ਦੇਸ਼ ਨੂੰ "ਮੋਦੀ ਦੀ ਗਾਰੰਟੀ" ਦਿਤੀ ਸੀ ਕਿ 2022 ਤਕ ਹਰ ਭਾਰਤੀ ਦੇ ਸਿਰ 'ਤੇ ਛੱਤ ਹੋਵੇਗੀ, ਜੋ ਖੋਖਲੀ ਸਾਬਤ ਹੋਈ : ਪ੍ਰਧਾਨ ਖੜਗੇ 

ਨਵੀਂ ਦਿੱਲੀ, 11 ਜੂਨ : ਨਵੀਂ ਸਰਕਾਰ ਬਣਦਿਆਂ ਹੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਪਹਿਲੀ ਕੈਬਨਿਟ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਅਵਾਸ ਯੋਜਨਾ ਦੇ ਤਹਿਤ 3 ਕਰੋੜ ਲੋਕਾਂ ਨੂੰ ਮਕਾਨ ਬਣਾ ਕੇ ਦੇਣ ਨੂੰ ਪ੍ਰਵਾਨਗੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਅੱਜ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਤਿੱਖਾ ਤੱਜ ਕਸ਼ਦਿਆਂ ਇਲਜ਼ਾਮ ਲਗਾਇਆ ਕਿ 2022 ਤੱਕ ਸਭ ਦੇ ਸਿਰ ਤੇ ਛੱਤ ਦੀ ਪ੍ਰਧਾਨ ਮੰਤਰੀ ਮੋਦੀ ਦੀ ਗਾਰੰਟੀ ਖੋਖਲੀ ਸਾਬਤ ਹੋਈ, ਹੁਣ ਫਿਰ ਸਰਕਾਰ ਵੱਲੋਂ 3 ਕਰੋੜ ਮਕਾਨ ਬਣਾਉਣ ਦਾ ਢਿੰਡੋਰਾ ਪਿੱਟਿਆ ਜਾ ਰਿਹਾ ਹੈ। ਕਾਂਗਰਸ ਪ੍ਰਧਾਨ ਖੜਗੇ ਨੇ ਆਪਣੇ ਐਕਸ ਹੈਂਡਲ ਤੇ ਪੋਸਟ ਕਰਦਿਆਂ ਲਿਖਿਆ ਕਿ ਲੋਕ ਸਭਾ ਚੋਣਾਂ 2024 ਵਿੱਚ ਦੇਸ਼ ਦੇ ਲੋਕਾਂ ਨੇ ਅਜਿਹਾ ਜਵਾਬ ਦਿੱਤਾ ਕਿ ਮੋਦੀ ਸਰਕਾਰ ਨੂੰ ਦੂਜਿਆਂ ਦੇ ਘਰਾਂ ਤੋਂ ਕੁਰਸੀਆਂ ਉਧਾਰ ਲੈ ਕੇ ਸੱਤਾ ਦੇ ਆਪਣੇ ਘਰ ਦੀ ਦੇਖਭਾਲ ਕਰਨੀ ਪੈ ਗਈ ਹੈ। ਪ੍ਰਧਾਨ ਮੰਤਰੀ ਨੇ 17 ਜੁਲਾਈ, 2020 ਨੂੰ ਦੇਸ਼ ਨੂੰ "ਮੋਦੀ ਦੀ ਗਾਰੰਟੀ" ਦਿਤੀ ਸੀ ਕਿ 2022 ਤਕ ਹਰ ਭਾਰਤੀ ਦੇ ਸਿਰ 'ਤੇ ਛੱਤ ਹੋਵੇਗੀ। ਇਹ "ਗਾਰੰਟੀ" ਖੋਖਲੀ ਸਾਬਤ ਹੋਈ। ਉਨ੍ਹਾਂ ਕਿਹਾ, “ਹੁਣ ਉਹ ਤਿੰਨ ਕਰੋੜ ਪ੍ਰਧਾਨ ਮੰਤਰੀ ਆਵਾਸ ਦੇਣ ਦਾ ਢਿੰਡੋਰਾ ਪਿੱਟ ਰਹੇ ਹਨ ਜਿਵੇਂ ਪਿਛਲੀ ਗਾਰੰਟੀ ਪੂਰੀ ਹੋ ਗਈ ਹੋਵੇ। ਦੇਸ਼ ਇਸ ਤੱਥ ਨੂੰ ਜਾਣਦਾ ਹੈ ਕਿ ਇਸ ਵਾਰ ਇਨ੍ਹਾਂ ਤਿੰਨ ਕਰੋੜ ਮਕਾਨਾਂ ਲਈ ਕੋਈ ਸਮਾਂ ਸੀਮਾ ਨਿਰਧਾਰਤ ਨਹੀਂ ਕੀਤੀ ਗਈ ਹੈ ਕਿਉਂਕਿ ਭਾਜਪਾ ਨੇ ਪਿਛਲੇ 10 ਸਾਲਾਂ ਵਿਚ ਕਾਂਗਰਸ-ਯੂਪੀਏ ਨਾਲੋਂ 1.2 ਕਰੋੜ ਘੱਟ ਮਕਾਨ ਬਣਾਏ ਹਨ। ਖੜਗੇ ਨੇ ਦਾਅਵਾ ਕੀਤਾ ਕਿ ਕਾਂਗਰਸ ਦੀ ਅਗਵਾਈ ਵਾਲੀ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ (ਯੂਪੀਏ) ਸਰਕਾਰ ਦੇ ਕਾਰਜਕਾਲ ਦੌਰਾਨ 2004-13 ਦੇ ਵਿਚਕਾਰ 4.5 ਕਰੋੜ ਮਕਾਨ ਬਣਾਏ ਗਏ ਸਨ, ਜਦਕਿ ਪਿਛਲੇ 10 ਸਾਲਾਂ ਵਿਚ ਸਿਰਫ 3.3 ਕਰੋੜ ਮਕਾਨ ਬਣਾਏ ਗਏ ਸਨ। ਉਨ੍ਹਾਂ ਕਿਹਾ ਕਿ ਮੋਦੀ ਜੀ ਦੀ ਆਵਾਸ ਯੋਜਨਾ 'ਚ 49 ਲੱਖ ਸ਼ਹਿਰੀ ਮਕਾਨਾਂ ਯਾਨੀ 60 ਫ਼ੀ ਸਦੀ ਮਕਾਨਾਂ ਦਾ ਭੁਗਤਾਨ ਜ਼ਿਆਦਾਤਰ ਜਨਤਾ ਨੇ ਅਪਣੀ ਜੇਬ 'ਚੋਂ ਕੀਤਾ। ਉਨ੍ਹਾਂ ਕਿਹਾ, “ਇਕ ਸਰਕਾਰੀ ਆਮ ਸ਼ਹਿਰੀ ਘਰ ਦੀ ਕੀਮਤ ਔਸਤਨ 6.5 ਲੱਖ ਰੁਪਏ ਹੈ, ਜਿਸ ਵਿਚੋਂ ਕੇਂਦਰ ਸਰਕਾਰ ਸਿਰਫ 1.5 ਲੱਖ ਰੁਪਏ ਦਿੰਦੀ ਹੈ। ਇਸ ਵਿਚ ਯੋਗਦਾਨ ਦਾ 40 ਪ੍ਰਤੀਸ਼ਤ ਰਾਜਾਂ ਅਤੇ ਨਗਰ ਪਾਲਿਕਾਵਾਂ ਦੁਆਰਾ ਵੀ ਯੋਗਦਾਨ ਪਾਇਆ ਜਾਂਦਾ ਹੈ। ਬਾਕੀ ਦਾ ਬੋਝ ਲੋਕਾਂ ਦੇ ਸਿਰ 'ਤੇ ਪੈਂਦਾ ਹੈ। ਇਹ ਵੀ ਲਗਭਗ 60 ਪ੍ਰਤੀਸ਼ਤ ਦਾ ਬੋਝ। ਇਹ ਗੱਲ ਸੰਸਦੀ ਕਮੇਟੀ ਨੇ ਕਹੀ ਹੈ। ’’ ਖੜਗੇ ਨੇ ਕਿਹਾ ਕਿ ਅਖਬਾਰਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਮੋਦੀ ਜੀ ਨੇ ਵਾਰਾਣਸੀ ਦੇ ਅੱਠ ਪਿੰਡਾਂ ਨੂੰ 'ਸੰਸਦ ਆਦਰਸ਼ ਗ੍ਰਾਮ ਯੋਜਨਾ' ਤਹਿਤ ਵਿਕਸਤ ਕਰਨ ਲਈ ਗੋਦ ਲਿਆ ਸੀ, ਜਿਥੇ ਗਰੀਬਾਂ, ਖਾਸ ਕਰਕੇ ਦਲਿਤ ਅਤੇ ਪੱਛੜੇ ਸਮਾਜ ਨੂੰ ਅਜੇ ਤਕ ਪੱਕੇ ਮਕਾਨ ਨਹੀਂ ਮਿਲੇ ਹਨ। ਕੁੱਝ ਘਰ ਹਨ, ਉਨ੍ਹਾਂ ਕੋਲ ਪਾਣੀ ਜਾਂ ਟੂਟੀਆਂ ਨਹੀਂ ਹਨ। ਉਨ੍ਹਾਂ ਦਾਅਵਾ ਕੀਤਾ, “ਜਯਾਪੁਰ ਮੋਦੀ ਜੀ ਵੱਲੋਂ ਗੋਦ ਲਿਆ ਗਿਆ ਪਹਿਲਾ ਪਿੰਡ ਹੈ। ਉੱਥੇ ਬਹੁਤ ਸਾਰੇ ਦਲਿਤਾਂ ਕੋਲ ਘਰ ਅਤੇ ਕਾਰਜਸ਼ੀਲ ਪਖਾਨੇ ਨਹੀਂ ਹਨ। ਨਾਗੇਪੁਰ ਪਿੰਡ ਵਿਚ ਵੀ ਅਜਿਹੀ ਹੀ ਸਥਿਤੀ ਹੈ ਅਤੇ ਇਸ ਤੋਂ ਇਲਾਵਾ ਸੜਕਾਂ ਦੀ ਹਾਲਤ ਵੀ ਖਰਾਬ ਹੈ। ਪਰਮਪੁਰ ਵਿਚ, ਪੂਰੇ ਪਿੰਡ ਵਿਚ ਟੂਟੀਆਂ ਹਨ ਪਰ ਉਨ੍ਹਾਂ ਟੂਟੀਆਂ ਵਿਚ ਪਾਣੀ ਨਹੀਂ ਹੈ। ਪੂਰੇ ਪਿੰਡ ਵਿਚ ਪਿਛਲੇ ਦੋ ਮਹੀਨਿਆਂ ਤੋਂ ਪਾਣੀ ਦੀ ਸਪਲਾਈ ਨਹੀਂ ਸੀ। ਬਹੁਤ ਸਾਰੇ ਦਲਿਤ ਅਤੇ ਯਾਦਵ ਉੱਥੇ ਕੱਚੇ ਘਰਾਂ ਵਿਚ ਰਹਿੰਦੇ ਹਨ। ਉਨ੍ਹਾਂ ਕਿਹਾ ਮੋਦੀ ਜੀ ਨੂੰ ਮੀਡੀਆ ਪ੍ਰਬੰਧਨ ਤੋਂ ਬਾਹਰ ਹੋ ਜਾਣਾ ਚਾਹੀਦਾ ਹੈ। ਜਨਤਾ ਸਭ ਜਾਣਦੀ ਹੈ।