‘‘ਦਲਿਤਾਂ ਦਾ ਮਸੀਹਾ... ਜੋ ਦਲਿਤਾਂ ਅਤੇ ਗਰੀਬਾਂ ਲਈ ਰੋਂਦੇ ਰਹਿੰਦੇ ਹਨ... ਕੌਣ? ਮੈਂ ਗਰੀਬ ਹਾਂ, ਗਰੀਬਾਂ ਲਈ ਲੜਦਾ ਹਾਂ... ਇਹ ਕਹਿਣ ਵਾਲੇ ਮੋਦੀ ਨੇ ਮਲਿੰਗਾ ਨੂੰ ਟਿਕਟ ਦਿਤੀ : ਖੜਗੇ 

ਭਰਤਪੁਰ, 18 ਨਵੰਬਰ : ਭਾਰਤੀ ਜਨਤਾ ਪਾਰਟੀ  ਵਲੋਂ ਗਿਰਰਾਜ ਮਲਿੰਗਾ ਨੂੰ ਬਾਰੀ ਸੀਟ ਤੋਂ ਉਮੀਦਵਾਰ ਬਣਾਏ ਜਾਣ ’ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ  ਸਾਧਿਆ। ਉਨ੍ਹਾਂ ਕਿਹਾ ਕਿ ਦਲਿਤਾਂ ਦੀ ਗੱਲ ਕਰਨ ਵਾਲੇ ਪ੍ਰਧਾਨ ਮੰਤਰੀ ਮੋਦੀ ਨੇ ਮਲਿੰਗਾ ਨੂੰ ਟਿਕਟ ਦਿਤੀ ਜਿਸ ਨੇ ਦਲਿਤ ਇੰਜੀਨੀਅਰ ਹਰਸ਼ਦੀਪਤੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਸੀ। ਪ੍ਰਧਾਨ ਮੰਤਰੀ ਮੋਦੀ ਵਲੋਂ ਭਰਤਪੁਰ ’ਚ ਇਕ ਰੈਲੀ ਦੌਰਾਨ ਔਰਤਾਂ ਅਤੇ ਦਲਿਤਾਂ ’ਤੇ ਜ਼ੁਲਮਾਂ ਨੂੰ ਲੈ ਕੇ ਰਾਜਸਥਾਨ ਦੀ ਕਾਂਗਰਸ ਸਰਕਾਰ ’ਤੇ ਨਿਸ਼ਾਨਾ ਲਾਉਣ ਤੋਂ ਤੁਰਤ ਬਾਅਦ ਖੜਗੇ ਨੇ ਇਹ ਟਿਪਣੀ ਕੀਤੀ। ਮੋਦੀ ਦੀ ਰੈਲੀ ਤੋਂ ਕੁਝ ਘੰਟਿਆਂ ਬਾਅਦ ਖੜਗੇ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਭਰਤਪੁਰ ਦੇ ਵੈਰ ਕਸਬੇ ’ਚ ਇਕ ਰੈਲੀ ਨੂੰ ਸੰਬੋਧਨ ਕੀਤਾ ਅਤੇ ਦਲਿਤਾਂ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਨੂੰ ਘੇਰਿਆ। ਖੜਗੇ ਨੇ ਕਿਹਾ, ‘‘ਦਲਿਤਾਂ ਦਾ ਮਸੀਹਾ... ਜੋ ਦਲਿਤਾਂ ਅਤੇ ਗਰੀਬਾਂ ਲਈ ਰੋਂਦੇ ਰਹਿੰਦੇ ਹਨ... ਕੌਣ? ਮੈਂ ਗਰੀਬ ਹਾਂ, ਗਰੀਬਾਂ ਲਈ ਲੜਦਾ ਹਾਂ... ਇਹ ਕਹਿਣ ਵਾਲੇ ਮੋਦੀ ਜੀ ਨੇ ਗਿਰਰਾਜ ਮਲਿੰਗਾ ਨੂੰ ਟਿਕਟ ਦਿਤੀ। ਉਹ ਭਾਜਪਾ ਦੇ ਚੋਣ ਨਿਸ਼ਾਨ ਕਮਲ ’ਤੇ ਚੋਣ ਲੜ ਰਹੇ ਹਨ।’’ ਕਾਂਗਰਸ ਪ੍ਰਧਾਨ ਨੇ ਕਿਹਾ, ‘‘ਇਕ ਪਾਸੇ ਤੁਸੀਂ ਗਰੀਬਾਂ ਅਤੇ ਦਲਿਤਾਂ ਦੀ ਗੱਲ ਕਰਦੇ ਹੋ ਅਤੇ ਦੂਜੇ ਪਾਸੇ ਉਨ੍ਹਾਂ ਨੂੰ ਟਿਕਟ ਦਿੰਦੇ ਹੋ ਜੋ ਦਲਿਤਾਂ ਨੂੰ ਕੁੱਟਦੇ ਹਨ ਅਤੇ ਅਪਣੀ ਜਾਨ ਨੂੰ ਖਤਰੇ ’ਚ ਰਖਦੇ ਹਨ। ਜੇ ਤੁਸੀਂ ਉਸ ਨੂੰ ਟਿਕਟ ਨਾ ਦਿਤੀ ਹੁੰਦੀ, ਤਾਂ ਤੁਹਾਡਾ ਕੀ ਹੋਣਾ ਸੀ, ਕੀ ਹੋ ਜਾਣਾ ਸੀ?’’ ਵੈਰ ਰਵਾਨਾ ਹੋਣ ਤੋਂ ਪਹਿਲਾਂ ਦੋਵੇਂ ਕਾਂਗਰਸੀ ਆਗੂਆਂ ਨੇ ਜੈਪੁਰ ਦੇ ਸਵਾਈ ਮਾਨ ਸਿੰਘ ਸਰਕਾਰੀ ਹਸਪਤਾਲ ’ਚ ਦਾਖ਼ਲ ਹਰਸ਼ਦੀਪਤੀ ਵਾਲਮੀਕੀ ਨਾਲ ਮੁਲਾਕਾਤ ਕੀਤੀ। ਕਾਂਗਰਸ ਨੇ ਬਾਰੀ ਸੀਟ ਤੋਂ ਅਪਣੇ ਵਿਧਾਇਕ ਮਲਿੰਗਾ ਨੂੰ ਟਿਕਟ ਨਹੀਂ ਦਿਤੀ। ਉਹ ਭਾਜਪਾ ਵਿਚ ਸ਼ਾਮਲ ਹੋ ਗਏ ਜਿਸ ਨੇ ਉਸ ਨੂੰ ਅਪਣਾ ਉਮੀਦਵਾਰ ਬਣਾਇਆ। ਜ਼ਿਕਰਯੋਗ ਹੈ ਕਿ ਬੀਤੀ 28 ਮਾਰਚ ਨੂੰ ਧੌਲਪੁਰ ਜ਼ਿਲ੍ਹੇ ਦੇ ਬਾਰੀ ਕਸਬੇ ’ਚ ਬਿਜਲੀ ਨਿਗਮ ਦਫ਼ਤਰ ’ਚ ਸਹਾਇਕ ਇੰਜਨੀਅਰ ਹਰਸ਼ਦੀਪਤੀ ਅਤੇ ਜੂਨੀਅਰ ਇੰਜਨੀਅਰ ਨਿਤਿਨ ਗੁਲਾਟੀ ਦੀ ਕੁੱਟਮਾਰ ਕੀਤੀ ਗਈ ਸੀ। ਘਟਨਾ ਦੇ ਦੂਜੇ ਦਿਨ ਹਰਸ਼ਦੀਪਤੀ ਵਲੋਂ ਦਿਤੇ ਲਿਖਤੀ ਬਿਆਨ ਦੇ ਆਧਾਰ ’ਤੇ ਵਿਧਾਇਕ ਮਲਿੰਗਾ ਸਮੇਤ ਦਰਜਨ ਦੇ ਕਰੀਬ ਲੋਕਾਂ ਵਿਰੁਧ ਐੱਫ.ਆਈ.