ਸੰਗਠਨ ਸਿੱਖਸ ਫਾਰ ਜਸਟਿਸ ਦੇ ਕੈਨੇਡਾ ਚੈਪਟਰ ਦਾ ਮੁਖੀ ਸੀ ਹਰਦੀਪ ਸਿੰਘ ਨਿੱਝਰ

  • ਕੈਨੇਡਾ 'ਚ ਭਾਰਤੀ ਡਿਪਲੋਮੈਟਾਂ ਨੂੰ ਦਿੱਤੀਆਂ ਸਨ ਧਮਕੀਆਂ 

ਨਵੀਂ ਦਿੱਲੀ, 23 ਸਤੰਬਰ : ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਕਾਰਨ ਭਾਰਤ ਤੇ ਕੈਨੇਡਾ ਵਿਚਾਲੇ ਵਿਵਾਦ ਪੈਦਾ ਹੋ ਗਿਆ ਹੈ। ਹਾਲਾਂਕਿ, ਨਿੱਝਰ ਕੋਈ ਧਾਰਮਿਕ ਜਾਂ ਸਮਾਜਿਕ ਵਿਅਕਤੀ ਨਹੀਂ ਸੀ ਸਗੋਂ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਸੀ। ਨਿਊਜ਼ ਏਜੰਸੀ ਪੀਟੀਆਈ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਹਰਦੀਪ ਸਿੰਘ ਨਿੱਝਰ ਗੁਰਦੀਪ ਸਿੰਘ ਉਰਫ ਦੀਪਾ ਹੇਰਾਂਵਾਲਾ ਦਾ ਕਰੀਬੀ ਸਾਥੀ ਸੀ। ਹੇਰਾਂਵਾਲਾ 80ਵਿਆਂ ਦੇ ਅਖੀਰ 'ਚ ਪੰਜਾਬ 'ਚ 200 ਦੇ ਕਰੀਬ ਲੋਕਾਂ ਦੇ ਕਤਲ ਵਿੱਚ ਸ਼ਾਮਲ ਸੀ। ਉਹ ਪਾਬੰਦੀਸ਼ੁਦਾ ਖਾਲਿਸਤਾਨ ਕਮਾਂਡੋ ਫੋਰਸ ਵਿੱਚ ਸ਼ਾਮਲ ਸੀ।  ਨਿੱਝਰ 1996 'ਚ ਗ੍ਰਿਫਤਾਰੀ ਦੇ ਡਰੋਂ ਕੈਨੇਡਾ ਭੱਜ ਗਿਆ ਸੀ। ਇੱਥੇ ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਫਿਰੌਤੀ ਵਰਗੀਆਂ ਗੈਰ-ਕਾਨੂੰਨੀ ਗਤੀਵਿਧੀਆਂ 'ਚ ਸ਼ਾਮਲ ਹੋ ਗਿਆ। ਉਸ ਨੇ ਅਜਿਹਾ ਅੱਤਵਾਦੀ ਗਤੀਵਿਧੀਆਂ ਲਈ ਫੰਡਾਂ ਦਾ ਪ੍ਰਬੰਧ ਕਰਨ ਲਈ ਕੀਤਾ ਸੀ। ਹਰਦੀਪ ਸਿੰਘ ਨਿੱਝਰ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਇਕ ਅੱਤਵਾਦੀ ਕੈਂਪ 'ਚ ਨੌਜਵਾਨਾਂ ਨੂੰ ਭਾਰਤ 'ਤੇ ਹਮਲਾ ਕਰਨ ਦੀ ਸਿਖਲਾਈ ਦੇ ਰਿਹਾ ਸੀ। ਉਹ ਪਾਬੰਦੀਸ਼ੁਦਾ ਅੱਤਵਾਦੀ ਸਮੂਹ ਖਾਲਿਸਤਾਨ ਟਾਈਗਰ ਫੋਰਸ (KTF) ਦਾ ਆਪਰੇਸ਼ਨ ਚੀਫ ਵੀ ਸੀ। ਨਿੱਝਰ ਨੇ 2012 'ਚ ਪਾਕਿਸਤਾਨ ਦਾ ਦੌਰਾ ਕੀਤਾ ਸੀ। ਇਸ ਦੌਰਾਨ ਉਹ ਇਕ ਹੋਰ ਪਾਬੰਦੀਸ਼ੁਦਾ ਅੱਤਵਾਦੀ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁਖੀ ਜਗਤਾਰ ਸਿੰਘ ਤਾਰਾ ਦੇ ਸੰਪਰਕ 'ਚ ਆਇਆ। ਤਾਰਾ ਨੇ ਉਸ ਨੂੰ ਹਥਿਆਰ ਮੁਹੱਈਆ ਕਰਵਾਏ। ਸੂਤਰਾਂ ਦਾ ਹਵਾਲਾ ਦਿੰਦੇ ਹੋਏ ਪੀਟੀਆਈ ਨੇ ਦੱਸਿਆ ਕਿ ਨਿੱਝਰ ਨੇ ਤਾਰਾ ਨੂੰ 10 ਲੱਖ ਪਾਕਿਸਤਾਨੀ ਰੁਪਏ ਵੀ ਭੇਜੇ ਸਨ। ਨਿੱਝਰ ਭਾਰਤ 'ਚ ਕਈ ਸਾਜ਼ਿਸ਼ਾਂ 'ਚ ਸ਼ਾਮਲ ਸੀ। 2014 'ਚ ਤਾਰਾ ਦੇ ਕਹਿਣ 'ਤੇ ਉਸ ਨੇ ਹਰਿਆਣਾ ਦੇ ਸਿਰਸਾ ਜ਼ਿਲ੍ਹੇ 'ਚ ਡੇਰਾ ਸੱਚਾ ਸੌਦਾ ਦੇ ਹੈੱਡਕੁਆਰਟਰ 'ਤੇ ਅੱਤਵਾਦੀ ਹਮਲੇ ਦੀ ਯੋਜਨਾ ਬਣਾਈ ਸੀ। ਹਾਲਾਂਕਿ ਇਹ ਹਮਲਾ ਨਹੀਂ ਹੋ ਸਕਿਆ ਕਿਉਂਕਿ ਭਾਰਤ ਨੇ ਨਿੱਝਰ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਨਿੱਝਰ ਖ਼ਿਲਾਫ਼ ਖਾਲਿਸਤਾਨੀ ਵੱਖਵਾਦੀ ਮਨਦੀਪ ਸਿੰਘ ਧਾਲੀਵਾਲ ਨਾਲ ਜੁੜਿਆ ਇਕ ਮਾਡਿਊਲ ਖੜ੍ਹਾ ਕਰਨ ਲਈ ਕਈ ਮਾਮਲੇ ਦਰਜ ਕੀਤੇ। ਉਸ ਦੇ ਖਿਲਾਫ ਇੰਟਰਪੋਲ ਦਾ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ। ਨਿੱਝਰ ਇਕ ਹੋਰ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਸਿੱਖਸ ਫਾਰ ਜਸਟਿਸ ਦੇ ਕੈਨੇਡਾ ਚੈਪਟਰ ਦਾ ਮੁਖੀ ਵੀ ਸੀ। ਉਸਨੇ ਕੈਨੇਡਾ 'ਚ ਭਾਰਤ ਵਿਰੋਧੀ ਹਿੰਸਕ ਪ੍ਰਦਰਸ਼ਨ ਵੀ ਕੀਤੇ ਅਤੇ ਭਾਰਤੀ ਡਿਪਲੋਮੈਟਾਂ ਨੂੰ ਧਮਕੀਆਂ ਦਿੱਤੀਆਂ