ਦੇਸ਼ ਦੀਆਂ ਧੀਆਂ ਹਰ ਪਾਸੇ ਆਪਣਾ ਝੰਡਾ ਲਹਿਰਾ ਰਹੀਆਂ ਹਨ : ਪੀਐੱਮ ਮੋਦੀ

  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ 51 ਹਜ਼ਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ।

ਨਵੀਂ ਦਿੱਲੀ, 26 ਸਤੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ 51 ਹਜ਼ਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਨਵਾਂ ਭਾਰਤ ਕਮਾਲ ਕਰ ਰਿਹਾ ਹੈ। ਦੇਸ਼ ਦੀਆਂ ਧੀਆਂ ਹਰ ਪਾਸੇ ਆਪਣਾ ਝੰਡਾ ਲਹਿਰਾ ਰਹੀਆਂ ਹਨ। ਇਸ ਦੌਰਾਨ ਪੀਐੱਮ ਮੋਦੀ ਨੇ ਕਿਹਾ ਕਿ ਅੱਜ ਦੇ ਰੁਜ਼ਗਾਰ ਮੇਲੇ ਵਿਚ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ ਸਾਰੇ ਉਮੀਦਵਾਰਾਂ ਨੂੰ ਬਹੁਤ-ਬਹੁਤ ਵਧਾਈਆਂ। ਤੁਸੀਂ ਸਾਰਿਆਂ ਨੇ ਸਖ਼ਤ ਮਿਹਨਤ ਕਰ ਕੇ ਇਹ ਕਾਮਯਾਬੀ ਹਾਸਿਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸਫਲਤਾ ਦਾ ਤੁਹਾਡੇ ਜੀਵਨ ਵਿਚ ਬਹੁਤ ਮਹੱਤਵ ਹੈ। ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਕਿਹਾ ਕਿ ਅੱਜ ਦੇਸ਼ ਭਰ ਵਿਚ ਗਣੇਸ਼ ਉਤਸਵ ਮਨਾਇਆ ਜਾ ਰਿਹਾ ਹੈ। ਇਸ ਸ਼ੁਭ ਸਮੇਂ ਵਿਚ ਤੁਹਾਡੇ ਸਾਰਿਆਂ ਲਈ ਇਕ ਨਵੇਂ ਜੀਵਨ ਦੀ ਸ਼ੁਰੂਆਤ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਦੇਸ਼ ਭਰ ਵਿਚ 46 ਥਾਵਾਂ 'ਤੇ ਰੁਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਲੋਕ ਰੇਲਵੇ ਸਟੇਸ਼ਨਾਂ ਦੇ ਬੁਕਿੰਗ ਕਾਊਂਟਰਾਂ 'ਤੇ ਲਾਈਨਾਂ 'ਚ ਖੜ੍ਹੇ ਰਹਿੰਦੇ ਸਨ ਪਰ ਤਕਨੀਕ ਨੇ ਇਸ ਸਮੱਸਿਆ 'ਤੇ ਕਾਬੂ ਪਾ ਲਿਆ ਹੈ। ਆਧਾਰ ਕਾਰਡ, ਡਿਜੀਟਲ ਲਾਕਰ ਅਤੇ eKYC ਨੇ ਦਸਤਾਵੇਜ਼ਾਂ ਦੀ ਗੁੰਝਲਤਾ ਨੂੰ ਖਤਮ ਕਰ ਦਿੱਤਾ ਹੈ।