ਬੈਂਗਲੁਰੂ, ਏਐੱਨਆਈ : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਐਤਵਾਰ ਨੂੰ ਖ਼ਾਲਿਸਤਾਨ ਸਮਰਥਕਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਲੰਡਨ, ਕੈਨੇਡਾ, ਆਸਟ੍ਰੇਲੀਆ ਅਤੇ ਸਾਨ ਫਰਾਂਸਿਸਕੋ ਵਿੱਚ ਭੰਨ-ਤੋੜ ਦੀਆਂ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਹ ਅਜਿਹਾ ਭਾਰਤ ਨਹੀਂ ਹੈ ਜੋ ਕਿਸੇ ਵੱਲੋਂ ਆਪਣੇ ਰਾਸ਼ਟਰੀ ਝੰਡੇ ਨੂੰ ਹੇਠਾਂ ਉਤਾਰੇ ਜਾਣ ਨੂੰ ਸਵੀਕਾਰ ਕਰੇ। ਵਿਦੇਸ਼ ਮੰਤਰੀ ਨੇ ਧਾਰਵਾੜ ਵਿੱਚ ਬੁੱਧੀਜੀਵੀਆਂ ਨਾਲ ਗੱਲਬਾਤ ਕਰਦਿਆਂ ਇਹ ਟਿੱਪਣੀਆਂ ਕੀਤੀਆਂ। ਦਰਅਸਲ, ਭਾਜਪਾ ਦੀ ਮਹਾਂਨਗਰ ਇਕਾਈ ਵੱਲੋਂ ਧਾਰਵਾੜ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ। ਏਜੰਸੀ ਮੁਤਾਬਕ ਜੈਸ਼ੰਕਰ ਨੇ ਕਿਹਾ ਕਿ ਅਸੀਂ ਪਿਛਲੇ ਕੁਝ ਦਿਨਾਂ 'ਚ ਲੰਡਨ, ਕੈਨੇਡਾ, ਆਸਟ੍ਰੇਲੀਆ ਅਤੇ ਸਾਨ ਫਰਾਂਸਿਸਕੋ 'ਚ ਕੁਝ ਘਟਨਾਵਾਂ ਦੇਖੀਆਂ ਹਨ... ਇਹ ਇਸ ਤਰ੍ਹਾਂ ਦਾ ਭਾਰਤ ਨਹੀਂ ਹੈ ਜੋ ਕਿਸੇ ਵੱਲੋਂ ਆਪਣੇ ਰਾਸ਼ਟਰੀ ਝੰਡੇ ਨੂੰ ਉਤਾਰੇ ਜਾਣ ਨੂੰ ਸਵੀਕਾਰ ਕਰੇਗਾ। ਉਨ੍ਹਾਂ ਕਿਹਾ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਸਾਡੇ ਹਾਈ ਕਮਿਸ਼ਨਰ ਨੇ ਉਸ ਇਮਾਰਤ ਵਿੱਚ ਵੱਡਾ ਝੰਡਾ ਲਾ ਦਿੱਤਾ ਸੀ। ਇਹ ਉਥੇ ਦੇ ਅਖੌਤੀ ਖ਼ਾਲਿਸਤਾਨ ਸਮਰਥਕਾਂ ਲਈ ਇਕ ਬਿਆਨ ਹੀ ਨਹੀਂ ਸੀ, ਇਹ ਅੰਗਰੇਜ਼ਾਂ ਲਈ ਵੀ ਇਕ ਬਿਆਨ ਸੀ ਕਿ ਜੇ ਕੋਈ ਇਸ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕਰੇਗਾ, ਤਾਂ ਮੈਂ ਇਸ (ਰਾਸ਼ਟਰੀ ਝੰਡੇ) ਨੂੰ ਹੋਰ ਵੀ ਵੱਡਾ ਕਰ ਦਿਆਂਗਾ। ਜ਼ਿਕਰਯੋਗ ਹੈ ਕਿ ਬਰਤਾਨੀਆ 'ਚ ਭਾਰਤੀ ਹਾਈ ਕਮਿਸ਼ਨ ਦੇ ਨੇੜੇ ਕਰੀਬ 2,000 ਪ੍ਰਦਰਸ਼ਨਕਾਰੀ ਕੇਸਰੀ ਦੇ ਝੰਡੇ ਲਹਿਰਾਉਂਦੇ ਦੇਖੇ ਗਏ ਸਨ। ਇਸ ਦਾ ਢੁੱਕਵਾਂ ਜਵਾਬ ਦਿੰਦਿਆਂ ਭਾਰਤੀ ਹਾਈ ਕਮਿਸ਼ਨ ਵਿੱਚ ਇੱਕ ਵਿਸ਼ਾਲ ਝੰਡਾ ਲਹਿਰਾਇਆ ਗਿਆ। ਇਸ ਦੌਰਾਨ 2000 ਦੇ ਕਰੀਬ ਪ੍ਰਦਰਸ਼ਨ ਕਰ ਰਹੇ ਖ਼ਾਲਿਸਤਾਨ ਸਮਰਥਕਾਂ ਨੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਬੈਰੀਕੇਡ ਤੋੜਨ ਦੀ ਕੋਸ਼ਿਸ਼ ਵੀ ਕੀਤੀ। ਪੁਲਿਸ ਮੁਲਾਜ਼ਮਾਂ 'ਤੇ ਪਾਣੀ ਦੀਆਂ ਬੋਤਲਾਂ ਅਤੇ ਸਿਆਹੀ ਵੀ ਸੁੱਟੀ ਗਈ। ਖ਼ਾਲਿਸਤਾਨ ਸਮਰਥਕਾਂ ਨੇ 19 ਮਾਰਚ ਨੂੰ ਭਾਰਤੀ ਹਾਈ ਕਮਿਸ਼ਨ 'ਤੇ ਭਾਰਤ ਦਾ ਤਿਰੰਗਾ ਉਤਾਰਨ ਦੀ ਕੋਸ਼ਿਸ਼ ਕੀਤੀ ਸੀ। ਉਥੇ ਵੀ ਭੰਨਤੋੜ ਕੀਤੀ। ਇਸ ਮਾਮਲੇ ਵਿੱਚ ਭਾਰਤ ਨੇ ਖ਼ਾਲਿਸਤਾਨੀ ਅਨਸਰਾਂ ਖ਼ਿਲਾਫ਼ ਸਖ਼ਤ ਵਿਰੋਧ ਦਰਜ ਕਰਵਾਇਆ। ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਜਿਸ ਲਈ ਦਿੱਲੀ ਵਿੱਚ ਬਰਤਾਨੀਆ ਦੇ ਸਭ ਤੋਂ ਸੀਨੀਅਰ ਡਿਪਲੋਮੈਟ ਨੂੰ ਤੁਰੰਤ ਪ੍ਰਭਾਵ ਨਾਲ ਤਲਬ ਕੀਤਾ ਗਿਆ ਸੀ।