ਆਰ. ਦਰਜ ਕਰਵਾਈ ਗਈ ਸੀ। ਹਰਸ਼ਦੀਪਤੀ ਅਜੇ ਵੀ ਜੈਪੁਰ ’ਚ ਇਲਾਜ ਅਧੀਨ ਹੈ ਅਤੇ ਤੁਰ ਨਹੀਂ ਸਕਦਾ। ਕਾਂਗਰਸ ਪ੍ਰਧਾਨ ਨੇ ਕਿਹਾ, ‘‘ਇਹ ਅਫਸੋਸ ਦੀ ਗੱਲ ਹੈ ਕਿ ਅਸੀਂ ਗਿਰਰਾਜ ਮਲਿੰਗਾ ਦੀ ਟਿਕਟ ਰੱਦ ਕਰ ਦਿਤੀ ਕਿਉਂਕਿ ਉਸ ਨੇ ਇਕ ਵਿਅਕਤੀ ਨੂੰ ਇੰਨਾ ਕੁੱਟਿਆ ਕਿ ਉਸ ਦੀ ਜਾਨ ਜਾਣ ਦਾ ਖਤਰਾ ਸੀ। ਅਜਿਹੇ ਵਿਅਕਤੀ ਨੂੰ ਟਿਕਟ ਦੇਣਾ ਸਾਨੂੰ ਮਨਜ਼ੂਰ ਨਹੀਂ ਸੀ, ਭਾਵੇਂ ਅਸੀਂ ਸੀਟ ਗੁਆ ਬੈਠੀਏ। ਅਸੀਂ ਇਕ ਆਦਮੀ ਨੂੰ ਇਕ ਨੌਜਵਾਨ ਦਲਿਤ ਨੂੰ ਕੁੱਟਦੇ ਹੋਏ ਵੇਖਣ ਦੇ ਆਦੀ ਨਹੀਂ ਹਾਂ।’’ ਖੜਗੇ ਨੇ ਕਿਹਾ, ‘‘ਉਨ੍ਹਾਂ ਨੂੰ ਕਿਸੇ ਪਾਰਟੀ ’ਚ ਥਾਂ ਨਹੀਂ ਮਿਲਣੀ ਚਾਹੀਦੀ ਸੀ। ਹੁਣ ਇਹ ਸਮਾਂ ਆ ਗਿਆ ਹੈ ਇਥੇ ਕੁੱਟਮਾਰ ਕਰੋ ਅਤੇ ਜਾ ਕੇ ਭਾਜਪਾ ਦੀ ਟਿਕਟ ਪ੍ਰਾਪਤ ਕਰੋ। ਇਨ੍ਹਾਂ ਸਮਝਦਾਰ ਲੋਕਾਂ ਨੇ ਟਿਕਟ ਦਿਤੀ ਹੈ। ਮੋਦੀ ਜੀ, ਅਮਿਤ ਸ਼ਾਹ, ਇਹ ਲੋਕ ਲੜਨ ਵਾਲਿਆਂ ਨੂੰ ਹੱਲਾਸ਼ੇਰੀ ਦੇ ਰਹੇ ਹਨ।’’ਖੜਗੇ ਨੇ ਪ੍ਰਧਾਨ ਮੰਤਰੀ ’ਤੇ ਝੂਠ ਬੋਲਣ ਦਾ ਵੀ ਦੋਸ਼ ਲਗਾਇਆ ਅਤੇ ਕਿਹਾ ਕਿ ਉਨ੍ਹਾਂ ਨੇ ਹਰ ਸਾਲ 2 ਕਰੋੜ ਨੌਕਰੀਆਂ, ਹਰ ਵਿਅਕਤੀ ਨੂੰ 15 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਪਰ ਵਾਅਦੇ ਪੂਰੇ ਨਹੀਂ ਕੀਤੇ। ਖੜਗੇ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ ਪਰ ਰਾਜਸਥਾਨ ’ਚ ਕਾਂਗਰਸ ਇਕ ਵਾਰ ਫਿਰ ਸਰਕਾਰ ਬਣਾਏਗੀ। ਸੂਬੇ ’ਚ ਵਿਧਾਨ ਸਭਾ ਚੋਣਾਂ 25 ਨਵੰਬਰ ਨੂੰ ਹਨ ਅਤੇ ਵੋਟਾਂ ਦੀ ਗਿਣਤੀ 3 ਦਸੰਬਰ ਨੂੰ ਹੋਵੇਗੀ।