ਏਟਾ 'ਚ ਕਾਰ ਡਿਵਾਈਡਰ ਨਾਲ ਟਕਰਾਈ, 2 ਬੱਚਿਆਂ ਸਮੇਤ 4 ਲੋਕਾਂ ਦੀ ਮੌਤ 

ਏਟਾ, 18 ਅਪ੍ਰੈਲ : ਉੱਤਰ ਪ੍ਰਦੇਸ਼ ਦੇ ਏਟਾ ਜ਼ਿਲੇ ਦੇ ਪਿਲੁਆ ਥਾਣਾ ਖੇਤਰ 'ਚ ਕਾਰ ਡਿਵਾਈਡਰ ਨਾਲ ਟਕਰਾ ਗਈ। ਇਸ ਹਾਦਸੇ ਵਿੱਚ 2 ਬੱਚਿਆਂ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਸ਼ਨੀਵਾਰ ਨੂੰ ਵਿਆਹ ਵਾਲੇ ਨੌਜਵਾਨ ਦੀ ਵੀ ਹਾਦਸੇ 'ਚ ਮੌਤ ਹੋ ਗਈ। ਹਾਦਸੇ 'ਚ 5 ਲੋਕ ਜ਼ਖ਼ਮੀ ਹੋਏ ਹਨ, ਸਾਰਿਆਂ ਨੂੰ ਮੈਡੀਕਲ ਕਾਲਜ 'ਚ ਦਾਖ਼ਲ ਕਰਵਾਇਆ ਗਿਆ ਹੈ। ਸਾਰੇ ਮ੍ਰਿਤਕ ਅਤੇ ਜ਼ਖ਼ਮੀ ਮੈਨਪੁਰੀ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਸਵੇਰੇ ਦਿੱਲੀ ਤੋਂ ਆ ਰਹੀ ਕਾਰ ਸੁੰਨਾ ਨਹਿਰ ਪੁਲ ਨੇੜੇ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ। ਹਾਦਸੇ 'ਚ ਕੁਲਦੀਪ ਵਾਸੀ ਬਯੋਤੀ ਕਲਾ ਥਾਣਾ ਇਲਾਊ ਜ਼ਿਲ੍ਹਾ ਮੈਨਪੁਰੀ, ਗੁਲਸ਼ਨ ਵਾਸੀ ਪਿੰਡ ਸੱਥਣੀ ਦਲੀਲਪੁਰ ਜ਼ਿਲ੍ਹਾ ਮੈਨਪੁਰੀ, ਨਿਤਿਆ (1) ਅਤੇ  ਆਰਾਧਿਆ (5) ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ 'ਚ ਕੁਲਦੀਪ ਦਾ ਭਰਾ ਰਵੀ ਅਤੇ ਉਸ ਦਾ ਬੇਟਾ ਆਦਿਤਿਆ ਅਤੇ ਪਰਿਵਾਰਕ ਮੈਂਬਰ ਰੰਜਨਾ ਅਤੇ ਸਤੇਂਦਰ ਅਤੇ ਵਿਸ਼ਨੂੰ ਵਾਸੀ ਮੈਨਪੁਰੀ, ਸ਼ਹਿਜ਼ਾਦਪੁਰ ਥਾਣਾ ਓਂਚਾ ਜ਼ਿਲਾ ਜ਼ਖ਼ਮੀ ਹੋ ਗਏ। ਸਾਰਿਆਂ ਨੂੰ ਮੈਡੀਕਲ ਕਾਲਜ ਲਿਆਂਦਾ ਗਿਆ। ਜਿੱਥੋਂ ਦੋ ਨੂੰ ਆਗਰਾ ਰੈਫਰ ਕਰ ਦਿੱਤਾ ਗਿਆ ਹੈ। ਦੱਸਿਆ ਗਿਆ ਹੈ ਕਿ ਸ਼ਨੀਵਾਰ ਨੂੰ ਕੁਲਦੀਪ ਦਾ ਵਿਆਹ ਹੋਣ ਵਾਲਾ ਸੀ। ਵਿਆਹ ਵਾਲੇ ਘਰ ਵਿੱਚ ਹਫ਼ੜਾ-ਦਫ਼ੜੀ ਮਚ ਗਈ। ਰਵੀ ਅਤੇ ਕੁਲਦੀਪ ਸਕੇ ਭਰਾ ਹਨ। ਨਿਤਿਆ ਅਤੇ ਆਰਾਧਿਆ ਰਵੀ ਦੀਆਂ ਬੇਟੀਆਂ ਹਨ। ਸਾਰੇ ਦਿੱਲੀ ਤੋਂ ਆ ਰਹੇ ਸਨ। ਸੂਚਨਾ ਮਿਲਦੇ ਹੀ ਮੈਨਪੁਰੀ ਦੇ ਕਈ ਲੋਕ ਮੈਡੀਕਲ ਕਾਲਜ ਪੁੱਜੇ। ਘਟਨਾ ਦਾ ਕਾਰਨ ਡਰਾਈਵਰ ਨੂੰ ਨੀਂਦ ਆਉਣਾ ਦੱਸਿਆ ਜਾ ਰਿਹਾ ਹੈ।