ਕਾਂਗਰਸ ਦੇ ਰਿਮੋਟ ਦਾ ਬਟਨ ਦੱਬਦੈ ਤਾਂ ਗ਼ਰੀਬਾਂ ਨੂੰ ਫ਼ਾਇਦਾ ਹੁੰਦੈ, ਭਾਜਪਾ ਦੱਬੂ ਤਾਂ ਅੰਡਾਨੀ ਦਾ : ਰਾਹੁਲ ਗਾਂਧੀ

ਬਿਲਾਸਪੁਰ,  25 ਸਤੰਬਰ : ਛੱਤੀਸ਼ਗੜ੍ਹ ਦੇ ਜਿਲ੍ਹਾ ਬਿਲਾਸਪੁਰ ਦੇ ਪਿੰਡ ਪ੍ਰਸ਼ਾਦਾ ‘ਚ ਆਵਾਸ ਨਿਆਂ ਸੰਮੇਲਨ ਨੁੰ ਸੰਬੋਧਨ ਕਰਦਿਆਂ ਕਾਂਗਰਸ ਪਾਰਟੀ ਦੇ ਆਗੂ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਰਿਮੋਟ ਦਿਖਾਉਂਦਿਆਂ ਕਿਹਾ ਕਿ ਜਦੋਂ ਵੀ ਉਨ੍ਹਾਂ ਦੀ ਪਾਰਟੀ ਇਸ ਨੂੰ ਦਬਾਉਂਦੀ ਹੈ ਤਾਂ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਫਾਇਦਾ ਮਿਲਦਾ ਹੈ ਅਤੇ ਜਦੋਂ ਭਾਜਪਾ ਇਸ ਨੁੰ ਦਬਾਉਂਦੀ ਹੈ ਤਾਂ ਅਡਾਨੀ ਨੂੰ ਬੰਦਰਗਾਹ, ਰੇਲਵੇ ਦਾ ਠੇਕਾ ਅਤੇ ਹਵਾਈ ਅੱਡੇ ਮਿਲ ਜਾਂਦੇ ਹਨ। ਰਾਹੁਲ ਗਾਂਧੀ ਨੇ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ  ਜਾਤਾਂ ਦੀ ਮਰਦਮਸ਼ੁਮਾਰੀ ਤੋਂ ਕਿਉਂ ਡਰਦੇ ਹਨ? ਕਾਨਫਰੰਸ ’ਚ ਰਾਹੁਲ ਗਾਂਧੀ ਨੇ ਭੂਪੇਸ਼ ਬਘੇਲ ਸਰਕਾਰ ਦੀ ‘ਗ੍ਰਾਮੀਣ ਆਵਾਸ ਨਿਆਂ ਯੋਜਨਾ’ ਦੀ ਸ਼ੁਰੂਆਤ ਕੀਤੀ, ਜਿਸ ਦਾ ਉਦੇਸ਼ ਪੇਂਡੂ ਇਲਾਕਿਆਂ ’ਚ ਬੇਘਰੇ ਅਤੇ ਕੱਚੇ ਘਰਾਂ ਵਾਲੇ ਪ੍ਰਵਾਰਾਂ ਨੂੰ ਵਿੱਤੀ ਮਦਦ ਪ੍ਰਦਾਨ ਕਰਨਾ ਹੈ। ਅਪਣੇ ਸੰਬੋਧਨ ਦੀ ਸ਼ੁਰੂਆਤ ਕਰਦਿਆਂ ਗਾਂਧੀ ਨੇ ਅਪਣੇ ਹੱਥ ’ਚ ਰਿਮੋਟ ਕੰਟਰੋਲ ਵਿਖਾਉਂਦੇ ਹੋਏ ਕਿਹਾ, ‘‘ਅੱਜ ਮੈਂ ਰਿਮੋਟ ਦਾ ਬਟਨ ਦਬਾਇਆ ਅਤੇ ਹਜ਼ਾਰਾਂ ਕਰੋੜ ਰੁਪਏ ਛੱਤੀਸਗੜ੍ਹ ਦੇ ਲੋਕਾਂ ਦੇ ਖਾਤਿਆਂ ’ਚ ਚਲੇ ਗਏ।’’ ਉਨ੍ਹਾਂ ਕਿਹਾ ਕਿ ਅੱਜ ਸ਼ੁਰੂ ਕੀਤੀ ਗਈ ਰਿਹਾਇਸ਼ੀ ਯੋਜਨਾ ਦਾ ਲਾਭ ਉਨ੍ਹਾਂ ਲਾਭਪਾਤਰੀਆਂ ਨੂੰ ਵੀ ਦਿਤਾ ਜਾਵੇਗਾ ਜੋ ਕੇਂਦਰੀ ਯੋਜਨਾ (ਪ੍ਰਧਾਨ ਮੰਤਰੀ ਆਵਾਸ ਯੋਜਨਾ) ਹੇਠ ਮਦਦ ਲੈਣ ਦੇ ਹੱਕਦਾਰ ਸਨ ਪਰ ਉਨ੍ਹਾਂ ਨੂੰ ਇਹ ਮਦਦ ਪ੍ਰਾਪਤ ਨਹੀਂ ਹਈ। ਉਨ੍ਹਾਂ ਕਿਹਾ ਕਿ ਸੂਬੇ ਵਲੋਂ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਕੇਂਦਰ ਨੇ ਪੈਸਾ ਜਾਰੀ ਨਹੀਂ ਕੀਤਾ ਅਤੇ ਅਪਣੀ ਜ਼ਿੰਮੇਵਾਰੀ ਨਿਭਾਉਣ ’ਚ ਅਸਫਲ ਰਿਹਾ। ਰਾਹੁਲ ਨੇ ਕਿਹਾ, ‘‘ਅਸੀਂ ਕੈਮਰੇ ਦੇ ਸਾਹਮਣੇ ਰਿਮੋਟ ਕੰਟਰੋਲ ਦਬਾਉਂਦੇ ਹਾਂ। ਭਾਜਪਾ ਵੀ ਰਿਮੋਟ ਕੰਟਰੋਲ ਦਬਾਉਂਦੀ ਹੈ ਪਰ ਗੁਪਤ ਰੂਪ ’ਚ। ਜਦੋਂ ਭਾਜਪਾ ਰਿਮੋਟ ਕੰਟਰੋਲ ਦਬਾਉਂਦੀ ਹੈ ਤਾਂ ਅਡਾਨੀ ਨੂੰ ਮੁੰਬਈ ਏਅਰਪੋਰਟ ਅਤੇ ਰੇਲਵੇ ਦੇ ਠੇਕੇ ਮਿਲ ਜਾਂਦੇ ਹਨ।’’ ਉਨ੍ਹਾਂ ਅੱਗੇ ਕਿਹਾ, ‘‘ਦੋ ਰਿਮੋਟ ਕੰਟਰੋਲ ਹਨ। ਜਦੋਂ ਅਸੀਂ ਰਿਮੋਟ ਦਬਾਉਂਦੇ ਹਾਂ, ਤਾਂ ਕਿਸਾਨਾਂ ਨੂੰ ਨਿਆਂ ਸਕੀਮ ਰਾਹੀਂ ਅਪਣੇ ਖਾਤਿਆਂ ’ਚ ਪੈਸੇ ਮਿਲ ਜਾਂਦੇ ਹਨ ਅਤੇ ਅੰਗਰੇਜ਼ੀ ਮੀਡੀਅਮ ਵਾਲੇ ਸਕੂਲ (ਛੱਤੀਸਗੜ੍ਹ ’ਚ) ਖੁੱਲ੍ਹਦੇ ਹਨ, ਪਰ ਜਦੋਂ ਭਾਜਪਾ ਰਿਮੋਟ ਦਬਾਉਂਦੀ ਹੈ, ਤਾਂ ਜਨਤਕ ਖੇਤਰ ਦਾ ਨਿੱਜੀਕਰਨ ਹੋ ਜਾਂਦਾ ਹੈ ਅਤੇ ਜਲ-ਜੰਗਲ ਦੀ ਜ਼ਮੀਨ ਅਡਾਨੀ ਕੋਲ ਚਲੀ ਜਾਂਦੀ ਹੈ।’’ ਗਾਂਧੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਸੰਸਦ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਅਡਾਨੀ ਨਾਲ ਸਬੰਧਾਂ ਬਾਰੇ ਸਵਾਲ ਪੁੱਛੇ ਤਾਂ ਉਨ੍ਹਾਂ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰ ਦਿਤੀ ਗਈ। ਪ੍ਰਧਾਨ ਮੰਤਰੀ ’ਤੇ ਨਿਸ਼ਾਨਾ ਲਾਉਂਦਿਆਂ ਹੋਏ ਉਨ੍ਹਾਂ ’ਤੇ ਜਾਤਾਂ ਦੀ ਮਰਦਮਸ਼ੁਮਾਰੀ ਤੋਂ ਡਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ, ‘‘ਕਾਂਗਰਸ ਨੇ ਜਾਤਾਂ ਦੀ ਮਰਦਮਸ਼ੁਮਾਰੀ ਕਰਵਾਈ ਸੀ ਜਿਸ ’ਚ ਦੇਸ਼ ਦੀ ਹਰ ਜਾਤ ਦੀ ਆਬਾਦੀ ਦਾ ਰੀਕਾਰਡ ਹੈ। ਭਾਰਤ ਸਰਕਾਰ ਕੋਲ ਇਹ ਰੀਪੋਰਟ ਹੈ ਪਰ ਮੋਦੀ ਜੀ ਇਸ ਨੂੰ ਲੋਕਾਂ ਦੇ ਸਾਹਮਣੇ ਲਿਆਉਣਾ ਨਹੀਂ ਚਾਹੁੰਦੇ।’’ ਕਾਂਗਰਸ ਨੇਤਾ ਨੇ ਕਿਹਾ, ‘‘ਮੋਦੀ ਜੀ ਜਾਤਾਂ ਦੀ ਮਰਦਮਸ਼ੁਮਾਰੀ ਨਹੀਂ ਕਰਵਾਉਣਗੇ, ਇਸ ਲਈ ਜੇਕਰ ਅਸੀਂ ਸੱਤਾ ’ਚ ਆਉਂਦੇ ਹਾਂ ਤਾਂ ਸਾਡਾ ਪਹਿਲਾ ਕਦਮ ਜਾਤੀ ਜਨਗਣਨਾ ਕਰਵਾਉਣਾ ਅਤੇ ਓ.ਬੀ.ਸੀ. ਦੀ ਹਿੱਸੇਦਾਰੀ ਨੂੰ ਯਕੀਨੀ ਬਣਾਉਣਾ ਹੋਵੇਗਾ।’’

ਰੇਲ ਗੱਡੀ ਰਾਹੀਂ ਰਾਏਪੁਰ ਪੁੱਜੇ ਰਾਹੁਲ ਗਾਂਧੀ
‘ਆਵਾਸ ਨਿਆਂ ਸੰਮੇਲਨ’ ’ਚ ਸ਼ਾਮਲ ਹੋਣ ਤੋਂ ਬਾਅਦ, ਗਾਂਧੀ ਬਿਲਾਸਪੁਰ ਰੇਲਵੇ ਸਟੇਸ਼ਨ ਪਹੁੰਚੇ ਅਤੇ ਬਿਲਾਸਪੁਰ-ਇਤਵਾੜੀ ਇੰਟਰਸਿਟੀ ਐਕਸਪ੍ਰੈਸ ਰੇਲਗੱਡੀ ’ਚ ਸਵਾਰ ਹੋ ਗਏ। ਇਸ ਮੌਕੇ ਉਨ੍ਹਾਂ ਨਾਲ ਮੁੱਖ ਮੰਤਰੀ ਭੁਪੇਸ਼ ਬਘੇਲ, ਪਾਰਟੀ ਦੀ ਸੂਬਾ ਇੰਚਾਰਜ ਕੁਮਾਰੀ ਸ਼ੈਲਜਾ, ਸੂਬਾ ਪ੍ਰਧਾਨ ਦੀਪਕ ਬੈਜ ਅਤੇ ਹੋਰ ਆਗੂ ਹਾਜ਼ਰ ਸਨ। ਕਾਂਗਰਸੀ ਆਗੂਆਂ ਨੇ ਸਲੀਪਰ ਕੋਚ ’ਚ ਸਫ਼ਰ ਕੀਤਾ। ਕਾਂਗਰਸ ਵਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ’ਚ ਰਾਹੁਲ ਗਾਂਧੀ ਮੁਸਾਫ਼ਰਾਂ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਰੇਲਗੱਡੀ ਸ਼ਾਮ 5:50 ਵਜੇ ਰਾਏਪੁਰ ਰੇਲਵੇ ਸਟੇਸ਼ਨ ਪਹੁੰਚੀ। ਰਾਹੁਲ ਨੇ ਰਾਏਪੁਰ ਸਫ਼ਰ ਦੌਰਾਨ ਜਿਸ ਨੌਜਵਾਨ ਕੁੜੀ ਨਾਲ ਗੱਲਬਾਤ ਕੀਤੀ, ਜਿਸ ਨੇ ਕਿਹਾ ਕਿ ਉਹ ਹਾਕੀ ਖਿਡਾਰਨ ਹੈ। ਉਸ ਨੇ ਰਾਜਨੰਦਗਾਉਂ ’ਚ ‘ਐਸਟ੍ਰੋ ਟਰਫ’ ਹਾਕੀ ਮੈਦਾਨ ਦੀ ਮਾੜੀ ਹਾਲਤ ਬਾਰੇ ਕਾਂਗਰਸ ਨੇਤਾ ਨੂੰ ਦਸਿਆ। ਸੂਬੇ ਦੇ ਰਾਜਨੰਦਗਾਉਂ ਜ਼ਿਲ੍ਹੇ ਦੀ ਰਹਿਣ ਵਾਲੀ ਕੁੜੀ ਨੇ ਕਿਹਾ, ‘‘ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਸਾਨੂੰ ਨਵੇਂ ਮੈਦਾਨ ਦੀ ਜ਼ਰੂਰਤ ਹੈ।’’ ਕੁੜੀ ਨਾਲ ਹੋਰ ਖਿਡਾਰੀ ਵੀ ਸਨ। 

01