ਨਵੇਂ ਕਾਨੂੰਨ 'ਹਿੱਟ ਐਂਡ ਰਨ' ਨੂੰ ਲੈ ਕੇ ਟਰੱਕ-ਟੈਂਕਰ ਡਰਾਈਵਰਾਂ ਵੱਲੋਂ ਦੇਸ਼ 'ਚ ਹੰਗਾਮਾ, ਦੇਸ਼ ਦੀਆਂ ਸੜਕਾਂ ਨੂੰ ਕੀਤਾ ਜਾਮ 

ਨਵੀਂ ਦਿੱਲੀ, 02 ਜਨਵਰੀ : ਪਿਛਲੇ ਦਿਨੀਂ ਕੇਂਦਰ ਸਰਕਾਰ ਵੱਲੋਂ ਬਣਏ ਨਵੇਂ ਕਾਨੂੰਨ ਹਿੱਟ ਐਂਡ ਰਨ ਕਾਰਨ ਟਰੱਕ ਅਪ੍ਰੇਟਰਾਂ ਅਤੇ ਡਰਾਈਵਰਾਂ ਨੇ ਦੇਸ਼ ਭਰ ਦੀਆਂ ਸੜਕਾਂ ਨੂੰ ਜਾਮ ਕਰ ਦਿੱਤਾ ਹੈ। ਨਵੇਂ ਕਾਨੂੰਨ ਦੇ ਵਿਰੋਧ ਵਿੱਚ ਪੰਜਾਬ, ਹਰਿਆਣਾ, ਜੰਮੂ ਕਸ਼ਮੀਰ, ਉੱਤਰ ਪ੍ਰਦੇਸ਼, ਹਿਮਾਚਲ ਸਮੇਤ ਹੋਰਨਾਂ ਸੂਬਿਆਂ ਵਿੱਚ ਵਿਰੋਧ ਲਗਾਤਾਰ ਜਾਰੀ ਹੈ। ਜਿਸ ਕਾਰਨ ਪੰਪਾਂ ਤੇ ਪੈਟਰੋਲ ਤੇ ਡੀਜ਼ਲ ਦੀ ਕਮੀ ਹੋਣਾ ਸ਼ੁਰੂ ਹੋ ਗਈ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ 30 ਫੀਸਦੀ ਪੰਪਾਂ ਤੇ ਤੇਲ ਖ਼ਤਮ ਹੋ ਚੁੱਕਾ ਹੈ, ਇਸ ਤੋਂ ਇਲਾਵਾ ਹਿਮਾਚਲ ‘ਚ 80 ਫੀਸਦੀ ਪੰਪ ਖਾਲੀ ਹੋ ਚੁੱਕੇ ਹਨ। ਹਾਲਾਂਕਿ ਨਵੇਂ ਕਾਨੂੰਨ ਅਨੁਸਾਰ ਜੇਕਰ ਵਾਹਨ ਨੂੰ ਟੱਕਰ ਮਾਰਨ ਵਾਲਾ ਵਿਅਕਤੀ ਗਲਤ ਤਰੀਕੇ ਨਾਲ ਵਾਹਨ ਸਾਹਮਣੇ ਆਉਂਦਾ ਹੈ ਜਾਂ ਗੈਰ ਕਾਨੂੰਨੀ ਤਰੀਕੇ ਨਾਲ ਸੜਕ ਪਾਰ ਕਰਦਾ ਹੈ ਤਾਂ ਅਜਿਹੇ ਮਾਮਲਿਆਂ ਵਿੱਚ ਵਾਹਨ ਚਾਲਕਾਂ ਨੂੰ ਰਾਹਤ ਮਿਲੇਗੀ। ਇਸ ਤਰ੍ਹਾਂ ਦੇ ਮਾਮਲਿਆਂ ਵਿੱਚ 5 ਸਾਲ ਦੀ ਸਜਾ ਤੇ ਜੁਰਮਾਨਾ ਹੋਵੇਗਾ। ਜੇਕਰ ਡਰਾਈਵਰ ਗਲਤ ਤਰੀਕੇ ਨਾਲ ਗੱਡੀ ਚਲਾ ਰਿਹਾ ਹੈ ਤੇ ਉਸਦੀ ਲਾਪਰਵਾਹੀ ਨਾਲ ਦੁਰਘਟਨਾ ਦਾ ਕਾਰਨ ਬਣਦਾ ਹੈ ਅਤੇ ਫਿਰ ਮੌਕੇ ਤੋਂ ਭੱਜ ਜਾਂਦਾ ਹੈ ਤਾਂ ਡਰਾਈਵਰ ਨੂੰ 10 ਸਾਲ ਤੱਕ ਦੀ ਸਜਾ ਹੋਵੇਗੀ। ਜੇਕਰ ਟਰੱਕ-ਕੈਂਟਰ ਚਾਲਕ ਕਿਸੇ ਨੂੰ ਕੁਚਲ ਤੋਂ ਬਾਅਦ ਅਗਰ ਰੁਕਦੇ ਨਹੀਂ ਜਾਂ ਪੀੜਤ ਨੂੰ ਹਸਪਤਾਲ ਜਾਂ ਪੁਲਿਸ ਨੂੰ ਸੂਚਿਤ ਨਹੀਂ ਕਰਦੇ ਤਾਂ ਉਸਨੂੰ 10 ਸਾਲ ਤੱਕ ਦੀ ਸਜਾ ਅਤੇ 7 ਲੱਖ ਤੱਕ ਦਾ ਜੁਰਮਾਨਾ ਲਗਾਇਆ ਜਾਵੇਗਾ। ਜਦੋਂ ਕਿ ਪਹਿਲਾਂ ਹਿੱਟ ਐਂਡ ਰਨ ਦੇ ਮਾਮਲਿਆਂ ‘ਚ 2 ਸਾਲ ਦੀ ਕੈਦ ਅਤੇ ਜਮਾਨਤ ਮਿਲ ਜਾਂਦੀ ਸੀ। ਜੇਕਰ ਕਿਸੇ ਵਾਹਨ ਕਾਰਨ ਕੋਈ ਹਾਦਸਾ ਹੋ ਜਾਂਦਾ ਹੈ ਅਤੇ ਕਿਸੇ ਨੂੰ ਕੁਚਲ ਦਿੱਤਾ ਜਾਂਦਾ ਹੈ ਤਾਂ ਨਵੇਂ ਕਾਨੂੰਨ ਨੇ ਡਰਾਈਵਰ ਲਈ ਇਹ ਮੁਸ਼ਕਲ ਬਣਾ ਦਿੱਤੀ ਹੈ ਕਿ ਜੇਕਰ ਉਹ ਹਾਦਸੇ ਤੋਂ ਬਾਅਦ ਮੌਕੇ 'ਤੇ ਰੁਕਦਾ ਹੈ ਤਾਂ ਭੀੜ ਹਿੰਸਕ ਹੋ ਸਕਦੀ ਹੈ, ਉਸ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਅਤੇ ਜੇ. ਭੱਜ ਜਾਂਦਾ ਹੈ, ਕਾਨੂੰਨ ਅਨੁਸਾਰ ਉਸ ਨੂੰ 10 ਸਾਲ ਤੱਕ ਦੀ ਕੈਦ ਅਤੇ 7 ਲੱਖ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾਵੇਗਾ। ਟਰੱਕ-ਟੈਂਕਰ ਚਾਲਕਾਂ ਦਾ ਕਹਿਣਾ ਹੈ ਕਿ ਕਈ ਵਾਰ ਇਸ ਵਿੱਚ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੁੰਦਾ ਪਰ ਫਿਰ ਵੀ ਉਨ੍ਹਾਂ ਨੂੰ ਕਸੂਰਵਾਰ ਠਹਿਰਾਇਆ ਜਾਂਦਾ ਹੈ ਕਿਉਂਕਿ ਉਹ ਵੱਡੇ ਵਾਹਨ ਹਨ।