ਪੱਛਮੀ ਬੰਗਾਲ ਵਿੱਚ ਆਈ.ਪੀ.ਐਸ. ਅਫਸਰ ਨਾਲ ਭਾਜਪਾ ਵਾਲਿਆਂ ਦਾ ਘਟੀਆ ਵਤੀਰਾ, ਪੱਗ ਵਾਲੇ ਜਸਪ੍ਰੀਤ ਸਿੰਘ ਨੂੰ ਕਿਹਾ ਖਾਲਿਸਤਾਨੀ

ਪੱਛਮੀ ਬੰਗਾਲ, 20 ਫਰਵਰੀ : ਪੱਛਮੀ ਬੰਗਾਲ ਦੇ ਪਰਗਨਾ ਜ਼ਿਲ੍ਹੇ ਦਾ ਸੰਦੇਸ਼ਖਲੀ ਵਿੱਚ ਔਰਤਾਂ ਨਾਲ ਹਿੰਸਾ ਅਤੇ ਬਲਾਤਕਾਰ ਦੀਆਂ ਘਟਨਾਵਾਂ ਤੋਂ ਬਾਅਦ ਸਥਿਤੀ ਵਿਗੜਦੀ ਜਾ ਰਹੀ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਇਸ ਮਾਮਲੇ ਨੂੰ ਲੈ ਕੇ ਪੂਰੀ ਤਰ੍ਹਾਂ ਸੜਕਾਂ 'ਤੇ ਉਤਰੀ ਹੋਈ ਹੈ। ਅੱਜ ਯਾਨੀ 20 ਫਰਵਰੀ ਮੰਗਲਵਾਰ ਨੂੰ ਭਾਜਪਾ ਦੇ ਕਈ ਵਿਧਾਇਕ ਜਦੋਂ ਸੰਦੇਸ਼ਖਾਲੀ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਆਈਪੀਐਸ ਅਧਿਕਾਰੀ ਜਸਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਭਾਜਪਾ ਵਿਧਾਇਕਾਂ ਅਤੇ ਪੁਲਿਸ ਅਧਿਕਾਰੀਆਂ ਵਿਚਾਲੇ ਬਹਿਸ ਹੋਈ। ਪਾਰਟੀ ਦੇ ਵਿਧਾਇਕਾਂ ਨੇ ਕਥਿਤ ਤੌਰ 'ਤੇ ਜਸਪ੍ਰੀਤ ਨੂੰ 'ਖਾਲਿਸਤਾਨੀ' ਕਿਹਾ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਬਹਿਸ ਵਧ ਗਈ। ਇਸ ਘਟਨਾ ਨਾਲ ਜੁੜੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਆਈਪੀਸੀ ਅਧਿਕਾਰੀ ਜਸਪ੍ਰੀਤ ਸਿੰਘ ਨੇ ਕਿਹਾ- ਤੁਸੀਂ ਮੈਨੂੰ ਖਾਲਿਸਤਾਨੀ ਕਹਿ ਰਹੇ ਹੋ ਕਿਉਂਕਿ ਮੈਂ ਪੱਗ ਬੰਨ੍ਹੀ ਹੋਈ ਹੈ। ਕੀ ਜੇਕਰ ਕੋਈ ਪੁਲਿਸ ਮੁਲਾਜ਼ਮ ਪੱਗ ਬੰਨ ਕੇ ਡਿਊਟੀ ਕਰਦਾ ਹੈ ਤਾਂ ਕੀ ਉਹ ਖਾਲਿਸਤਾਨੀ ਬਣ ਜਾਂਦਾ ਹੈ ? ਕੀ ਇਹ ਤੁਹਾਡਾ ਪੱਧਰ ਹੈ ? ਆਈਪੀਸੀ ਅਧਿਕਾਰੀ ਸਿੰਘ ਨੂੰ ਪੱਛਮੀ ਬੰਗਾਲ ਦੇ ਵਿਰੋਧੀ ਧਿਰ ਦੇ ਨੇਤਾ ਸੁਵੇਂਦੂ ਅਧਿਕਾਰੀ ਅਤੇ ਭਾਜਪਾ ਦੇ ਹੋਰ ਵਿਧਾਇਕਾਂ ਨੂੰ ਇਹ ਸਭ ਕਹਿੰਦੇ ਸੁਣਿਆ ਗਿਆ। ਇਸ ਦੇ ਨਾਲ ਹੀ ਕਾਂਗਰਸ ਪਾਰਟੀ ਨੇ ਵੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਵੀਡੀਓ ਸ਼ੇਅਰ ਕੀਤੀ ਹੈ। ਪਾਰਟੀ ਨੇ ਲਿਖਿਆ, “ਤੁਸੀਂ ਮੈਨੂੰ ਖਾਲਿਸਤਾਨੀ ਕਹਿ ਰਹੇ ਹੋ ਕਿਉਂਕਿ ਮੈਂ ਪੱਗ ਬੰਨ੍ਹੀ ਹੋਈ ਹਾਂ। IPS ਅਫਸਰ ਜਸਪ੍ਰੀਤ ਸਿੰਘ ਨਾਲ ਇਹ ਭਾਜਪਾ ਵਾਲਿਆਂ ਦਾ ਘਟੀਆ ਵਤੀਰਾ ਦੇਖੋ। ਦਿਨ ਰਾਤ ਦੇਸ਼ ਦੀ ਸੇਵਾ ਕਰਨ ਵਾਲੇ ਪੁਲਿਸ ਅਫਸਰ ਨੂੰ ਖਾਲਿਸਤਾਨੀ ਕਿਹਾ ਜਾਂਦਾ ਸੀ ਕਿਉਂਕਿ ਉਹ ਪੱਗ ਬੰਨ੍ਹਦਾ ਸੀ। ਇਹ ਬਹੁਤ ਹੀ ਘਟੀਆ ਮਾਨਸਿਕਤਾ ਹੈ।”

ਸਿੱਖਾਂ ਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ, ਆਜ਼ਾਦੀ ਅਤੇ ਸੁਰੱਖਿਆ ਲਈ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ : ਧਾਮੀ 
ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਭਾਜਪਾ ਆਗੂਆਂ ਵੱਲੋਂ ਸਿੱਖ ਆਈ.ਪੀ.ਐਸ. ਅਫ਼ਸਰ ਜਸਪ੍ਰੀਤ ਸਿੰਘ ਨੂੰ ਖਾਲਿਸਤਾਨੀ ਕਹਿਣਾ ਅਤਿ ਨਿੰਦਣਯੋਗ ਹੈ। ਦੇਸ਼ ਵਿੱਚ ਅਜਿਹੀ ਸੋਚ ਰੱਖਣ ਵਾਲੇ ਆਗੂਆਂ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਦੇਸ਼ ਦੀ ਆਜ਼ਾਦੀ ਅਤੇ ਸੁਰੱਖਿਆ ਲਈ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਹਨ। ਸਿੱਖਾਂ ਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ, ਸਗੋਂ ਉਹ ਆਪਣੀਆਂ ਰਵਾਇਤਾਂ ਅਤੇ ਰੀਤੀ-ਰਿਵਾਜਾਂ ਅਨੁਸਾਰ ਕੌਮ ਲਈ ਸੇਵਾਵਾਂ ਨਿਭਾਉਣਾ ਜਾਣਦੇ ਹਨ। ਇਹ ਵੱਡਾ ਸਵਾਲ ਹੈ ਕਿ ਦੇਸ਼ ਵਿੱਚ ਅਜਿਹੇ ਲੋਕ ਜਾਣਬੁੱਝ ਕੇ ਨਫ਼ਰਤ ਦਾ ਮਾਹੌਲ ਪੈਦਾ ਕਰਦੇ ਹਨ ਪਰ ਸਰਕਾਰਾਂ ਚੁੱਪ ਰਹਿੰਦੀਆਂ ਹਨ। ਅਜਿਹਾ ਮਾਹੌਲ ਪੈਦਾ ਕਰਨ ਵਾਲਿਆਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ ਤਾਂ ਜੋ ਵੱਖ-ਵੱਖ ਖੇਤਰਾਂ ਵਿੱਚ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਣ ਵਾਲੇ ਲੋਕਾਂ ਨੂੰ ਅਜਿਹੀ ਨਫ਼ਰਤ ਦਾ ਸ਼ਿਕਾਰ ਨਾ ਹੋਣਾ ਪਵੇ।