ਝਾਰਖੰਡ ਵਿੱਚ ਠੰਡ ਤੋਂ ਬਚਣ ਲਈ ਬਾਲੀ ਅੰਗੀਠੀ ਬਣੀ ਕਾਲ, ਚਾਰ ਵਿਦਿਆਰਥੀਆਂ ਦੀ ਦਮ ਘੁਟਣ ਕਾਰਨ ਮੌਤ

ਝਾਰਖੰਡ, 21 ਦਸੰਬਰ : ਝਾਰਖੰਡ ਦੇ ਹਜ਼ਾਰੀਬਾਗ ਵਿੱਚ ਦਮ ਘੁਟਣ ਕਾਰਨ 4 ਵਿਦਿਆਰਥੀਆਂ ਦੀ ਮੌਤ ਹੋ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਠੰਡ ਤੋਂ ਬਚਣ ਲਈ ਵਿਦਿਆਰਥੀਆਂ ਨੇ ਕਮਰੇ ਵਿੱਚ ਕੋਲਿਆਂ ਵਾਲੀ ਅੰਗੀਠੀ ਬਾਲੀ ਤੇ ਕਮਰਾ ਬੰਦ ਕਰਕੇ ਸੌ ਗਏ। ਕਮਰਾ ਬੰਦ ਹੋਣ ਕਾਰਨ ਅਤੇ ਕੋਲਿਆਂ ਦੇ ਧੂੰਏ ਕਾਰਨ ਵਿਦਿਆਰਥੀਆਂ ਦਾ ਦਮਘੁੱਟ ਗਿਆ ਅਤੇ 4 ਦੀ ਮੌਤ ਹੋ ਗਈ। ਘਟਨਾ ਸਿਰਸ਼ੀ ਪਿੰਡ ਦੀ ਹੈ। ਜਾਣਕਾਰੀ ਮੁਤਾਬਕ ਮ੍ਰਿਤਕਾਂ ਦੀ ਪਛਾਣ ਰਾਹੁਲ ਕੁਮਾਰ (20), ਅਖਿਲੇਸ਼ ਕੁਮਾਰ (21), ਪ੍ਰਿੰਸ ਕੁਮਾਰ (20) ਅਤੇ ਅਰਮਾਨ ਅਲੀ (19) ਵਜੋਂ ਹੋਈ ਹੈ। ਸਾਰੇ ਨੌਜਵਾਨ ਬਿਹਾਰ ਦੇ ਬਕਸਰ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਉਹ ਸਿਰਸ਼ੀ ਦੇ ਇੱਕ ਇੰਸਟੀਚਿਊਟ ਵਿੱਚ ਕੰਪਿਊਟਰ ਦਾ ਕੋਰਸ ਕਰ ਰਹੇ ਸਨ। ਇਸੇ ਕਰਕੇ ਉਹ ਇੱਥੇ ਕਿਰਾਏ ਦੇ ਕਮਰੇ ਵਿੱਚ ਰਹਿ ਰਹੇ ਸਨ। ਇਨ੍ਹੀਂ ਦਿਨੀਂ ਸਰਦੀਆਂ ਦਾ ਮੌਸਮ ਹੈ। ਖਾਸ ਕਰਕੇ ਰਾਤ ਨੂੰ ਠੰਡ ਮਹਿਸੂਸ ਹੁੰਦੀ ਹੈ। ਚਾਰੇ ਲੜਕਿਆਂ ਨੇ ਬੁੱਧਵਾਰ ਨੂੰ ਰਾਤ ਦੀ ਰੋਟੀ ਖਾਧੀ। ਫਿਰ, ਠੰਡ ਤੋਂ ਬਚਣ ਲਈ, ਉਨ੍ਹਾਂ ਨੇ ਅੰਗੀਠੀ ਵਿਚ ਕੋਲਾ ਬਾਲਿਆ ਤੇ ਸੌਂ ਗਏ ਪਰ ਕੋਲੇ 'ਚੋਂ ਨਿਕਲਦੇ ਧੂੰਏਂ ਕਾਰਨ ਉਨ੍ਹਾਂ ਦਾ ਦਮ ਘੁੱਟਿਆ ਗਿਆ ਅਤੇ ਉਹ ਸੁੱਤੇ ਪਏ ਹੀ ਰਹਿ ਗਏ। ਡਿਪਟੀ ਐੱਸਪੀ ਰਾਜੀਵ ਕੁਮਾਰ ਨੇ ਦੱਸਿਆ ਕਿ ਨੌਜਵਾਨਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ। ਪਤਾ ਲੱਗਾ ਕਿ ਧੂੰਏਂ ਕਾਰਨ ਦਮ ਘੁੱਟਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਸਵੇਰੇ ਦਰਵਾਜ਼ਾ ਨਾ ਖੋਲ੍ਹਣ 'ਤੇ ਨੌਜਵਾਨਾਂ ਦੀ ਮੌਤ ਦਾ ਪਤਾ ਲੱਗਾ। ਜਿਸ ਕਾਰਨ ਗੁਆਂਢੀਆਂ ਨੂੰ ਸ਼ੱਕ ਹੋ ਗਿਆ। ਜਦੋਂ ਉਨ੍ਹਾਂ ਨੇ ਦਰਵਾਜ਼ਾ ਤੋੜਿਆ ਤਾਂ ਦੇਖਿਆ ਕਿ ਚਾਰੋਂ ਨੌਜਵਾਨ ਕਮਰੇ ਵਿੱਚ ਮ੍ਰਿਤਕ ਪਏ ਸਨ।