ਕੇਂਦਰ ਸਰਕਾਰ ਵੱਲੋਂ ਖਾਲਿਸਤਾਨ ਸਮਰਥਕ 6 ਯੂਟਿਊਬ ਚੈਨਲਾਂ ਨੂੰ ਕੀਤਾ ਬਲੌਕ

ਨਵੀਂ ਦਿੱਲੀ, 10 ਮਾਰਚ : ਕੇਂਦਰ ਸਰਕਾਰ ਵੱਲੋਂ 6 ਯੂਟਿਊਬ ਚੈਨਲਾਂ ਨੂੰ ਬਲੌਕ ਕੀਤਾ ਗਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ  ਇਹ ਚੈਨਲ ਖਾਲਿਸਤਾਨ ਸਮਰਥਕ ਕੰਟੇਂਟ ਨੂੰ ਵਧਾਵਾ ਦੇ ਰਹੇ ਸਨ। ਉਨ੍ਹਾਂ ਕਿਹਾ ਕਿ, ‘ਕਥਿਤ ਤੌਰ ਉਤੇ ਖਾਲਿਸਤਾਨ ਸਮਰਥਕ ਭਾਵਨਾਵਾਂ ਨੂੰ ਵਧਾਵਾ ਦੇਣ ਵਾਲੇ ਘੱਟੋ ਘੱਟ 6 ਯੂਟਿਊਬ ਚੈਨਲਾਂ ਨੂੰ ਸਰਕਾਰ ਦੇ ਕਹਿਣ ਉਤੇ ਬਲੌਕ ਕੀਤਾ ਗਿਆ ਹੈ। ਸੂਚਨਾ ਤੇ ਪ੍ਰਸਾਰਣ ਸਕੱਤਰ ਅਪੂਰਵਾ ਚੰਦਰ ਨੇ ਕਿਹਾ ਕਿ ਪਿਛਲੇ 10 ਦਿਨਾ ਵਿੱਚ ਵਿਦੇਸ਼ਾਂ ਤੋਂ ਚਲਦੇ 6 ਤੋਂ ਅੱਠ ਯੂਟਿਊਬ ਚੈਨਲ ਬਲੌਕ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਪੰਜਾਬੀ ਭਾਸ਼ਾ ਵਿੱਚ ਵੀਡੀਓ ਬਣਾਉਣ ਵਾਲੇ ਚੈਨਲ ਸਰਹੱਦੀ ਸੂਬੇ ਵਿੱਚ ਪ੍ਰੇਸ਼ਾਨੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸਰਕਾਰ ਵੱਲੋਂ ਇਹ ਕਾਰਵਾਈ ਖਾਲਿਸਤਾਨ ਸਮਰਥਕ ਅਮ੍ਰਿਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਅਜਨਾਲਾ ਥਾਣੇ ਵਿੱਚ ਕੀਤੀ ਗਈ ਘਟਨਾ ਤੋਂ ਬਾਅਦ ਸਾਹਮਣੇ ਆਈ ਹੈ।