ਜੰਮੂ-ਕਸ਼ਮੀਰ ਦੀ ਡਲ ਝੀਲ ’ਚ ਭਿਆਨਕ ਅੱਗ ਨਾਲ ਸੜ ਕੇ ਸੁਆਹ ਹੋਈ ਹਾਊਸਬੋਟ, ਤਿੰਨ ਦੀ ਮੌਤ

ਸ੍ਰੀਨਗਰ, 11 ਨਵੰਬਰ :  ਜੰਮੂ-ਕਸ਼ਮੀਰ ਦੀ ਵਿਸ਼ਵ ਪ੍ਰਸਿੱਧ ਡਲ ਝੀਲ ’ਚ ਸ਼ਨਿਚਰਵਾਰ ਸਵੇਰੇ ਹਾਊਸ ਬੋਟ ਨੂੰ ਭਿਆਨਕ ਅੱਗ ਲੱਗਣ ਨਾਲ ਤਿੰਨ ਵਿਦੇਸ਼ੀ ਸੈਲਾਨੀਆਂ ਦੀ ਮੌਤ ਹੋ ਗਈ ਜਦਕਿ ਪੰਜ ਹਾਊਸ ਬੋਟ ਸਮੇਤ 13 ਰਿਹਾਇਸ਼ੀ ਢਾਂਚੇ ਤਬਾਹ ਹੋ ਗਏ। ਤੁਰੰਤ ਕਾਰਵਾਈ ਕਰ ਕੇ 11 ਸੈਲਾਨੀਆਂ ਸਮੇਤ 55 ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਮਾਰੇ ਗਏ ਸੈਲਾਨੀ ਬੰਗਲਾਦੇਸ਼ ਦੇ ਨਿਵਾਸੀ ਹਨ ਪਰ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਤਿੰਨੇ ਲਾਸ਼ਾਂ ਬੁਰੀ ਤਰ੍ਹਾਂ ਝੁਲਸ ਗਈਆਂ ਹਨ ਤੇ ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ। ਸਾਰੇ ਹਾਊਸ ਬੋਟ ਲੱਕੜੀ ਨਾਲ ਬਣੇ ਹਨ ਜਿਸ ਨਾਲ ਅੱਗ ਤੇਜ਼ੀ ਨਾਲ ਫੈਲੀ। ਪੁਲਿਸ ਮੁਤਾਬਕ ਮੁੱਢਲੀ ਜਾਂਚ ਵਿਚ ਅੱਗ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਫ਼ਿਲਹਾਲ ਜਾਂਚ ਜਾਰੀ ਹੈ। ਜਾਣਕਾਰੀ ਮੁਤਾਬਕ, ਸਵੇਰੇ 5.45 ਵਜੇ ਡਲ ਝੀਲ ਦੇ ਘਾਟ ਨੰਬਰ ਨੌਂ ਦੇ ਸਾਹਮਣੇ ਝੀਲ ਦੇ ਲਗਪਗ 400 ਮੀਟਰ ਅੰਦਰ ਇਕ ਹਾਊਸ ਬੋਟ ਦੇ ਕਮਰੇ ਵਿਚ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਉਸ ਹਾਊਸ ਬੋਟ ਵਿਚ ਦੋ ਦਿਨ ਤੋਂ ਪੰਜ ਸੈਲਾਨੀ ਰੁਕੇ ਹੋਏ ਸਨ। ਅੱਗ ਦੇਖ ਕੇ ਸੈਲਾਨੀਆਂ ਨੇ ਮਦਦ ਲਈ ਚੀਕਣਾ ਸ਼ੁਰੂ ਕਰ ਦਿੱਤਾ। ਇਸ ਵਿਚਾਲੇ ਹਾਊਸ ਬੋਟ ਦੇ ਨਾਲ ਲਗਦੀ ਲੱਕੜੀ ਦੀ ਇਕ ਹੱਟ ’ਚ ਸੋ ਰਹੇ ਹਾਊਸ ਬੋਟ ਦੇ ਮਾਲਕ ਤੇ ਪਰਿਵਾਰ ਦੇ ਹੋਰ ਮੈਂਬਰ ਜਾਗ ਗਏ ਤੇ ਸਥਾਨਕ ਲੋਕਾਂ ਦੀ ਮਦਦ ਨਾਲ ਅੱਗ ਬੁਝਾਉਣ ਵਿਚ ਰੁੱਝ ਗਏ। ਇਸ ਨਾਲ ਹੀ ਉਨ੍ਹਾਂ ਨੇ ਫਾਇਰ ਬਿ੍ਰਗੇਡ ਵਿਭਾਗ ਨੂੰ ਵੀ ਸੂਚਨਾ ਦਿੱਤੀ। ਇਸ ਦੌਰਾਨ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਨਾਲ ਲਗਦੇ ਹਾਊਸ ਬੋਟ ਤੇ ਹੋਰ ਰਿਹਾਇਸ਼ੀ ਢਾਚਿਆਂ ਨੂੰ ਵੀ ਆਪਣੀ ਲਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਹੋਰ ਹਾਊਸ ਬੋਟ ਵਿਚ ਰੁਕੇ 11 ਸੈਲਾਨੀਆਂ ਸਮੇਤ 55 ਲੋਕਾਂ ਨੂੰ ਇਕ-ਇਕ ਕਰ ਕੇ ਸੁਰੱਖਿਅਤ ਕੱਢਿਆ ਗਿਆ। ਫਾਇਰ ਬਿ੍ਰਗੇਡ ਦੇ ਉਥੇ ਪੁੱਜਣ ਤੱਕ ਪੰਜ ਹਾਊਸ ਬੋਟ ਤੇ ਅੱਠ ਰਿਹਾਇਸ਼ੀ ਢਾਂਚੇ ਅੱਗ ਦੀ ਲਪੇਟ ਵਿਚ ਆ ਚੁੱਕੇ ਸਨ। ਫਾਇਰ ਬਿ੍ਰਗੇਡ ਨੇ ਡੇਢ ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਕੀਤਾ ਹਾਲਾਂਕਿ ਤਦ ਤੱਕ ਕਰੋੜਾਂ ਰੁਪਏ ਦੀ ਜਾਇਦਾਦ ਦਾ ਨੁਕਸਾਨ ਹੋ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਅੱਗ ਨਾਲ ਨਸ਼ਟ ਹੋਣ ਵਾਲੇ ਸਾਰੇ ਪੰਜ ਹਾਊਸ ਬੋਟ ਡਬਲ ਡੀਲਕਸ ਕੈਟਾਗਰੀ (ਔਸਤਨ ਮੁੱਲ ਦੋ ਤੋਂ ਢਾਈ ਕਰੋੜ ਰੁਪਏ) ਦੇ ਸਨ। ਨਹਿਰੂ ਪਾਰਕ ਪੁਲਿਸ ਥਾਣਾ ਇੰਚਾਰਜ ਨੇ ਕਿਹਾ ਕਿ ਅੱਗ ’ਤੇ ਕਾਬੂ ਕਰਨ ਲਈ ਫਾਇਰ ਬਿ੍ਰਗੇਡ ਵਿਭਾਗ ਦੀਆਂ ਅੱਠ ਗੱਡੀਆਂ ਦੀ ਮਦਦ ਲਈ ਗਈ। ਇਸ ਘਟਨਾ ਤੋਂ ਸੁਰੱਖਿਅਤ ਬਚਾਏ ਗਏ ਲੋਕਾਂ ਨੂੰ ਫ਼ਿਲਹਾਲ ਇਕ ਨੇੜਲੇ ਸਕੂਲ ਵਿਚ ਰੱਖਿਆ ਗਿਆ ਹੈ ਤੇ ਉਨ੍ਹਾਂ ਨੂੰ ਖਾਣ-ਪੀਣ, ਬਿਸਤਰ ਤੇ ਹੋਰ ਜ਼ਰੂਰੀ ਸਹੂਲਤਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ।