ਕੇਂਦਰ ਸਰਕਾਰ ਦਾ ਐਲਾਨ, ਦੇਸ਼ ਦੀਆਂ 75 ਲੱਖ ਔਰਤਾਂ ਨੂੰ ਨਵੇਂ ਮੁਫ਼ਤ ਐਲਪੀਜੀ ਕੁਨੈਕਸ਼ਨ ਵੰਡੇ ਜਾਣਗੇ।

ਨਵੀਂ ਦਿੱਲੀ, 13 ਸਤੰਬਰ : ਕੇਂਦਰ ਦੀ ਮੋਦੀ ਸਰਕਾਰ ਨੇ ਦੇਸ਼ ਦੀਆਂ 75 ਲੱਖ ਔਰਤਾਂ ਲਈ ਵੱਡਾ ਐਲਾਨ ਕੀਤਾ ਹੈ। ਉੱਜਵਲਾ ਯੋਜਨਾ ਦੇ ਦੂਜੇ ਪੜਾਅ ਨੂੰ ਬੁੱਧਵਾਰ ਨੂੰ ਕੈਬਨਿਟ ਦੀ ਬੈਠਕ ‘ਚ ਮਨਜ਼ੂਰੀ ਦਿੱਤੀ ਗਈ। ਇਸ ਤਹਿਤ 75 ਲੱਖ ਨਵੇਂ ਮੁਫ਼ਤ ਐਲਪੀਜੀ ਕੁਨੈਕਸ਼ਨ ਵੰਡੇ ਜਾਣਗੇ। ਇਸ ਵੇਲੇ 9.60 ਕਰੋੜ ਔਰਤਾਂ ਉੱਜਵਲਾ ਯੋਜਨਾ ਦਾ ਲਾਭ ਲੈ ਰਹੀਆਂ ਹਨ। ਨਵੇਂ ਮੁਫ਼ਤ ਐਲਪੀਜੀ ਕੁਨੈਕਸ਼ਨਾਂ ਦੀ ਵੰਡ ਤੋਂ ਬਾਅਦ ਇਨ੍ਹਾਂ ਦੀ ਗਿਣਤੀ 10 ਕਰੋੜ ਨੂੰ ਪਾਰ ਕਰ ਜਾਵੇਗੀ। ਉੱਜਵਲਾ ਯੋਜਨਾ ਮੋਦੀ ਸਰਕਾਰ ਦੀਆਂ ਪ੍ਰਮੁੱਖ ਯੋਜਨਾਵਾਂ ਵਿੱਚੋਂ ਇੱਕ ਹੈ। ਕੇਂਦਰ ਸਰਕਾਰ ਨੇ ਦੇਸ਼ ਭਰ ਵਿੱਚ ਪਛੜੇ ਅਤੇ ਗਰੀਬ ਵਰਗ ਦੀਆਂ ਔਰਤਾਂ ਨੂੰ ਸਾਫ਼-ਸੁਥਰਾ ਖਾਣਾ ਪਕਾਉਣ ਦਾ ਬਾਲਣ ਮੁਹੱਈਆ ਕਰਵਾਉਣ ਲਈ ਇਹ ਯੋਜਨਾ ਸ਼ੁਰੂ ਕੀਤੀ ਸੀ। ਹਾਲ ਹੀ ‘ਚ ਰੱਖੜੀ ਦੇ ਮੌਕੇ ‘ਤੇ ਸਰਕਾਰ ਨੇ ਦੇਸ਼ ਭਰ ‘ਚ LPG ਸਿਲੰਡਰ ‘ਤੇ 200 ਰੁਪਏ ਦੀ ਸਬਸਿਡੀ ਦੇਣ ਦਾ ਐਲਾਨ ਕੀਤਾ ਸੀ। ਉੱਜਵਲਾ ਸਕੀਮ ਦੇ ਲਾਭਪਾਤਰੀਆਂ ਲਈ ਇਹ ਛੋਟ ਕੁੱਲ 400 ਰੁਪਏ ਕਰ ਦਿੱਤੀ ਗਈ ਹੈ। ਮੋਦੀ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਹ 75 ਲੱਖ ਕੁਨੈਕਸ਼ਨ ਅਗਲੇ 3 ਸਾਲਾਂ ‘ਚ ਵੰਡੇ ਜਾਣਗੇ। ਉੱਜਵਲਾ ਯੋਜਨਾ ਦੇ ਤਹਿਤ ਸਰਕਾਰ ਮੁਫਤ ਐਲਪੀਜੀ ਗੈਸ ਸਿਲੰਡਰ ਕੁਨੈਕਸ਼ਨ ‘ਤੇ ਹਰੇਕ ਕੁਨੈਕਸ਼ਨ ਲਈ 2200 ਰੁਪਏ ਦੀ ਸਬਸਿਡੀ ਦੇਵੇਗੀ। ਇਸ ’ਤੇ ਸਰਕਾਰੀ ਖ਼ਜ਼ਾਨੇ ਵਿੱਚੋਂ ਕਰੀਬ 1650 ਕਰੋੜ ਰੁਪਏ ਖਰਚ ਕੀਤੇ ਜਾਣਗੇ। ਪੈਟਰੋਲੀਅਮ ਕੰਪਨੀਆਂ ਪਹਿਲਾ ਸਿਲੰਡਰ ਮੁਫਤ ਭਰਨ ਦਾ ਸਾਰਾ ਖਰਚਾ ਸਹਿਣ ਕਰਨਗੀਆਂ ਅਤੇ ਮੁਫਤ ਗੈਸ ਚੁੱਲ੍ਹਾ ਵੀ ਮੁਹੱਈਆ ਕਰਵਾਉਣਗੀਆਂ। ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਉੱਜਵਲਾ ਯੋਜਨਾ ਦੇ ਵਿਸਤਾਰ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਸ ਦਾ ਲਾਭ ਜ਼ਿਆਦਾਤਰ ਉਨ੍ਹਾਂ ਔਰਤਾਂ ਨੂੰ ਮਿਲੇਗਾ ਜੋ ਇਸ ਸਮੇਂ ਕੋਲੇ ਦੀ ਅੰਗੀਟੀ ਜਾਂ ਲੱਕੜ ਦੇ ਚੁੱਲ੍ਹੇ ‘ਤੇ ਖਾਣਾ ਬਣਾਉਂਦੀਆਂ ਹਨ। ਇਸ ਨਾਲ ਉਨ੍ਹਾਂ ਨੂੰ ਧੂੰਏਂ ਤੋਂ ਛੁਟਕਾਰਾ ਮਿਲੇਗਾ ਜੋ ਉਨ੍ਹਾਂ ਦੀ ਸਿਹਤ ਲਈ ਫਾਇਦੇਮੰਦ ਹੋਵੇਗਾ। ਇਹ ਫੈਸਲਾ ਵਾਤਾਵਰਣ ਦੇ ਨਜ਼ਰੀਏ ਤੋਂ ਵੀ ਬਹੁਤ ਲਾਹੇਵੰਦ ਹੋਵੇਗਾ। ਮੋਦੀ ਸਰਕਾਰ ਨੇ 2016 ‘ਚ ਉੱਜਵਲਾ ਯੋਜਨਾ ਸ਼ੁਰੂ ਕੀਤੀ ਸੀ। ਫਿਰ 5 ਕਰੋੜ ਔਰਤਾਂ ਨੂੰ ਮੁਫਤ ਗੈਸ ਕੁਨੈਕਸ਼ਨ ਦੇਣ ਦਾ ਟੀਚਾ ਰੱਖਿਆ ਗਿਆ ਸੀ। ਬਾਅਦ ਵਿੱਚ ਇਹ ਟੀਚਾ ਵਧਾ ਕੇ 8 ਕਰੋੜ ਕਰ ​​ਦਿੱਤਾ ਗਿਆ। ਇਸ ਯੋਜਨਾ ਤਹਿਤ ਗਰੀਬ ਔਰਤਾਂ ਨੂੰ ਮੁਫਤ ਗੈਸ ਕੁਨੈਕਸ਼ਨ ਦੇ ਨਾਲ-ਨਾਲ ਸਬਸਿਡੀ ਵਾਲੇ ਦਰਾਂ ‘ਤੇ ਸਿਲੰਡਰ ਭਰਨ ਦਾ ਲਾਭ ਮਿਲਦਾ ਹੈ।