ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਈ ਮੁੱਠਭੇੜ, ਦੋ ਅੱਤਵਾਦੀ ਮਾਰੇ, ਇੱਕ ਜਵਾਨ ਦੇ ਜ਼ਖਮੀ 

ਕਸ਼ਮੀਰ, 19 ਜੂਨ 2024 : ਉੱਤਰੀ ਕਸ਼ਮੀਰ ਦੇ ਸੋਪੋਰ 'ਚ ਬੁੱਧਵਾਰ ਨੂੰ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ਸ਼ੁਰੂ ਹੋਈ, ਜਿਸ 'ਚ ਹੁਣ ਤੱਕ ਦੋ ਅੱਤਵਾਦੀ ਮਾਰੇ ਜਾ ਚੁੱਕੇ ਹਨ, ਜਿਨ੍ਹਾਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਇੱਕ ਪੁਲਿਸ ਮੁਲਾਜ਼ਮ ਅਤੇ ਇੱਕ ਜਵਾਨ ਦੇ ਜ਼ਖਮੀ ਹੋਣ ਦੀ ਵੀ ਸੂਚਨਾ ਹੈ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਹ ਆਪਰੇਸ਼ਨ ਭਾਰਤੀ ਫੌਜ, ਸੀਆਰਪੀਐਫ ਅਤੇ ਜੰਮੂ-ਕਸ਼ਮੀਰ ਪੁਲਿਸ ਦੀ ਸਾਂਝੀ ਟੀਮ ਵੱਲੋਂ ਕੀਤਾ ਜਾ ਰਿਹਾ ਹੈ। ਕਸ਼ਮੀਰ ਜ਼ੋਨ ਪੁਲਿਸ ਦਾ ਕਹਿਣਾ ਹੈ ਕਿ ਆਪਰੇਸ਼ਨ ਜਾਰੀ ਹੈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜ਼ਿਲੇ ਦੇ ਸੋਪੋਰ ਦੇ ਹਾਦੀਪੋਰਾ ਇਲਾਕੇ ‘ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ। ਇਸ ‘ਤੇ ਫੌਜ, ਸੀਆਰਪੀਐਫ ਅਤੇ ਪੁਲਿਸ ਦੀ ਸਾਂਝੀ ਟੀਮ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਆਪਣੇ ਆਪ ਨੂੰ ਘਿਰਿਆ ਦੇਖ ਕੇ ਅੱਤਵਾਦੀਆਂ ਨੇ ਜਵਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲੀਬਾਰੀ ਸ਼ੁਰੂ ਕਰ ਦਿੱਤੀ। ਅਧਿਕਾਰੀ ਨੇ ਅੱਗੇ ਦੱਸਿਆ ਕਿ ਸੁਰੱਖਿਆ ਬਲਾਂ ਵੱਲੋਂ ਜਵਾਬੀ ਗੋਲੀਬਾਰੀ ਨਾਲ ਮੁਕਾਬਲਾ ਸ਼ੁਰੂ ਹੋਇਆ। ਇਸ ‘ਚ ਦੋ ਅੱਤਵਾਦੀ ਮਾਰੇ ਗਏ ਹਨ। ਹਾਲਾਂਕਿ ਅਜੇ ਤੱਕ ਅੱਤਵਾਦੀਆਂ ਦੀ ਪਛਾਣ ਨਹੀਂ ਹੋ ਸਕੀ ਹੈ। ਅੱਤਵਾਦੀਆਂ ਵੱਲੋਂ ਕੀਤੀ ਗਈ ਗੋਲੀਬਾਰੀ ‘ਚ SOG ਦੇ ਇੱਕ ਜਵਾਨ ਨੂੰ ਗੋਲੀ ਲੱਗ ਗਈ, ਜਿਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦੂਜੇ ਪਾਸੇ ਡੋਡਾ ਵਿੱਚ ਹਾਲ ਹੀ ਵਿੱਚ ਹੋਏ ਹਮਲਿਆਂ ਦੇ ਸਬੰਧ ਵਿੱਚ ਸੁਰੱਖਿਆ ਬਲਾਂ ਨੇ ਤਿੰਨ ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਜ਼ਿਲ੍ਹੇ ਦੇ ਪਹਾੜੀ ਇਲਾਕਿਆਂ ‘ਚ ਤਿੰਨ ਤੋਂ ਚਾਰ ਅੱਤਵਾਦੀ ਮੌਜੂਦ ਹਨ। 11 ਜੂਨ ਦੀ ਰਾਤ ਨੂੰ ਅੱਤਵਾਦੀਆਂ ਨੇ ਭਦਰਵਾਹ-ਪਠਾਨਕੋਟ ਰੋਡ ‘ਤੇ ਇਕ ਚੌਕੀ ‘ਤੇ ਹਮਲਾ ਕੀਤਾ ਸੀ। ਇਸ ਹਮਲੇ ਵਿੱਚ ਰਾਸ਼ਟਰੀ ਰਾਈਫਲਜ਼ ਦੇ ਪੰਜ ਜਵਾਨ ਅਤੇ ਐਸਪੀਓ ਜ਼ਖ਼ਮੀ ਹੋ ਗਏ। ਡੋਡਾ ਜ਼ਿਲ੍ਹੇ ਦੇ ਜੈ ਇਲਾਕੇ ਤੋਂ ਸੁਰੱਖਿਆ ਕਰਮੀਆਂ ਵੱਲੋਂ ਹਿਰਾਸਤ ਵਿੱਚ ਲਏ ਗਏ ਤਿੰਨ ਲੋਕਾਂ ਵਿੱਚ ਇੱਕ ਜੋੜਾ ਵੀ ਸ਼ਾਮਲ ਹੈ। ਉਨ੍ਹਾਂ ‘ਤੇ ਅੱਤਵਾਦੀਆਂ ਨੂੰ ਭੋਜਨ ਮੁਹੱਈਆ ਕਰਵਾਉਣ ਦਾ ਸ਼ੱਕ ਹੈ। ਤਿੰਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਇਸ ਤੋਂ ਪਹਿਲਾਂ ਪੁਲਿਸ ਨੇ ਕਿਹਾ ਸੀ ਕਿ ਹਾਲ ਹੀ ਵਿੱਚ ਰਿਆਸੀ ਜ਼ਿਲ੍ਹੇ ਵਿੱਚ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਉੱਤੇ ਹੋਏ ਹਮਲੇ ਦੀ ਜਾਂਚ ਦੇ ਸਬੰਧ ਵਿੱਚ 50 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।