ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ, ਵੱਖ-ਵੱਖ ਥਾਵਾਂ 'ਤੇ ਢਿੱਗਾਂ ਡਿੱਗਣ ਕਾਰਨ 5 ਲੋਕਾਂ ਦੀ ਮੌਤ, 800 ਸੜਕਾਂ ਬੰਦ 

ਸ਼ਿਮਲਾ, 9 ਜੁਲਾਈ : ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ 24 ਘੰਟਿਆਂ ਤੋਂ ਵੱਧ ਸਮੇਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਇਸ ਕਾਰਨ ਵੱਖ-ਵੱਖ ਥਾਵਾਂ 'ਤੇ ਢਿੱਗਾਂ ਡਿੱਗਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਕਰੀਬ 800 ਸੜਕਾਂ ਬੰਦ ਹੋ ਗਈਆਂ। ਕੁਮਾਰਸੈਨ ਵਿੱਚ ਜ਼ਮੀਨ ਖਿਸਕਣ ਕਾਰਨ ਇੱਕ ਜੋੜੇ ਅਤੇ ਇੱਕ ਬੱਚੀ ਦੀ ਮੌਤ ਹੋ ਗਈ। ਕੁੱਲੂ ਵਿੱਚ ਇੱਕ ਔਰਤ ਅਤੇ ਚੰਬਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਜ਼ਮੀਨ ਖਿਸਕਣ ਕਾਰਨ 11 ਘਰਾਂ ਨੂੰ ਨੁਕਸਾਨ ਪੁੱਜਾ ਹੈ। ਜਦਕਿ ਦੇ ਕਰੀਬ 800 ਸੜਕਾਂ ਬੰਦ ਹਨ। ਢਿੱਗਾਂ ਡਿੱਗਣ ਕਾਰਨ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ 150 ਦੇ ਕਰੀਬ ਬੱਸਾਂ ਅਤੇ ਹੋਰ ਵਾਹਨ ਫਸੇ ਹੋਏ ਹਨ। ਆਵਾਜਾਈ ਬਹਾਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਬਿਜਲੀ, ਪਾਣੀ ਸਮੇਤ ਆਵਾਜਾਈ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਆਮ ਆਦਮੀ ਦਾ ਘਰੋਂ ਨਿਕਲਣਾ ਔਖਾ ਹੋ ਗਿਆ ਹੈ। ਭਾਰੀ ਮੀਂਹ ਕਾਰਨ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਹਨ। ਭਾਰੀ ਮੀਂਹ ਕਾਰਨ 6 ਥਾਵਾਂ 'ਤੇ ਹੜ੍ਹ ਆਉਣ ਦੀ ਸੂਚਨਾ ਮਿਲੀ ਹੈ। ਪੰਜ ਦਰਜਨ ਤੋਂ ਵੱਧ ਵਾਹਨ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਏ। ਕਈ ਥਾਵਾਂ 'ਤੇ ਬੀਤੀ ਰਾਤ ਤੋਂ ਬਿਜਲੀ ਨਹੀਂ ਹੈ। ਮੈਦਾਨੀ ਇਲਾਕਿਆਂ 'ਚ ਪਾਣੀ ਭਰ ਗਿਆ ਹੈ, ਜਦਕਿ ਪਹਾੜਾਂ 'ਤੇ ਜ਼ਮੀਨ ਖਿਸਕਣ ਕਾਰਨ ਸਥਿਤੀ ਚਿੰਤਾਜਨਕ ਹੈ। ਮੰਡੀ-ਪੰਡੋਹ ਨੈਸ਼ਨਲ ਹਾਈਵੇ 'ਤੇ 6ਵੇਂ ਮੀਲ ਨੇੜੇ ਜ਼ਮੀਨ ਖਿਸਕਣ ਕਾਰਨ ਸੜਕ ਬੰਦ ਹੈ। ਸੂਬੇ 'ਚ ਕਈ ਥਾਵਾਂ 'ਤੇ ਲੈਂਡ ਸਲਾਈਡ ਹੋ ਰਹੇ ਹਨ। ਇਸ ਕਾਰਨ ਸੂਬੇ ਦੇ ਲੋਕਾਂ ਦੀ ਜੀਵਨ ਰੇਖਾ ਕਹਾਉਣ ਵਾਲੀਆਂ ਸੜਕਾਂ ’ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਭਵਿੱਖਬਾਣੀ ਮੁਤਾਬਕ ਸੂਬੇ ਦੇ ਪੰਜ ਜ਼ਿਲ੍ਹਿਆਂ ਚੰਬਾ, ਕਾਂਗੜਾ, ਮੰਡੀ, ਹਮੀਰਪੁਰ ਅਤੇ ਬਿਲਾਸਪੁਰ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਜਦੋਂ ਕਿ ਊਨਾ, ਸ਼ਿਮਲਾ, ਸੋਲਨ ਅਤੇ ਸਿਰਮੌਰ ਲਈ ਭਾਰੀ ਮੀਂਹ ਲਈ ਸੰਤਰੀ ਅਤੇ ਬਾਕੀ ਥਾਵਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਅਜਿਹੀ ਸਥਿਤੀ 'ਚ ਐਡਵਾਈਜ਼ਰੀ ਜਾਰੀ ਕਰਕੇ ਅਚਾਨਕ ਹੜ੍ਹਾਂ ਨੂੰ ਲੈ ਕੇ ਸਾਵਧਾਨੀਆਂ ਵਰਤਣ ਲਈ ਕਿਹਾ ਗਿਆ ਹੈ।