ਮਿਜ਼ੋਰਮ ਵਿਚ ਕਾਂਗਰਸ ਸੱਤਾ 'ਚ ਆਈ ਤਾਂ ਬਜ਼ੁਰਗਾਂ ਨੂੰ 2000 ਰੁਪਏ ਮਹੀਨਾ ਪੈਨਸ਼ਨ, 750 ਰੁਪਏ ’ਚ ਗੈਸ ਸਿਲੰਡਰ ਅਤੇ ਉਦਯੋਗਾਂ ਨੂੰ ਸਮਰਥਨ ਦੇਵੇਗੀ : ਰਾਹੁਲ ਗਾਂਧੀ 

  • ਆਈਜ਼ੌਲ ਵਿਚ ਰਾਹੁਲ ਗਾਂਧੀ ਨੇ ਸਕੂਟਰ ਟੈਕਸੀ ਦੀ ਕੀਤੀ ਸਵਾਰੀ 

ਆਈਜ਼ੌਲ, 17 ਅਕਤੂਬਰ : ਮਿਜ਼ੋਰਮ ਦੀ ਰਾਜਧਾਨੀ ਆਈਜ਼ੌਲ ਵਿਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਕੂਟਰ ਟੈਕਸੀ ਦੀ ਸਵਾਰੀ ਕੀਤੀ ਅਤੇ ਸ਼ਹਿਰ ਵਿਚ ਟ੍ਰੈਫਿਕ ਅਨੁਸ਼ਾਸਨ ਦੀ ਤਾਰੀਫ ਕੀਤੀ। ਮਿਜ਼ੋਰਮ ਦੇ ਅਪਣੇ ਦੋ ਦਿਨਾਂ ਚੋਣ ਦੌਰੇ ਦੇ ਦੂਜੇ ਦਿਨ ਰਾਹੁਲ ਗਾਂਧੀ ਨੇ ਜਰਕਾਵਾਤ ਇਲਾਕੇ ’ਚ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਲਾਲ ਥਨਹਵਲਾ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਸੂਬਾ ਕਾਂਗਰਸ ਕਮੇਟੀ ਦੇ ਮੀਡੀਆ ਸੈੱਲ ਦੇ ਮੁਖੀ ਲਾਲਰੇਮਰੁਤਾ ਰਾਂਥਾਲੀ ਨੇ ਦਸਿਆ ਕਿ ਲਾਲ ਥਨਹਾਵਲਾ ਦੇ ਘਰ ਤੋਂ ਵਾਪਸ ਆਉਂਦੇ ਸਮੇਂ ਰਾਹੁਲ ਗਾਂਧੀ ਦੋਪਹੀਆ ਵਾਹਨ ਟੈਕਸੀ ਲੈ ਕੇ ਸਕੂਟਰ ਦੇ ਪਿੱਛੇ ਬੈਠ ਗਏ। ਉਨ੍ਹਾਂ ਅਨੁਸਾਰ ਕਾਂਗਰਸੀ ਆਗੂ ਨੇ ਸੂਬੇ ’ਚ ਟ੍ਰੈਫਿਕ ਅਨੁਸ਼ਾਸਨ ਵੇਖ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ‘ਇਕ ਦੂਜੇ ਦਾ ਸਤਿਕਾਰ ਕਰਨ ਦੇ ਇਸ ਸਭਿਆਚਾਰ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।’ ਮਿਜ਼ੋਰਮ ਦੇ ਟ੍ਰੈਫਿਕ ਅਨੁਸ਼ਾਸਨ ਦੀ ਪਿਛਲੇ ਸਮੇਂ ’ਚ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਸਮੇਤ ਕਈ ਉੱਘੇ ਲੋਕਾਂ ਵਲੋਂ ਪ੍ਰਸ਼ੰਸਾ ਕੀਤੀ ਗਈ ਹੈ। ਇਸ ਟ੍ਰੈਫਿਕ ਅਨੁਸ਼ਾਸਨ ਨੇ ਆਈਜ਼ੌਲ ਨੂੰ ਭਾਰਤ ਦਾ ‘ਸਾਈਲੈਂਟ ਸਿਟੀ’ ਜਾਂ ‘ਨੋ ਹੋਕਿੰਗ ਸਿਟੀ’ ਦਾ ਖਿਤਾਬ ਦਿਤਾ ਹੈ। ਆਈਜ਼ੋਲ ’ਚ ਹੀ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਵਿਰੋਧੀ ਗਠਜੋੜ ‘ਇੰਡੀਆ’ ਦੇਸ਼ ਦੇ 60 ਫੀ ਸਦੀ ਹਿੱਸੇ ਦੀ ਨੁਮਾਇੰਦਗੀ ਕਰਦਾ ਹੈ, ਜੋ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਵੱਧ ਹੈ। ਰਾਹੁਲ ਨੇ ਦੋਸ਼ ਲਾਇਆ ਕਿ ਮਿਜ਼ੋਰਮ ਦੀਆਂ ਦੋ ਮੁੱਖ ਪਾਰਟੀਆਂ ਮਿਜ਼ੋ ਨੈਸ਼ਨਲ ਫਰੰਟ (ਐਮ.ਐਨ.ਐਫ਼.) ਅਤੇ ਵਿਰੋਧੀ ਧਿਰ ਜ਼ੋਰਮ ਪੀਪਲਜ਼ ਮੂਵਮੈਂਟ (ਜ਼ੈੱਡ.ਪੀ.ਐਮ.) ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਵਲੋਂ ਈਸਾਈ ਬਹੁਗਿਣਤੀ ਵਾਲੇ ਸੂਬੇ ’ਚ ਪੈਰ ਜਮਾਉਣ ਲਈ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਮਿਜ਼ੋਰਮ ’ਚ ਸੱਤਾ ਸੰਭਾਲਦੀ ਹੈ ਤਾਂ ਉਹ ਬਜ਼ੁਰਗਾਂ ਨੂੰ 2000 ਰੁਪਏ ਪ੍ਰਤੀ ਮਹੀਨਾ ਪੈਨਸ਼ਨ, 750 ਰੁਪਏ ’ਚ ਗੈਸ ਸਿਲੰਡਰ ਅਤੇ ਉਦਯੋਗਾਂ ਨੂੰ ਸਮਰਥਨ ਦੇਵੇਗੀ। ਮਿਜ਼ੋਰਮ ’ਚ 7 ਨਵੰਬਰ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਰਾਹੁਲ ਗਾਂਧੀ ਨੇ ਪਾਰਟੀ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨ ਲਈ ਮਿਜ਼ੋਰਮ ਦੀ ਅਪਣੀ ਯਾਤਰਾ ਦੌਰਾਨ ਰਾਜਧਾਨੀ ਆਈਜ਼ੋਲ ’ਚ ਪੱਤਰਕਾਰਾਂ ਨੂੰ ਕਿਹਾ ਕਿ ਵਿਰੋਧੀ ਗਠਜੋੜ ਅਪਣੀਆਂ ਕਦਰਾਂ-ਕੀਮਤਾਂ, ਸੰਵਿਧਾਨਕ ਢਾਂਚੇ ਅਤੇ ਧਰਮ ਜਾਂ ਸੱਭਿਆਚਾਰ ਦੀ ਪਰਵਾਹ ਕੀਤੇ ਬਿਨਾਂ ਅਪਣੇ ਆਪ ਨੂੰ ਪ੍ਰਗਟਾਉਣ ਅਤੇ ਸਦਭਾਵਨਾ ਨਾਲ ਰਹਿਣ ਦੀ ਆਜ਼ਾਦੀ ਦੀ ਰਾਖ ਕਰ ਕੇ ‘ਭਾਰਤ ਦੀ ਸੋਚ’ ਦੀ ਰਾਖੀ ਕਰੇਗਾ। ਭਾਜਪਾ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ’ਤੇ ਨਿਸ਼ਾਨਾ ਲਾਉਂਦਿਆਂ ਰਾਹੁਲ ਨੇ ਕਿਹਾ, ‘‘ਸਾਡੇ ਦੇਸ਼ ਲਈ ਉਨ੍ਹਾਂ ਦਾ ਦ੍ਰਿਸ਼ਟੀਕੋਣ ਸਾਡੇ ਨਾਲੋਂ ਵੱਖਰਾ ਹੈ। ਆਰ.ਐਸ.ਐਸ. ਦਾ ਮੰਨਣਾ ਹੈ ਕਿ ਭਾਰਤ ’ਚ ਇਕ ਵਿਚਾਰਧਾਰਾ ਅਤੇ ਸੰਗਠਨ ਵਲੋਂ ਸ਼ਾਸਨ ਕੀਤਾ ਜਾਣਾ ਚਾਹੀਦਾ ਹੈ, ਜਿਸ ਦਾ ਅਸੀਂ ਵਿਰੋਧ ਕਰ ਰਹੇ ਹਾਂ। ਅਸੀਂ ਵਿਕੇਂਦਰੀਕਰਣ ’ਚ ਵਿਸ਼ਵਾਸ਼ ਰਖਦੇ ਹਾਂ ਜਦੋਂ ਕਿ ਭਾਜਪਾ ਦਾ ਮੰਨਣਾ ਹੈ ਕਿ ਸਾਰੇ ਫੈਸਲੇ ਦਿੱਲੀ ’ਚ ਲਏ ਜਾਣੇ ਚਾਹੀਦੇ ਹਨ।’’ ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਮਿਜ਼ੋਰਮ, ਛੱਤੀਸਗੜ੍ਹ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਤੇਲੰਗਾਨਾ ’ਚ ਵਿਧਾਨ ਸਭਾ ਚੋਣਾਂ ਜਿੱਤੇਗੀ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਦੇਸ਼ ਦੇ ਸਮੁੱਚੇ ਸੰਸਥਾਗਤ ਢਾਂਚੇ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਦੇਸ਼ ਦੀ ਨੀਂਹ ਰੱਖਣ ’ਚ ਮਦਦ ਕੀਤੀ ਹੈ ਅਤੇ ਇਸ ਪੁਰਾਣੀ ਪਾਰਟੀ ਦਾ ਉਸ ਨੀਂਹ ਨੂੰ ਬਚਾਉਣ ਦਾ ਇਤਿਹਾਸ ਰਿਹਾ ਹੈ। ਉਨ੍ਹਾਂ ਕਿਹਾ, ‘‘ਉੱਤਰ-ਪੂਰਬ ਦੇ ਕਈ ਸੂਬੇ ਭਾਜਪਾ ਅਤੇ ਆਰ.ਐਸ.ਐਸ. ਦੇ ਹਮਲਿਆਂ ਦਾ ਸਾਹਮਣਾ ਕਰ ਰਹੇ ਹਨ, ਇਹ ਤੁਹਾਡੇ ਧਾਰਮਕ ਵਿਸ਼ਵਾਸਾਂ ਦੀ ਨੀਂਹ ਲਈ ਖ਼ਤਰਾ ਹੈ। ਅਸੀਂ ਚਾਹੁੰਦੇ ਹਾਂ ਕਿ ਮਿਜ਼ੋਰਮ ਦੇ ਲੋਕ ਅਪਣੇ ਭਵਿੱਖ ਬਾਰੇ ਸੂਝਵਾਨ ਫੈਸਲੇ ਲੈਣ ਅਤੇ ਖ਼ੁਦ ਨੂੰ, ਅਪਣੇ ਧਾਰਮਕ ਜਾਂ ਸਮਾਜਕ ਅਭਿਆਸਾਂ ਨੂੰ ਪ੍ਰਗਟ ਕਰਨ ’ਚ ਸਹਿਜ ਮਹਿਸੂਸ ਕਰਨ। ਅਸੀਂ ਇਹ ਨਹੀਂ ਮੰਨਦੇ ਕਿ ਦਿੱਲੀ ਤੋਂ ਮਿਜ਼ੋਰਮ ਦਾ ਰਾਜ ਹੋਣਾ ਚਾਹੀਦਾ ਹੈ। ਅਸੀਂ ਸੂਬੇ ਦੇ ਲੋਕਾਂ ਨੂੰ ਸੱਤਾ ਸੌਂਪਣ ’ਚ ਵਿਸ਼ਵਾਸ ਰੱਖਦੇ ਹਾਂ।’’ ਭਾਜਪਾ ’ਤੇ ਮਿਜ਼ੋਰਮ ਵਿਚ ਪੈਰ ਜਮਾਉਣ ਲਈ ਐਮ.ਐਨ.ਐਫ਼. ਅਤੇ ਜ਼ੈੱਡ.ਪੀ.ਐਮ. ਦੀ ਵਰਤੋਂ ਕਰਨ ਦਾ ਦੋਸ਼ ਲਗਾਉਂਦੇ ਹੋਏ, ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਮਿਜ਼ੋਰਮ ਦੇ ਸੰਕਲਪ ਅਤੇ ਸਥਾਨਕ ਨਿਵਾਸੀਆਂ ਦੀ ਆਜ਼ਾਦੀ, ਪਰੰਪਰਾ ਅਤੇ ਧਰਮ ਦੀ ਰਾਖੀ ਦੀ ਲੜਾਈ ਹਨ। ਉਨ੍ਹਾਂ ਕਿਹਾ ਕਿ ਜਿੱਥੇ ਇਕ ਪਾਸੇ ਐਮ.ਐਲ.ਐਫ਼. ਸਿੱਧੇ ਤੌਰ ’ਤੇ ਭਾਜਪਾ ਨਾਲ ਜੁੜਿਆ ਹੋਇਆ ਹੈ, ਉੱਥੇ ਇਹ ਵੀ ਸਪੱਸ਼ਟ ਹੈ ਕਿ ਜ਼ੈੱਡ.ਪੀ.ਐਮ. ਕੇਂਦਰ ਦੀ ਸੱਤਾਧਾਰੀ ਪਾਰਟੀ ਨਾਲ ਮੁਕਾਬਲਾ ਨਹੀਂ ਕਰ ਰਹੀ ਹੈ। ਰਾਹੁਲ ਨੇ ਦਾਅਵਾ ਕੀਤਾ, ‘‘ਕਾਂਗਰਸ ਮਿਜ਼ੋਰਮ ’ਚ ਸਰਕਾਰ ਬਣਾਏਗੀ। ਸੂਬੇ ਦੇ ਲੋਕ ਸਭ ਸਮਝਦੇ ਹਨ ਕਿ ਕੀ ਹੋ ਰਿਹਾ ਹੈ... ਚੋਣਾਂ ’ਚ ਅਸਲ ਸਵਾਲ ਇਹ ਹੈ ਕਿ ਕੀ ਆਰ.ਐਸ.ਐਸ. ਮਿਜ਼ੋਰਮ ’ਚ ਰਾਜ ਕਰਨ ਜਾ ਰਹੀ ਹੈ ਜਾਂ ਨਹੀਂ। ਇਹ ਐਮ.ਐਨ.ਐਫ਼. ਜਾਂ ਜ਼ੈੱਡ.ਪੀ.ਐਮ. ਵਲੋਂ ਕੀਤਾ ਜਾ ਸਕਦਾ ਹੈ।’’