ਸਾਲ 2024 ’ਚ ਮੌਨਸੂਨ ਦੌਰਾਨ ਹੋ ਸਕਦੀ ਚੰਗੀ ਬਾਰਿਸ਼, ਵੱਡੇ ਪੱਧਰ ’ਤੇ ਪੌਣ-ਪਾਣੀ ਸਬੰਧੀ ਘਟਨਾਵਾਂ ਮੌਨਸੂਨ ਲਈ ਅਨੁਕੂਲ : ਮੌਸਮ ਵਿਭਾਗ 

ਨਵੀਂ ਦਿੱਲੀ, 5 ਅਪ੍ਰੈਲ : ਮੌਸਮ ਵਿਗਿਆਨੀ ਨੇ ਉਮੀਦ ਪ੍ਰਗਟਾਈ ਹੈ ਕਿ ਸਾਲ 2024 ’ਚ ਮੌਨਸੂਨ ਦੌਰਾਨ ਚੰਗੀ ਬਾਰਿਸ਼ ਹੋ ਸਕਦੀ ਹੈ। ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮਿ੍ਰਤਿਊਂਜੈ ਮਹਾਪਾਤਰ ਨੇ ਕਿਹਾ ਕਿ ਇਸ ਸਾਲ ਵੱਡੇ ਪੱਧਰ ’ਤੇ ਪੌਣ-ਪਾਣੀ ਸਬੰਧੀ ਘਟਨਾਵਾਂ ਦੱਖਣੀ-ਪੱਛਮੀ ਮੌਨਸੂਨ ਲਈ ਅਨੁਕੂਲ ਹਨ। ਮਹਾਪਾਤਰ ਨੇ ਮੱਧ ਪ੍ਰਸ਼ਾਂਤ ਮਹਾਸਾਗਰ ਦੇ ਗਰਮ ਹੋਣ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਸਾਲ ਜੂਨ ਦੀ ਸ਼ੁਰੂਆਤ ਤੱਕ ਅਲ ਨੀਨੋ ਦਾ ਅਸਰ ਘੱਟ ਹੁੰਦਾ ਦਿਸ ਰਿਹਾ ਹੈ। ਜੁਲਾਈ ਤੋਂ ਸਤੰਬਰ ’ਚ ਲਾ ਨੀਨਾ ਦੀ ਸਥਿਤੀ ਦੇਖੀ ਜਾ ਸਕਦੀ ਹੈ। ਮੱਧ ਪ੍ਰਸ਼ਾਂਤ ਮਹਾਸਾਗਰ ਦੇ ਠੰਢਾ ਹੋਣ ਦੀ ਘਟਨਾ ਨੂੰ ਲਾ ਨੀਨਾ ਕਹਿੰਦੇ ਹਨ। ਮਜ਼ਬੂਤ ਅਲ ਨੀਨੋ ਦੀ ਘਟਨਾ ਕਮਜ਼ੋਰ ਮੌਨਸੂਨ ਦੀ ਸਥਿਤੀ ਨੂੰ ਦਰਸਾਉਂਦੀ ਹੈ, ਇਸ ਕਾਰਨ ਭਾਰਤ ਦੇ ਦੱਖਣੀ-ਪੂਰਬੀ ਏਸ਼ੀਆ ਖੇਤਰ ’ਚ ਸੋਕੇ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਲਾ ਨੀਨੋ ਨਾਲ ਭਾਰਤ ’ਚ ਜ਼ਿਆਦਾ ਮੌਨਸੂਨ ਦੀ ਬਾਰਿਸ਼ ਹੁੰਦੀ ਹੈ। ਮਹਾਪਾਤਰ ਨੇ ਕਿਹਾ ਕਿ ਲਾ ਨੀਨਾ ਦੀ ਘਟਨਾ ਭਾਰਤੀ ਮੌਨਸੂਨ ਲਈ ਚੰਗਾ ਹੈ। ਉੱਥੇ ਅਲ ਨੀਨੋ ਦੀ ਘਟਨਾ ਚੰਗੀ ਨਹੀਂ ਹੈ। 60 ਫ਼ੀਸਦੀ ਸਾਲਾਂ ’ਚ ਅਲ ਨੀਨੋ ਦਾ ਭਾਰਤੀ ਮੌਨਸੂਨ ’ਤੇ ਨਕਾਰਾਤਮਕ ਪ੍ਰਭਾਵ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਬਰਫ਼ਬਾਰੀ ਵੀ ਘੱਟ ਹੋਈ ਹੈ। ਇਹ ਇਕ ਹੋਰ ਸਕਾਰਾਤਮਕ ਕਾਰਕ ਹੈ। ਇਸ ਲਈ ਵੱਡੇ ਪੱਧਰ ’ਤੇ ਪੌਣ-ਪਾਣੀ ਸਬੰਧੀ ਘਟਨਾਵਾਂ ਮੌਨਸੂਨ ਲਈ ਅਨੁਕੂਲ ਹਨ। ਭਾਰਤ ’ਚ ਸਾਲਾਨਾ ਬਾਰਿਸ਼ ਦੌਰਾਨ ਲਗਪਗ 70 ਫ਼ੀਸਦੀ ਬਾਰਿਸ਼ ਦੱਖਣੀ-ਪੱਛਮੀ ਮੌਨਸੂਨ ਦੇ ਕਾਰਨ ਹੀ ਹੁੰਦੀ ਹੈ। ਇਹ ਬਾਰਿਸ਼ ਭਾਰਤ ’ਚ ਖੇਤੀ ਲਈ ਮਹੱਤਵਪੂਰਨ ਹੈ। ਭਾਰਤ ਦੀ ਜੀਡੀਪੀ ’ਚ ਲਗਪਗ 14 ਫ਼ੀਸਦੀ ਯੋਗਦਾਨ ਖੇਤੀ ਖੇਤਰ ਦਾ ਹੈ। ਭਾਰਤ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਰੁਜ਼ਗਾਰ ਲਈ ਖੇਤੀ ’ਤੇ ਹੀ ਨਿਰਭਰ ਹੈ। ਭਾਰਤ ’ਚ 2023 ਦੇ ਮੌਨਸੂਨ ਸੀਜ਼ਨ ’ਚ 868.6 ਮਿਲੀਮੀਟਰ ਔਸਤ ਦੇ ਮੁਕਾਬਲੇ 820 ਮਿਲੀਮੀਟਰ ਦੀ ਔਸਤ ਤੋਂ ਘੱਟ ਬਾਰਿਸ਼ ਹੋਈ। ਇਸ ਦੇ ਲਈ ਮਜ਼ਬੂਤ ਅਲ ਨੀਨੋ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ।