ਕਾਂਗਰਸ ਨੇ ਲੋਕ ਸਭਾ ਚੋਣਾਂ 2024 ਲਈ ਪੰਜ ‘ਨਿਆਂ’ ​​ਅਤੇ 25 ‘ਗਾਰੰਟੀਆਂ’ ‘ਤੇ ਆਧਾਰਿਤ ਚੋਣ ਮਨੋਰਥ ਪੱਤਰ ਕੀਤਾ ਜਾਰੀ,

ਨਵੀਂ ਦਿੱਲੀ, 5 ਅਪ੍ਰੈਲ : ਕਾਂਗਰਸ ਨੇ ਅੱਜ ਲੋਕ ਸਭਾ ਚੋਣਾਂ ਲਈ ਆਪਣਾ ਮੈਨੀਫੈਸਟੋ ਜਾਰੀ ਕੀਤਾ ਜੋ ਪੰਜ ‘ਨਿਆਂ’ ​​ਅਤੇ 25 ‘ਗਾਰੰਟੀਆਂ’ ‘ਤੇ ਆਧਾਰਿਤ ਹੈ। ਪਾਰਟੀ ਨੇ ਇਸ ਦਾ ਨਾਂ ‘ਨਿਆਏ ਪੱਤਰ’ ਰੱਖਿਆ ਹੈ। ਇਹ ਚੋਣ ਮਨੋਰਥ ਪੱਤਰ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ, ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਮੌਜੂਦਗੀ ਵਿੱਚ ਕਾਂਗਰਸ ਦੇ ਮੁੱਖ ਦਫ਼ਤਰ ਵਿੱਚ ਜਾਰੀ ਕੀਤਾ ਗਿਆ। ਇਸ ਮੌਕੇ ਕਾਂਗਰਸ ਸੰਗਠਨ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਪਾਰਟੀ ਮੈਨੀਫੈਸਟੋ ਕਮੇਟੀ ਦੇ ਮੁਖੀ ਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਸਮੇਤ ਕਈ ਹੋਰ ਸੀਨੀਅਰ ਆਗੂ ਮੌਜੂਦ ਸਨ। ਇਸ ਵਿੱਚ ਲੋਕਾਂ ਨੂੰ ਧਰਮ, ਭਾਸ਼ਾ, ਜਾਤ ਤੋਂ ਉਪਰ ਉੱਠ ਕੇ ਸਮਝਦਾਰੀ ਨਾਲ ਚੋਣ ਕਰਨ ਅਤੇ ਲੋਕਤੰਤਰੀ ਸਰਕਾਰ ਬਣਾਉਣ ਦੀ ਅਪੀਲ ਕੀਤੀ। ਕਾਂਗਰਸ ਦੇਸ਼ ਵਿਆਪੀ ਸਮਾਜਿਕ-ਆਰਥਿਕ ਅਤੇ ਜਾਤੀ ਜਨਗਣਨਾ ਕਰਵਾਉਣ ਦਾ ਵਾਅਦਾ ਕੀਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਕਾਂਗਰਸ ਗਾਰੰਟੀ ਦਿੰਦੀ ਹੈ ਕਿ ਉਹ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ ਲਈ ਰਾਖਵੇਂਕਰਨ ਦੀ ਹੱਦ 50 ਫੀਸਦੀ ਤੋਂ ਵਧਾਉਣ ਲਈ ਸੰਵਿਧਾਨਕ ਸੋਧ ਪਾਸ ਕਰੇਗੀ। ਇਸ ਵਿੱਚ ਵਾਅਦਾ ਕੀਤਾ ਗਿਆ ਹੈ ਕਿ ਆਰਥਿਕ ਤੌਰ ‘ਤੇ ਕਮਜ਼ੋਰ ਵਰਗ (ਈਡਬਲਿਊਐੱਸ) ਲਈ ਨੌਕਰੀਆਂ, ਵਿਦਿਅਕ ਸੰਸਥਾਵਾਂ ਵਿੱਚ 10 ਪ੍ਰਤੀਸ਼ਤ ਕੋਟਾ ਸਾਰੀਆਂ ਜਾਤਾਂ, ਭਾਈਚਾਰਿਆਂ ਲਈ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤਾ ਜਾਵੇਗਾ। ਇਸ ਦੇ ਨਾਲ ਪਾਰਟੀ ਨੇ ਕੇਂਦਰ ਸਰਕਾਰ ਦੀਆਂ ਵੱਖ ਵੱਖ ਖਾਲ੍ਹੀ 30 ਲੱਖ ਆਸਾਮੀਆਂ ਭਰਨ ਦਾ ਵਾਅਦਾ ਕੀਤਾ। ਮੈਨੀਫੈਸਟੋ ਬਾਰੇ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਨੇ ਕਿਹਾ ਕਿ ਇਸ ਵਿਚ ਸਭ ਤੋਂ ਵੱਡੀ ਗੱਲ ਨਿਆਂ ਹੈ। ਪਿਛਲੇ 10 ਸਾਲਾਂ ਵਿਚ ਤੇ ਖਾਸ ਕਰਕੇ ਪਿਛਲੇ 5 ਸਾਲਾਂ ਵਿਚ ਦੇਸ਼ 'ਚ ਬਹੁਤ ਅਨਿਆਂ ਹੋਇਆ ਹੈ। ਮੈਨੀਫੈਸਟੋ ਵਿਚ 30 ਲੱਖ ਸਰਕਾਰੀ ਨੌਕਰੀਆਂ ਦੇਣ ਦਾ ਵੀ ਵਾਅਦਾ ਕੀਤਾ ਗਿਆ ਹੈ।  ਕਾਂਗਰਸ ਦੇ ਚੋਣ ਮਨੋਰਥ ਪੱਤਰ ਦੀਆਂ ਵੱਡੀਆਂ ਗੱਲਾਂ ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ (ਕਾਂਗਰਸ ਮੈਨੀਫੈਸਟੋ 2024) ਵਿਚ ਜੋ ਸਭ ਤੋਂ ਵੱਡਾ ਵਾਅਦਾ ਕੀਤਾ ਹੈ, ਉਹ ਹੈ ਰਿਜ਼ਰਵੇਸ਼ਨ ਸੀਮਾ ਨੂੰ ਖਤਮ ਕਰ ਕੇ ਰਾਖਵਾਂਕਰਨ ਕੋਟਾ ਵਧਾਉਣਾ।

  • ਪਾਰਟੀ ਨੇ ਔਰਤਾਂ ਲਈ ਦੋ ਵੱਡੇ ਵਾਅਦੇ ਕੀਤੇ ਹਨ। ਪਹਿਲਾਂ ਸਰਕਾਰੀ ਨੌਕਰੀਆਂ ਵਿਚ ਔਰਤਾਂ ਲਈ 50 ਫੀਸਦੀ ਰਾਖਵਾਂਕਰਨ ਤੇ ਗ਼ਰੀਬ ਲੜਕੀਆਂ ਨੂੰ 1 ਲੱਖ ਰੁਪਏ ਸਾਲਾਨਾ ਸਹਾਇਤਾ ਦੇਣ ਦਾ ਵਾਅਦਾ ਕੀਤਾ ਗਿਆ ਹੈ।
  • ਨੌਜਵਾਨਾਂ ਲਈ ਵੱਡਾ ਵਾਅਦਾ ਕਰਦਿਆਂ ਮੈਨੀਫੈਸਟੋ ਵਿਚ ਕਿਹਾ ਗਿਆ ਹੈ ਕਿ ਸਰਕਾਰ ਉਨ੍ਹਾਂ ਨੂੰ ਗ੍ਰੈਜੂਏਸ਼ਨ ਤੋਂ ਬਾਅਦ ਉਨ੍ਹਾਂ ਨੂੰ ਪਹਿਲੀ ਨੌਕਰੀ ਦਿਵਾਏਗੀ। ਉੱਥੇ ਹੀ ਨੌਜਵਾਨਾਂ ਨੂੰ 30 ਲੱਖ ਸਰਕਾਰੀ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਗਿਆ ਹੈ।
