ਭਾਰਤ ਨੇ ਕੋਰੋਨਾ ਮਹਾਮਾਰੀ ਦਾ ਸਾਹਮਣਾ ਕੀਤਾ, ਉਹ ਦੁਨੀਆ ਲਈ ਉਦਾਹਰਨ ਹੈ : ਜਗਦੀਪ ਧਨਖੜ 

ਨਵੀਂ ਦਿੱਲੀ (ਪੀਟੀਆਈ) : ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਕਿ ਭਾਰਤ ਨੇ ਕੋਰੋਨਾ ਮਹਾਮਾਰੀ ਦਾ ਜਿਸ ਤਰ੍ਹਾਂ ਸਾਹਮਣਾ ਕੀਤਾ, ਉਹ ਦੁਨੀਆ ਲਈ ਉਦਾਹਰਨ ਹੈ। ਭਾਰਤ ਨੇ ਨਾ ਸਿਰਫ਼ ਆਪਣੇ ਇੱਥੇ ਵੱਡੀ ਆਬਾਦੀ ਦਾ ਟੀਕਾਕਰਨ ਕਰ ਕੇ ਬਿਮਾਰੀ ’ਤੇ ਕਾਬੂ ਪਾਇਆ ਸਗੋਂ ਹੋਰਨਾਂ ਦੇਸ਼ਾਂ ਦੀ ਮਦਦ ਵੀ ਕੀਤੀ। ਮਹਾਮਾਰੀ ਦਾ ਸਾਹਮਣਾ ਕਰਨ ਦੀ ਲੜੀ ’ਚ ਭਾਰਤ ਨੇ ਆਪਣੇ ਡਿਜੀਟਲ ਵਸੀਲਿਆਂ ਦੀ ਵੀ ਕਾਮਯਾਬੀ ਨਾਲ ਵਰਤੋਂ ਕੀਤੀ। ਇਕ ਕੌਮਾਂਤਰੀ ਸੈਮੀਨਾਰ ਦਾ ਉਦਘਾਟਨ ਕਰਦਿਆਂ ਧਨਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਹੀ ਸਮੇਂ ’ਤੇ ਜਨਤਾ ਕਰਫਿਊ ਦੀ ਅਪੀਲ ਤੇ ਲੋਕਾਂ ਵੱਲੋਂ ਇਸ ਦੀ ਪਾਲਣਾ ਕੀਤੇ ਜਾਣ ਦੀ ਸ਼ਲਾਘਾ ਕੀਤੀ। ਕਿਹਾ ਕਿ ਮਹਾਮਾਰੀ ਫੈਲਣ ਨੂੰ ਰੋਕਣ ਲਈ ਜਨਤਾ ਕਰਫਿਊ ਦੀ ਸਲਾਹ ਦਿੱਤੀ ਗਈ ਸੀ। ਪ੍ਰਧਾਨ ਮੰਤਰੀ ਨੇ ਕੋਰੋਨਾ ਯੋਧਿਆਂ ਦਾ ਹੌਸਲਾ ਵਧਾਇਆ ਤੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ। ਇਸ ’ਚ ਕੋਈ ਸ਼ੱਕ ਨਹੀਂ ਕਿ ਭਾਰਤ ਨੇ ਸਰਬੋਤਮ ਤਰੀਕੇ ਨਾਲ ਕੋਰੋਨਾ ਦਾ ਮੁਕਾਬਲਾ ਕੀਤਾ। ਇਸ ਦੇ ਨਾਲ ਹੀ ਇਹ ਦੇਖਣਾ ਤਸੱਲੀਬਖਸ਼ ਸੀ ਕਿ ਜਦੋਂ ਭਾਰਤ ਕੋਰੋਨਾ ਦਾ ਸਾਹਮਣਾ ਕਰ ਰਿਹਾ ਸੀ ਤਾਂ ਇਸ ਨੇ ਟੀਕੇ ਦਾ ਵੀ ਨਿਰਮਾਣ ਕੀਤਾ। ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ 220 ਕਰੋੜ ਲੋਕਾਂ ਦਾ ਟੀਕਾਕਰਨ ਕਰ ਸਕਦਾ ਹੈ ਤੇ ਇਸ ਨੂੰ ਡਿਜੀਟਲ ਮੈਪਿੰਗ ’ਤੇ ਰੱਖ ਸਕਦਾ ਹੈ। ਇਹ ‘ਵੈਕਸੀਨ ਮੈਤਰੀ’ ਜ਼ਰੀਏ ਹੋਰਨਾਂ ਦੇਸ਼ਾਂ ਨੂੰ ਵੀ ਸਹਾਇਤਾ ਦੇ ਸਕਦਾ ਹੈ ਜੋ ਸਾਡੇ ਸਦੀਆਂ ਪੁਰਾਣੇ ਲੋਕਾਚਾਰ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਸਿਹਤ ਸੇਵਾਵਾਂ ਦਾ ਸਸਤਾ ਹੋਣਾ ਇਕ ਅਹਿਮ ਪਹਿਲੂ ਹੈ। ਇਸੇ ਤੱਥ ਨੂੰ ਧਿਆਨ ’ਚ ਰੱਖਦੇ ਹੋਏ ਪ੍ਰਧਾਨ ਮੰਤਰੀ ਮੋਦੀ ਆਯੂਸ਼ਮਾਨ ਭਾਰਤ ਯੋਜਨਾ ਲੈ ਕੇ ਆਏ।