ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਨੇ ਮਚਾਈ ਤਬਾਹੀ, 24 ਘੰਟਿਆਂ ਵਿਚ 19 ਲੋਕਾਂ ਦੀ ਮੌਤ 

ਮੁਰਾਦਾਬਾਦ, 11 ਸਤੰਬਰ : ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿਚ ਸ਼ੁਰੂ ਹੋਏ ਮੀਂਹ ਨੇ ਭਾਰੀ ਤਬਾਹੀ ਮਚਾਈ ਹੈ। ਪਿਛਲੇ 24 ਘੰਟਿਆਂ ਵਿਚ ਮੀਂਹ ਨਾਲ ਸਬੰਧਤ ਘਟਨਾਵਾਂ ਵਿਚ 19 ਲੋਕਾਂ ਦੀ ਮੌਤ ਹੋ ਗਈ ਹੈ। ਕਈ ਥਾਵਾਂ ’ਤੇ ਬਿਜਲੀ ਗੁੱਲ ਹੋ ਗਈ ਅਤੇ ਹਜ਼ਾਰਾਂ ਘਰ ਅਤੇ ਦਫਤਰ ਕਈ ਫੁੱਟ ਡੂੰਘੇ ਪਾਣੀ ’ਚ ਡੁੱਬ ਗਏ। ਸਥਿਤੀ ਦੇ ਮੱਦੇਨਜ਼ਰ ਰਾਜਧਾਨੀ ਲਖਨਊ ਸਮੇਤ ਸੂਬੇ ਦੇ ਕੁਝ ਜ਼ਿਲ੍ਹਿਆਂ ’ਚ ਸਕੂਲ ਬੰਦ ਕਰ ਦਿਤੇ ਗਏ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਜਧਾਨੀ ਲਖਨਊ ਅਤੇ ਇਸ ਦੇ ਨਾਲ ਲੱਗਦੇ ਬਾਰਾਬੰਕੀ, ਹਰਦੋਈ, ਕਾਨਪੁਰ, ਬਹਿਰਾਇਚ ਅਤੇ ਉਨਾਵ ਸਮੇਤ ਕਰੀਬ 22 ਜ਼ਿਲ੍ਹਿਆਂ ’ਚ ਭਾਰੀ ਮੀਂਹ ਪਿਆ। ਸੋਮਵਾਰ ਨੂੰ ਰਾਹਤ ਕਮਿਸ਼ਨਰ ਦਫਤਰ ਤੋਂ ਮਿਲੀ ਜਾਣਕਾਰੀ ਅਨੁਸਾਰ, ਸੂਬੇ ਅੰਦਰ ਪਿਛਲੇ 24 ਘੰਟਿਆਂ ’ਚ ਮੀਂਹ ਨਾਲ ਸਬੰਧਤ ਘਟਨਾਵਾਂ ’ਚ 19 ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ 13 ਲੋਕਾਂ ਦੀ ਮੌਤ ਜ਼ਿਆਦਾ ਮੀਂਹ ਕਾਰਨ ਹੋਈ ਹੈ, ਜਦਕਿ ਚਾਰ ਦੀ ਮੌਤ ਬਿਜਲੀ ਡਿੱਗਣ ਕਾਰਨ ਅਤੇ ਦੋ ਦੀ ਡੁੱਬਣ ਕਾਰਨ ਹੋਈ ਹੈ। ਹਰਦੋਈ ’ਚ ਚਾਰ, ਬਾਰਾਬੰਕੀ ’ਚ ਤਿੰਨ, ਪ੍ਰਤਾਪਗੜ੍ਹ ਅਤੇ ਕਨੌਜ ’ਚ ਦੋ-ਦੋ ਅਤੇ ਅਮੇਠੀ, ਦੇਵਰੀਆ, ਜਾਲੌਨ, ਕਾਨਪੁਰ, ਉਨਾਓ, ਸੰਭਲ, ਰਾਮਪੁਰ ਅਤੇ ਮੁਜ਼ੱਫਰਨਗਰ ’ਚ ਇਕ-ਇਕ ਵਿਅਕਤੀ ਦੀ ਮੌਤ ਹੋਈ ਹੈ। ਪਿਛਲੇ 24 ਘੰਟਿਆਂ ’ਚ ਸੂਬੇ ਦੇ 22 ਜ਼ਿਲ੍ਹਿਆਂ ਮੁਰਾਦਾਬਾਦ, ਸੰਭਲ, ਕਨੌਜ, ਰਾਮਪੁਰ, ਹਾਥਰਸ, ਬਾਰਾਬੰਕੀ, ਕਾਸਗੰਜ, ਬਿਜਨੌਰ, ਅਮਰੋਹਾ, ਬਹਿਰਾਇਚ, ਲਖਨਊ, ਬਦਾਯੂੰ, ਮੈਨਪੁਰੀ, ਹਰਦੋਈ, ਫ਼ਿਰੋਜ਼ਾਬਾਦ, ਬਰੇਲੀ, ਸ਼ਾਹਜਹਾਂਪੁਰ, ਕਾਨਪੁਰ, ਸੀਤਾਪੁਰ, ਫਰੂਖਾਬਾਦ, ਲਖੀਮਪੁਰ ਖੇੜੀ ਅਤੇ ਫਤਿਹਪੁਰ ’ਚ 40 ਮਿਲੀਮੀਟਰ ਤੋਂ ਵੱਧ ਮੀਂਹ ਪਿਆ ਹੈ। ਸੂਤਰਾਂ ਮੁਤਾਬਕ ਲਗਾਤਾਰ ਪੈ ਰਹੇ ਮੀਂਹ ਕਾਰਨ ਰਾਜਧਾਨੀ ਲਖਨਊ ਅਤੇ ਨਾਲ ਲੱਗਦੇ ਬਾਰਾਬੰਕੀ ਜ਼ਿਲ੍ਹੇ ਦੇ ਸ਼ਹਿਰੀ ਖੇਤਰਾਂ ਦੀਆਂ ਗਲੀਆਂ ਅਤੇ ਸੜਕਾਂ ’ਤੇ ਕਈ ਫੁੱਟ ਪਾਣੀ ਭਰ ਗਿਆ। ਹਜ਼ਾਰਾਂ ਘਰ, ਖਾਸ ਕਰ ਕੇ ਨੀਵੇਂ ਇਲਾਕਿਆਂ ’ਚ ਸਥਿਤ, ਪਾਣੀ ਭਰਨ ਨਾਲ ਪ੍ਰਭਾਵਤ ਹੋਏ ਹਨ। ਕਈ ਥਾਵਾਂ ’ਤੇ ਦੁਕਾਨਾਂ ਦੇ ਬੇਸਮੈਂਟਾਂ ’ਚ ਬਣੇ ਗੋਦਾਮਾਂ ’ਚ ਪਾਣੀ ਭਰ ਗਿਆ, ਜਿਸ ਕਾਰਨ ਕਾਰੋਬਾਰੀਆਂ ਦਾ ਭਾਰੀ ਨੁਕਸਾਨ ਹੋਇਆ। ਮੀਂਹ ਦੇ ਮੱਦੇਨਜ਼ਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਬੰਧਤ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਪੂਰੀ ਮੁਸਤੈਦੀ ਨਾਲ ਰਾਹਤ ਕਾਰਜ ਕਰਨ ਦੇ ਹੁਕਮ ਦਿਤੇ ਹਨ। ਸਰਕਾਰੀ ਬਿਆਨ ਮੁਤਾਬਕ ਮੁੱਖ ਮੰਤਰੀ ਨੇ ਕਿਹਾ ਕਿ ਅਧਿਕਾਰੀਆਂ ਨੂੰ ਇਲਾਕੇ ਦਾ ਦੌਰਾ ਕਰ ਕੇ ਰਾਹਤ ਕਾਰਜਾਂ ’ਤੇ ਨਜ਼ਰ ਰੱਖਣੀ ਚਾਹੀਦੀ ਹੈ। ਆਫ਼ਤ ਤੋਂ ਪ੍ਰਭਾਵਤ ਲੋਕਾਂ ਨੂੰ ਜਲਦੀ ਤੋਂ ਜਲਦੀ ਰਾਹਤ ਫੰਡ ਵੰਡੋ। ਮੁੱਖ ਮੰਤਰੀ ਇਹ ਵੀ ਹਦਾਇਤਾਂ ਦਿਤੀਆਂ ਹਨ ਕਿ ਪਾਣੀ ਭਰਨ ਦੀ ਸਥਿਤੀ ’ਚ ਪਾਣੀ ਦੀ ਨਿਕਾਸੀ ਲਈ ਪੁਖਤਾ ਪ੍ਰਬੰਧ ਕੀਤੇ ਜਾਣ। ਦਰਿਆਵਾਂ ਦੇ ਪਾਣੀ ਦੇ ਪੱਧਰ ’ਤੇ ਲਗਾਤਾਰ ਨਜ਼ਰ ਰੱਖੀ ਜਾਵੇ। ਫਸਲਾਂ ਦੇ ਹੋਏ ਨੁਕਸਾਨ ਦਾ ਮੁਲਾਂਕਣ ਕੀਤਾ ਜਾਵੇ ਅਤੇ ਇਸ ਦੀ ਰੀਪੋਰਟ ਸਰਕਾਰ ਨੂੰ ਦਿਤੀ ਜਾਵੇ, ਤਾਂ ਜੋ ਪ੍ਰਭਾਵਤ ਕਿਸਾਨਾਂ ਨੂੰ ਨਿਯਮਾਂ ਅਨੁਸਾਰ ਮੁਆਵਜ਼ਾ ਰਾਸ਼ੀ ਮੁਹੱਈਆ ਕਰਵਾਈ ਜਾ ਸਕੇ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਪੂਰਬੀ ਉੱਤਰ ਪ੍ਰਦੇਸ਼ ’ਚ 14 ਸਤੰਬਰ ਤਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਜਦਕਿ 17 ਤਕ ਹਲਕੀ ਬਾਰਿਸ਼ ਜਾਰੀ ਰਹੇਗੀ। ਸੂਬੇ ਦੇ ਪਛਮੀ ਇਲਾਕੇ ’ਚ 17 ਤਰੀਕ ਤਕ ਮੀਂਹ ਪੈਣ ਦੀ ਸੰਭਾਵਨਾ ਹੈ। ਸੂਬੇ ’ਚ 15 ਸਤੰਬਰ ਤਕ ਕੁਝ ਥਾਵਾਂ ’ਤੇ ਬਿਜਲੀ ਡਿੱਗਣ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ। ਰੇਲਵੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬਾਰਾਬੰਕੀ ’ਚ ਰੇਲਵੇ ਟਰੈਕ ’ਤੇ ਪਾਣੀ ਭਰ ਜਾਣ ਕਾਰਨ ਕਈ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਤ ਹੋਈ ਹੈ। ਲਖਨਊ ’ਚ ਜ਼ਿਲ੍ਹਾ ਮੈਜਿਸਟਰੇਟ ਸੂਰਿਆ ਪਾਲ ਗੰਗਵਾਰ ਨੇ ਮੌਸਮ ਵਿਭਾਗ ਵਲੋਂ ਜਾਰੀ ਕੀਤੀ ਭਾਰੀ ਬਾਰਿਸ਼ ਦੀ ਚੇਤਾਵਨੀ ਦੇ ਮੱਦੇਨਜ਼ਰ ਸੋਮਵਾਰ ਨੂੰ 12ਵੀਂ ਜਮਾਤ ਤਕ ਦੇ ਸਕੂਲ ਬੰਦ ਕਰਨ ਦੇ ਹੁਕਮ ਦਿਤੇ ਹਨ। ਸਥਿਤੀ ਨੂੰ ਵੇਖਦੇ ਹੋਏ ਲਖਨਊ ਦੇ ਸਾਰੇ ਜ਼ਿਲ੍ਹਾ ਪੱਧਰੀ ਅਧਿਕਾਰੀ ਇਲਾਕੇ ’ਚ ਹਨ ਅਤੇ ਮੀਂਹ ਕਾਰਨ ਪੈਦਾ ਹੋਈਆਂ ਸਮੱਸਿਆਵਾਂ ਦਾ ਜਾਇਜ਼ਾ ਲੈ ਰਹੇ ਹਨ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਰਾਜ ਦੀ ਰਾਜਧਾਨੀ ਦੇ ਵੱਖ-ਵੱਖ ਹਿੱਸਿਆਂ ਵਿਚ ਪਾਣੀ ਭਰਨ ਕਾਰਨ ਪੈਦਾ ਹੋਈ ਸਮੱਸਿਆ ਵਲ ਤੁਰਤ ਧਿਆਨ ਦਿਤਾ ਜਾ ਰਿਹਾ ਹੈ ਅਤੇ ਸੋਮਵਾਰ ਸਵੇਰੇ 8 ਵਜੇ ਤਕ ਬੀਤੇ 24 ਘੰਟਿਆਂ ’ਚ 99.9 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਲਖੀਮਪੁਰ ਖੇੜੀ ਜ਼ਿਲ੍ਹੇ ਦੀਆਂ ਸਾਰੀਆਂ ਅੱਠ ਤਹਿਸੀਲਾਂ ’ਚ ਭਾਰੀ ਮੀਂਹ ਤੋਂ ਬਾਅਦ ਜ਼ਿਲ੍ਹਾ ਮੈਜਿਸਟਰੇਟ ਮਹਿੰਦਰ ਬਹਾਦਰ ਸਿੰਘ ਨੇ ਅੱਠਵੀਂ ਜਮਾਤ ਤਕ ਦੇ ਸਾਰੇ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਦਿਤੇ ਹਨ।