ਕੇਜਰੀਵਾਲ ਨੇ ਕੀਤਾ ਐਲਾਨ, ਦਿੱਲੀ ਦੇ ਮੁੱਖ ਮੰਤਰੀ ਅਹੁਦੇ ਤੋਂ ਦੇਣਗੇ ਅਸਤੀਫਾ 

ਨਵੀਂ ਦਿੱਲੀ: 15 ਸਤੰਬਰ 2024 : ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਉਹ ਦੋ ਦਿਨਾਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਉਨ੍ਹਾਂ ਦੇ ਨਾਲ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਅਹੁਦਾ ਛੱਡ ਦੇਣਗੇ। ਇਸ ਤੋਂ ਬਾਅਦ ਕਿਆਸਅਰਾਈਆਂ ਦਾ ਦੌਰ ਜਾਰੀ ਹੈ ਕਿ ਦਿੱਲੀ ਦਾ ਨਵਾਂ ਮੁੱਖ ਮੰਤਰੀ ਕੌਣ ਬਣੇਗਾ? ਆਉਣ ਵਾਲੇ ਦਿਨਾਂ 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਦੀ ਮੀਟਿੰਗ ਹੋਵੇਗੀ ਅਤੇ ਨਵੇਂ ਆਗੂ ਦੀ ਚੋਣ ਕੀਤੀ ਜਾਵੇਗੀ। ਕੇਜਰੀਵਾਲ ਤੇ ਸਿਸੋਦੀਆ ਦੀ ਗੈਰ-ਮੌਜੂਦਗੀ 'ਚ ਦਿੱਲੀ ਦਾ ਜ਼ਿਆਦਾਤਰ ਕੰਮ ਸੰਭਾਲ ਰਹੀ ਆਤਿਸ਼ੀ ਮਾਰਲੇਨਾ ਦੇ ਨਾਲ-ਨਾਲ ਸੌਰਭ ਭਾਰਦਵਾਜ ਤੇ ਰਾਘਵ ਚੱਢਾ ਦੇ ਨਾਂ ਨਵੇਂ ਮੁੱਖ ਮੰਤਰੀ ਦੀ ਦੌੜ 'ਚ ਸਭ ਤੋਂ ਅੱਗੇ ਦੱਸੇ ਜਾ ਰਹੇ ਹਨ। ਨਵੇਂ ਮੁੱਖ ਮੰਤਰੀ ਦੀ ਸੂਚੀ 'ਚ ਆਤਿਸ਼ੀ ਦਾ ਨਾਂ ਸਭ ਤੋਂ ਅੱਗੇ ਦੱਸਿਆ ਜਾ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਕੇਜਰੀਵਾਲ ਦੇ ਜੇਲ੍ਹ ਜਾਣ ਤੋਂ ਬਾਅਦ ਉਸ ਨੇ ਦਿੱਲੀ ਦੇ ਇਕ ਦਰਜਨ ਮੰਤਰਾਲਿਆਂ ਨੂੰ ਸੰਭਾਲਿਆ। ਆਤਿਸ਼ੀ ਨੇ ਉਨ੍ਹਾਂ ਮੰਤਰਾਲਿਆਂ ਦੀ ਦੇਖਭਾਲ ਕੀਤੀ, ਜਿਨ੍ਹਾਂ ਦੇ ਕੰਮਕਾਜ ਨੂੰ ਲੈ ਕੇ ਕੇਜਰੀਵਾਲ ਸਭ ਤੋਂ ਜ਼ਿਆਦਾ ਚਿੰਤਤ ਸਨ। ਆਤਿਸ਼ੀ ਨੇ ਜੇਲ੍ਹ 'ਚ ਕਈ ਵਾਰ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਤੋਂ ਮਾਰਗਦਰਸ਼ਨ ਲਿਆ। ਕੇਜਰੀਵਾਲ ਦੀਆਂ ਨਜ਼ਰਾਂ 'ਚ ਆਤਿਸ਼ੀ ਦੀ ਅਹਿਮੀਅਤ ਇਸ ਗੱਲ ਤੋਂ ਵੀ ਜ਼ਾਹਰ ਹੁੰਦੀ ਹੈ ਕਿ ਉਨ੍ਹਾਂ ਨੇ 15 ਅਗਸਤ ਨੂੰ ਝੰਡਾ ਲਹਿਰਾਉਣ ਲਈ ਆਤਿਸ਼ੀ ਦਾ ਨਾਂ ਅੱਗੇ ਰੱਖਿਆ ਸੀ। ਹਾਲਾਂਕਿ ਉਹ ਝੰਡਾ ਨਹੀਂ ਲਹਿਰਾ ਸਕੀ।