਮੈਨੂੰ ਕਸ਼ਮੀਰ ਜਾਣ ਦੀ ਇਜਾਜ਼ਤ ਦਿੱਤੀ ਜਾਵੇ, ਜੋਕਿ ਕਸ਼ਮੀਰ ਜਾਣ ਦਾ ਮੇਰਾ ਅਧਿਕਾਰ ਹੈ। ਦੱਸ ਦੇਈਏ ਕਿ ਸੋਮਵਾਰ ਰਾਤ ਕਰੀਬ ਅੱਠ ਵਜੇ ਜਿਵੇਂ ਹੀ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਮਾਧੋਪੁਰ ਤੋਂ ਜੰਮੂ-ਕਸ਼ਮੀਰ ਵਿੱਚ ਦਾਖਲ ਹੋਣ ਲੱਗੇ ਤਾਂ ਪੁਲਿਸ ਨੇ ਉਨ੍ਹਾਂ ਦੀ ਗੱਡੀ ਨੂੰ ਰੋਕ ਲਿਆ। ਸਾਂਸਦ ਸਿਮਰਨਜੀਤ ਸਿੰਘ ਨੇ ਪੁਲਿਸ ਨੂੰ ਕਿਹਾ ਕਿ ਉਹ ਲੋਕਾਂ ਦੇ ਨੁਮਾਇੰਦੇ ਹਨ ਅਤੇ ਉਹ ਜੰਮੂ ਵਿੱਚ ਆਪਣੇ ਵਰਕਰਾਂ ਨੂੰ ਮਿਲਣ ਜਾ ਰਹੇ ਹਨ, ਉਨ੍ਹਾਂ ਨੂੰ ਜਾਣ ਦਿੱਤਾ ਜਾਵੇ। ਇਸ ‘ਤੇ ਜੰਮੂ-ਕਸ਼ਮੀਰ ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਸੂਬੇ ‘ਚ ਦਾਖਲ ਹੋਣ ਦੀ ਸਰਕਾਰ ਤੋਂ ਇਜਾਜ਼ਤ ਨਹੀਂ ਹੈ। ਇਸ ਦੌਰਾਨ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੀ ਪੁਲਿਸ ਨਾਲ ਕਾਫੀ ਬਹਿਸ ਵੀ ਹੋਈ। ਦੂਜੇ ਪਾਸੇ ਡੀਐਸਪੀ ਕਠੂਆ ਸੁਖਦੇਵ ਸਿੰਘ ਜਾਮਵਾਲ ਦਾ ਕਹਿਣਾ ਹੈ ਕਿ ਜੰਮੂ-ਕਸ਼ਮੀਰ ਸਰਕਾਰ ਅਤੇ ਜੰਮੂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਮਰਨਜੀਤ ਸਿੰਘ ਮਾਨ ਨੂੰ ਜੰਮੂ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਇਸ ਕਾਰਨ ਉਸ ਨੂੰ ਲਖਨਪੁਰ ਵਿੱਚ ਰੋਕ ਦਿੱਤਾ ਗਿਆ ਹੈ। ਜਦੋਂ ਤੱਕ ਉਨ੍ਹਾਂ ਨੂੰ ਇਜਾਜ਼ਤ ਨਹੀਂ ਮਿਲਦੀ, ਉਹ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦੇ ਸਕਦਾ।