ਮੈਨਪੁਰੀ ‘ਚ ਟਰੱਕ ਨੇ ਸੜਕ ਕਿਨਾਰੇ ਖੜ੍ਹੇ ਟਰੈਕਟਰ-ਟਰਾਲੀ ਨੂੰ ਮਾਰੀ ਟੱਕਰ, 4 ਔਰਤਾਂ ਦੀ ਮੌਤ, 25 ਜ਼ਖਮੀ

ਮੈਨਪੁਰੀ, 20 ਅਪ੍ਰੈਲ : ਯੂਪੀ ਦੇ ਮੈਨਪੁਰੀ ਦੇ ਭੋਗਾਂ ‘ਚ ਸਵੇਰੇ ਹੋਏ ਭਿਆਨਕ ਸੜਕ ਹਾਦਸੇ ‘ਚ 4 ਔਰਤਾਂ ਦੀ ਮੌਤ ਹੋ ਗਈ, ਜਦਕਿ 25 ਲੋਕ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਟਰੱਕ ਨੇ ਸੜਕ ਕਿਨਾਰੇ ਖੜ੍ਹੇ ਟਰੈਕਟਰ-ਟਰਾਲੀ ਨੂੰ ਟੱਕਰ ਮਾਰ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਸ ਨੇ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਕਨੌਜ ਦੇ ਛਿਬਰਾਮਾਊ ਥਾਣਾ ਖੇਤਰ ‘ਚ ਪੈਂਦੇ ਪਿੰਡ ਕੁੰਵਰਪੁਰ ਵਾਸੀ ਵਰਿੰਦਰ ਸਿੰਘ ਦੀ ਬੇਟੀ ਦਾ ਵਿਆਹ ਬਿਛਵਾ ਥਾਣੇ ਦੇ ਪਿੰਡ ਬੇਲਧਾਰਾ ‘ਚ ਹੋਇਆ ਸੀ। ਉਸ ਦੀ ਬੇਟੀ ਨੇ 10 ਦਿਨ ਪਹਿਲਾਂ ਬੇਟੇ ਨੂੰ ਜਨਮ ਦਿੱਤਾ ਸੀ। ਸ਼ੁੱਕਰਵਾਰ ਨੂੰ ਉਨ੍ਹਾਂ ਦਾ ਨਾਮਕਰਨ ਸਮਾਰੋਹ ਸੀ। ਵਰਿੰਦਰ ਸਿੰਘ ਆਪਣੇ ਪਰਿਵਾਰ ਸਮੇਤ ਟਰੈਕਟਰ ਟਰਾਲੀ ਵਿੱਚ ਪਿੰਡ ਬੇਲਧਾਰਾ ਗਿਆ ਸੀ। ਸ਼ਨੀਵਾਰ ਸਵੇਰੇ ਕਰੀਬ 4.30 ਵਜੇ ਸਾਰੇ ਲੋਕ ਟਰੈਕਟਰ-ਟਰਾਲੀ ‘ਚ ਸਵਾਰ ਹੋ ਕੇ ਘਰ ਪਰਤ ਰਹੇ ਸਨ। ਭੋਗਾਂ ਇਲਾਕੇ ਦੇ ਦਵਾਰਕਾਪੁਰ ਨੇੜੇ ਟਰੈਕਟਰ ਦੀ ਲਾਈਟ ਖਰਾਬ ਹੋ ਗਈ। ਡਰਾਈਵਰ ਨੇ ਟਰੈਕਟਰ ਸੜਕ ਕਿਨਾਰੇ ਖੜ੍ਹਾ ਕਰਕੇ ਲਾਈਟ ਠੀਕ ਕਰਨੀ ਸ਼ੁਰੂ ਕਰ ਦਿੱਤੀ। ਉਦੋਂ ਪਿੱਛੇ ਤੋਂ ਆ ਰਹੇ ਟਰੱਕ ਨੇ ਟਰਾਲੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਟਰਾਲੀ ਪਲਟ ਗਈ। ਟਰਾਲੀ ‘ਚ ਬੈਠੀ ਫੂਲਮਤੀ ਪਤਨੀ ਅਵਧੇਸ਼, ਰਮਾਕਾਂਤੀ ਪਤਨੀ ਦਫੇਦਾਰ ਅਤੇ ਸੰਜੇ ਦੇਵੀ ਪਤਨੀ ਰਾਜੇਸ਼ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ 25 ਲੋਕ ਜ਼ਖਮੀ ਹੋ ਗਏ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਦ੍ਰੋਪਦੀ ਦੇਵੀ ਪਤਨੀ ਵਿਸ਼ੂਨ ਦਿਆਲ ਦੀ ਵੀ ਮੌਤ ਹੋ ਗਈ। ਸਾਰੇ ਮ੍ਰਿਤਕ ਅਤੇ ਜ਼ਖਮੀ ਪਿੰਡ ਕੁੰਵਰਪੁਰ ਛਿੱਬਰਾਮਾਉ ਦੇ ਵਸਨੀਕ ਹਨ।  ਪੰਜ ਜ਼ਖਮੀਆਂ ਨੂੰ ਸੈਫਈ ਰੈਫਰ ਕਰ ਦਿੱਤਾ ਗਿਆ। ਹੋਰ ਜ਼ਖ਼ਮੀਆਂ ਦਾ ਜ਼ਿਲ੍ਹਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਹਟਾ ਕੇ ਆਵਾਜਾਈ ਨੂੰ ਸੁਚਾਰੂ ਬਣਾਇਆ। ਐੱਸਪੀ ਵਿਨੋਦ ਕੁਮਾਰ ਨੇ ਦੱਸਿਆ ਕਿ ਟਰੱਕ ਡਰਾਈਵਰ ਦਾ ਪਤਾ ਲਗਾਇਆ ਜਾ ਰਿਹਾ ਹੈ। ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।