ਕੁੱਲੂ ‘ਚ ਫਟਿਆ ਬੱਦਲ, ਦਰਜ਼ਨ ਤੋਂ ਵੱਧ ਘਰ ਪਾਣੀ ਵਹਿ ਗਏ, ਹੁਣ ਤੱਕ 44 ਲੋਕਾਂ ਦੀ ਮੌਤ

ਕੁੱਲੂ, 25 ਜੁਲਾਈ : ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ ਦਿਨਾਂ ਤੋਂ ਹੋ ਰਹੇ ਭਾਰੀ ਮੀਂਹ ਅਤੇ ਵੱਖ ਵੱਖ ਥਾਵਾਂ ਤੇ ਬੱਦਲ ਫਟਣ ਨਾਲ ਜਮੀਨ ਖਿਸਕਣ ਕਾਰਨ ਜਿੱਥੇ ਕਰੋੜਾਂ ਦਾ ਭਾਰੀ ਨੁਕਸਾਨ ਹੋਇਆ ਹੈ, ਉੱਥੇ ਹੁਣ ਤੱਕ  44 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਿਮਾਚਲ ਦੇ ਜਿਆਦਾਤਰ ਰਸਤੇ ਬੁਰੀ ਤਰ੍ਹਾਂ ਨੁਕਸਾਨੇ ਜਾ ਚੁੱਕੇ ਹਨ। ਅੱਜ ਸਵੇਰੇ ਕੁੱਲੂ ਜਿਲ੍ਹੇ ਦੇ ਗਡਸਾ ਘਾਟੀ ‘ਚ ਤਕਰੀਬਨ ਸਵੇਰੇ 4-00 ਵਜੇ ਬੱਦਲ ਫਟਣ ਕਾਰਨ ਤਬਾਹੀ ਮੱਚ ਗਈ। ਬੱਦਲ ਫਟਣ ਕਾਰਨ ਜਿੱਥੇ ਇੱਕ ਦਰਜ਼ਨ ਤੋਂ ਵਧੇਰੇ ਘਰ ਵਹਿ ਗਏ, ਉੱਥੇ ਗਡਸਾ ਵਿੱਚ ਪਾਣੀ ਦਾ ਪੱਧਰ ਵੀ ਵੱਧ ਗਿਆ ਹੈ। ਸੜਕਾਂ ਬੁਰੀ ਤਰਾਂ ਨੁਕਸਾਨੀਆਂ ਹੋਣ ਦੇ ਕਾਰਨ ਸਥਾਨਕ ਲੋਕਾਂ ਦਾ ਜਿਲ੍ਹਾ ਹੈਡਕੁਆਟਰ ਨਾਲੋਂ ਸੰਪਰਕ ਵੀ ਟੁੱਟ ਗਿਆ ਹੈ। 2 ਪੁਲ ਅਤੇ ਕੁਝ ਮਵੇਸ਼ੀਆਂ ਦੇ ਵੀ ਹੜ੍ਹ 'ਚ ਵਹਿਣ ਦੀ ਸੂਚਨਾ ਹੈ। ਉੱਥੇ ਹੀ ਮੌਸਮ ਵਿਗਿਆਨ ਕੇਂਦਰ ਨੇ ਅਗਲੇ 4 ਦਿਨਾਂ ਦੇ ਤੇਜ਼ ਬਾਰਿਸ਼ ਦਾ ਅਲਰਟ ਦੇ ਰੱਖਿਆ ਹੈ। ਤਾਜ਼ਾ ਬੁਲੇਟਿਨ 'ਚ ਓਰੈਂਜ ਅਲਰਟ ਕੀਤਾ ਗਿਆ ਹੈ। ਇਸ ਦੌਰਾਨ ਕੁਝ ਥਾਵਾਂ 'ਤੇ ਭਾਰੀ ਬਾਰਿਸ਼ ਅਤੇ ਬੱਦਲ ਫਟਣ ਵਰਗੀਆਂ ਘਟਨਾਵਾਂ ਹੋ ਸਕਦੀਆਂ ਹਨ। ਪ੍ਰਦੇਸ਼ 'ਚ ਹੁਣ ਤੱਕ ਭਾਰੀ ਮੀਂਹ ਨਾਲ ਜਾਨ ਅਤੇ ਮਾਲ ਦੋਹਾਂ ਦਾ ਰਿਕਾਰਡ ਨੁਕਸਾਨ ਹੋਇਆ ਹੈ। 24 ਜੂਨ ਤੋਂ ਹੁਣ ਤੱਕ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਲਪੇਟ 'ਚ ਆਉਣ ਨਾਲ 44 ਲੋਕਾਂ ਦੀ ਜਾਨ ਜਾ ਚੁੱਕੀ ਹੈ। 42 ਲੋਕਾਂ ਦੀ ਮੌਤ 7 ਤੋਂ 11 ਜੁਲਾਈ ਦਰਮਿਆਨ ਹੋਈ ਭਾਰੀ ਬਾਰਿਸ਼ ਦੌਰਾਨ ਗਈ। ਕੁੱਲੂ ਅਤੇ ਮੰਡੀ ਜ਼ਿਲ੍ਹੇ 'ਚ ਸਭ ਤੋਂ ਜ਼ਿਆਦਾ ਤਬਾਹੀ ਮਚੀ ਹੈ। ਪ੍ਰਦੇਸ਼ 'ਚ 5116 ਕਰੋੜ ਰੁਪਏ ਦੀ ਨਿੱਜੀ ਅਤੇ ਸਰਕਾਰੀ ਜਾਇਦਾਦ ਮੀਂਹ ਦੀ ਭੇਟ ਚੜ੍ਹ ਚੁੱਕੀ ਹੈ।