ਹਰਿਆਣਾ ਵਿੱਚ ਇਨੈਲੋ ਦੇ ਸਟੇਟ ਪ੍ਰੈਜ਼ੀਡੈਂਟ ਨਫੇ ਸਿੰਘ ਰਾਠੀ ਤੇ ਜਾਨਲੇਵਾ ਹਮਲਾ, ਹਾਲਤ ਗੰਭੀਰ

ਝੱਜਰ, 25 ਫਰਵਰੀ : ਹਰਿਆਣਾ ਤੋਂ ਵੱਡੀ ਖ਼ਬਰ ਆ ਰਹੀ ਹੈ, ਜਿੱਥੇ ਹਰਿਆਣਾ ‘ਚ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਸੂਬਾ ਪ੍ਰਧਾਨ ਨਫੇ ਸਿੰਘ ਰਾਠੀ ਨੂੰ  ਕੁਝ ਲੋਕਾਂ ਨੇ ਗੋਲੀ ਮਾਰ ਦਿੱਤੀ। ਇਹ ਘਟਨਾ ਝੱਜਰ ਜ਼ਿਲ੍ਹੇ ਦੇ ਬਹਾਦੁਰਗੜ੍ਹ ਦੇ ਬਾਰਾਹੀ ਫਾਟਕ ਨੇੜੇ ਵਾਪਰੀ। ਹਮਲੇ ਦੇ ਸਮੇਂ ਰਾਠੀ ਆਪਣੀ ਫਾਰਚੂਨਰ ਕਾਰ ‘ਚ ਸਫਰ ਕਰ ਰਹੇ ਸਨ ਜਦਕਿ ਹਮਲਾਵਰ ਆਈ-20 ਕਾਰ ‘ਚ ਆਏ। ਕਾਰ ‘ਚ ਆਏ ਕੁਝ ਹਮਲਾਵਰਾਂ ਨੇ ਰਾਠੀ ਅਤੇ ਉਸ ਦੇ ਤਿੰਨ ਗੰਨਮੈਨਾਂ ਤੇ ਗੋਲੀਆਂ ਚਲਾ ਦਿੱਤੀਆਂ। ਪੁਲੀਸ ਅਨੁਸਾਰ ਗੋਲੀਬਾਰੀ ਵਿੱਚ ਕਾਰ ਦੀ ਅਗਲੀ ਸੀਟ ’ਤੇ ਬੈਠੇ ਰਾਠੀ ਅਤੇ ਉਸ ਦੇ ਤਿੰਨ ਗੰਨਮੈਨ ਜ਼ਖ਼ਮੀ ਹੋ ਗਏ। ਘਟਨਾ ਤੋਂ ਬਾਅਦ ਹਮਲਾਵਰ ਆਪਣੀ ਕਾਰ ਵਿਚ ਫਰਾਰ ਹੋ ਗਏ। ਜ਼ਖਮੀਆਂ ਨੂੰ ਬ੍ਰਹਮਸ਼ਕਤੀ ਸੰਜੀਵਨੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।  ਰਾਠੀ ਦੀ ਗਰਦਨ ਅਤੇ ਕਮਰ ਵਿੱਚ ਗੋਲੀਆਂ ਲੱਗੀਆਂ ਹਨ ਤੇ ਹਾਲਤ ਗੰਭੀਰ ਦੱਸੀ ਜਾ ਰਹੀ ਹੈ।  ਗੋਲੀਬਾਰੀ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਨਫੇ ਸਿੰਘ ਰਾਠੀ ਬਹਾਦਰਗੜ੍ਹ ਤੋਂ ਇਨੈਲੋ ਦੇ ਵਿਧਾਇਕ ਰਹਿ ਚੁੱਕੇ ਹਨ।