ਗਾਂਧੀ ਜੀ ਦੇ ਸੱਚ ਅਤੇ ਅਹਿੰਸਾ ਦੇ ਆਦਰਸ਼ਾਂ ਨੇ ਵਿਸ਼ਵ ਲਈ ਇੱਕ ਨਵਾਂ ਰਾਹ ਪੱਧਰਾ ਕੀਤਾ : ਰਾਸ਼ਟਰਪਤੀ ਮੁਰਮੂ 

ਨਵੀਂ ਦਿੱਲੀ, 1 ਅਕਤੂਬਰ : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸਾਰੇ ਦੇਸ਼ ਵਾਸੀਆਂ ਨੂੰ ਗਾਂਧੀ ਜਯੰਤੀ ਦੀ ਪੂਰਵ ਸੰਧਿਆ 'ਤੇ ਵਧਾਈ ਦਿੱਤੀ ਹੈ। ਮਹਾਤਮਾ ਗਾਂਧੀ ਦੀ 154ਵੀਂ ਜਯੰਤੀ ਦੇ ਮੌਕੇ 'ਤੇ ਰਾਸ਼ਟਰ ਦੇ ਨਾਮ ਆਪਣੇ ਸੰਦੇਸ਼ 'ਚ ਉਨ੍ਹਾਂ ਕਿਹਾ ਕਿ ਸਾਰੇ ਨਾਗਰਿਕਾਂ ਦੀ ਤਰਫੋਂ ਮੈਂ ਰਾਸ਼ਟਰਪਿਤਾ ਨੂੰ ਨਿਮਰ ਸ਼ਰਧਾਂਜਲੀ ਭੇਟ ਕਰਦੀ ਹਾਂ। ਇਸ ਦੌਰਾਨ ਰਾਸ਼ਟਰਪਤੀ ਮੁਰਮੂ ਨੇ ਸਮੂਹ ਦੇਸ਼ ਵਾਸੀਆਂ ਨੂੰ ਮਹਾਤਮਾ ਗਾਂਧੀ ਦੀਆਂ ਕਦਰਾਂ-ਕੀਮਤਾਂ ਅਤੇ ਸਿੱਖਿਆਵਾਂ ਨੂੰ ਆਪਣੇ ਵਿਚਾਰਾਂ, ਭਾਸ਼ਣਾਂ ਅਤੇ ਕੰਮਾਂ ਵਿੱਚ ਅਪਣਾਉਣ ਅਤੇ ਲੋਕ ਭਲਾਈ ਲਈ ਸਮਰਪਿਤ ਕਰਨ ਦੀ ਅਪੀਲ ਵੀ ਕੀਤੀ। ਰਾਸ਼ਟਰ ਦੇ ਨਾਮ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਗਾਂਧੀ ਜੀ ਦੇ ਸੱਚ ਅਤੇ ਅਹਿੰਸਾ ਦੇ ਆਦਰਸ਼ਾਂ ਨੇ ਵਿਸ਼ਵ ਲਈ ਇੱਕ ਨਵਾਂ ਰਾਹ ਪੱਧਰਾ ਕੀਤਾ। ਉਨ੍ਹਾਂ ਕਿਹਾ ਕਿ ਰਾਸ਼ਟਰ ਪਿਤਾ ਨੇ ਜੀਵਨ ਭਰ ਅਹਿੰਸਾ ਲਈ ਲੜਨ ਦੇ ਨਾਲ-ਨਾਲ ਸਫ਼ਾਈ, ਮਹਿਲਾ ਸਸ਼ਕਤੀਕਰਨ, ਸਵੈ-ਨਿਰਭਰਤਾ ਅਤੇ ਕਿਸਾਨਾਂ ਦੇ ਹੱਕਾਂ ਦੇ ਮੁੱਦੇ ਵੀ ਉਠਾਏ।