  • ਪਾਰਟੀ ਨੇ 10 ਨਿਆਂ ਦਾ ਵਾਅਦਾ ਕੀਤਾ ਹੈ। ਇਸ ਵਿਚ ਹਿੱਸੇਦਾਰੀ ਨਿਆਂ, ਯੁਵਾ ਨਿਆਂ, ਨਾਰੀ ਨਿਆਂ, ਕਿਸਾਨ ਨਿਆਂ, ਮਜ਼ਦੂਰ ਨਿਆਂ, ਸੰਵਿਧਾਨਕ ਨਿਆਂ, ਆਰਥਿਕ ਨਿਆਂ, ਰਾਜ ਨਿਆਂ, ਰੱਖਿਆ ਨਿਆਂ, ਵਾਤਾਵਰਨ ਨਿਆਂ ਸ਼ਾਮਲ ਹਨ।
  • ਪੱਤਰ ਵਿੱਚ ਘੱਟੋ-ਘੱਟ ਉਜਰਤ 400 ਰੁਪਏ ਕਰਨ ਦਾ ਵਾਅਦਾ ਕੀਤਾ ਗਿਆ ਹੈ।
  • ਕਾਂਗਰਸ ਨੇ ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ 'ਤੇ ਕਾਨੂੰਨ ਬਣਾਉਣ ਦਾ ਵਾਅਦਾ ਕੀਤਾ ਹੈ।
  • ਕਾਂਗਰਸ ਨੇ ਸਿਹਤ ਨੂੰ ਲੈ ਕੇ ਵੀ ਵੱਡੀ ਗਾਰੰਟੀ ਦਿੱਤੀ ਹੈ। ਪਾਰਟੀ ਨੇ ਸਾਰੇ ਲੋਕਾਂ ਨੂੰ 25 ਲੱਖ ਰੁਪਏ ਦਾ ਸਿਹਤ ਬੀਮਾ ਦੇਣ ਦੀ ਗੱਲ ਕੀਤੀ ਹੈ।
  • SC, ST ਅਤੇ OBC ਲਈ ਰਾਖਵੀਆਂ ਅਸਾਮੀਆਂ ਇਕ ਸਾਲ ਵਿਚ ਭਰਨ ਦਾ ਵਾਅਦਾ।
  • ਗਰੀਬਾਂ ਖ਼ਾਸ ਕਰਕੇ ਐੱਸਸੀ ਤੇ ਐੱਸਟੀ ਵਿਦਿਆਰਥੀਆਂ ਲਈ ਰਿਹਾਇਸ਼ੀ ਸਕੂਲਾਂ ਦਾ ਵੱਡਾ ਨੈਟਵਰਕ ਸਥਾਪਤ ਕੀਤਾ ਜਾਵੇਗਾ ਅਤੇ ਇਸ ਦਾ ਵਿਸਥਾਰ ਹਰ ਬਲਾਕ ਤਕ ਹੋਵੇਗਾ।
  • ਪਾਰਟੀ ਨੇ ਇਸ ਚੋਣ ਮਨੋਰਥ ਪੱਤਰ ਵਿਚ ਜਾਤੀ ਜਨਗਣਨਾ ਕਰਵਾਉਣ ਦੇ ਆਪਣੇ ਵਾਅਦੇ ਨੂੰ ਮੁੜ ਦੁਹਰਾਇਆ ਹੈ।

ਸਾਡਾ ਨੌਕਰੀਆਂ 'ਤੇ ਹੈ ਧਿਆਨ : ਚਿਦੰਬਰਮ  
ਚੋਣ ਮਨੋਰਥ ਪੱਤਰ ਜਾਰੀ ਹੋਣ ਤੋਂ ਬਾਅਦ ਕਾਂਗਰਸ ਨੇਤਾ ਪੀ ਚਿਦੰਬਰਮ ਨੇ ਭਾਜਪਾ 'ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਮਹਿੰਗਾਈ ਵਧ ਰਹੀ ਹੈ ਅਤੇ ਨੌਕਰੀਆਂ 'ਚ ਵਾਧਾ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਅਸੀਂ ਵਾਅਦਾ ਕਰਦੇ ਹਾਂ ਕਿ ਅਸੀਂ ਦੇਸ਼ ਵਿਚ ਰੁਜ਼ਗਾਰ ਦੇ ਮੌਕੇ ਵਧਾਉਣ ਲਈ ਕਦਮ ਚੁੱਕਾਂਗੇ।